ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੀਤਾ ਇਸ਼ਾਰਾ, ਇਸ ਵਾਰ ਵੱਡੇ ਪੱਧਰ ’ਤੇ ਹੋਵੇਗਾ ਕਿਸਾਨ ਅੰਦੋਲਨ
ਟਿਕੈਤ ਨੇ ਕਿਹਾ ਹਾਲ ਦੀ ਘੜੀ ਸਿੰਘੂ ਬਾਰਡਰ ’ਤੇ ਜਾਣ ਦੀ ਕੋਈ ਯੋਜਨਾ ਨਹੀਂ ਹੈ ਪਰ ਫੇਰ ਵੀ ਕਿਸਾਨ ਇੱਕ ਵਾਰ ਫੇਰ ਵੱਡੇ ਅੰਦੋਲਨ ਲਈ ਤਿਆਰ ਰਹਿਣ।
ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਸ਼ਨੀਵਾਰ ਨੂੰ ਜਲੰਧਰ ਪੁੱਜੇ, ਜਿੱਥੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕਿਸਾਨਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।
ਸਮਾਂ ਆਉਣ ’ਤੇ ਅੰਦੋਲਨ ਬਾਰੇ ਦੱਸ ਦਿੱਤਾ ਜਾਵੇਗਾ: ਟਿਕੈਤ
ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਸਰਕਾਰ ਬੇਈਮਾਨ ਹੋ ਗਈ ਹੈ ਤੇ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ, ਟਿਕੈਤ ਨੇ ਕਿਹਾ ਹਾਲ ਦੀ ਘੜੀ ਸਿੰਘੂ ਬਾਰਡਰ ’ਤੇ ਜਾਣ ਦੀ ਕੋਈ ਯੋਜਨਾ ਨਹੀਂ ਹੈ ਪਰ ਫੇਰ ਵੀ ਕਿਸਾਨ ਇੱਕ ਵਾਰ ਫੇਰ ਵੱਡੇ ਅੰਦੋਲਨ ਲਈ ਤਿਆਰ ਰਹਿਣ। ਸਮਾਂ ਆਉਣ ’ਤੇ ਸਥਾਨ ਦੱਸ ਦਿੱਤਾ ਜਾਵੇਗਾ।
ਇਸ ਵਾਰ ਸਮਾਜ ਦਾ ਹਰ ਵਰਗ ਅੰਦੋਲਨ ’ਚ ਭਾਗ ਲਏਗਾ: ਟਿਕੈਤ
ਟਿਕੈਤ ਨੇ ਕਿਹਾ ਇਸ ਵਾਰ ਇੱਕਲੇ ਕਿਸਾਨ ਨਹੀਂ ਬਲਕਿ ਦੁਕਾਨਦਾਰ ਅਤੇ ਨੌਜਵਾਨਾਂ ਸਣੇ ਹਰ ਵਰਗ ਸੰਘਰਸ਼ ’ਚ ਸ਼ਾਮਲ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਸਰਕਾਰ ਦੀ ਤਾਕਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਵੱਡੀਆਂ-ਵੱਡੀਆਂ ਸਰਕਾਰਾਂ ਤੋੜ ਦਿੱਤੀਆਂ ਹਨ, ਇਸ ਲਈ ਸੰਯੁਕਤ ਕਿਸਾਨ ਮੋਰਚਾ ਕੁਝ ਵੀ ਨਹੀਂ ਹੈ।
ਸਰਕਾਰ ਹੀ ਪਰਾਲ਼ੀ ਦਾ ਹੱਲ ਲੱਭੇ: ਟਿਕੈਤ
ਟਿਕੈਤ ਨੇ ਪਰਾਲ਼ੀ ਦੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਸਰਕਾਰ ਜੇਕਰ ਪਰਾਲ਼ੀ ਦੇ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ ਤਾਂ ਆਪ ਹੀ ਕੋਈ ਤਕਨੀਕ ਦੱਸ ਦੇਵੇ। ਜਿਸ ਨਾਲ ਬਿਨਾਂ ਪਰਾਲ਼ੀ ਤੋਂ ਝੋਨਾ ਹੋ ਸਕਦਾ ਹੋਵੇ। ਸਰਕਾਰ ਕੋਲ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ, ਸਾਇੰਟਿਸਟ ਅਤੇ ਹੋਰ ਸੂਝਵਾਨ ਅਫ਼ਸਰ ਮੌਜੂਦ ਹਨ, ਉਹ ਹੀ ਕੋਈ ਅਜਿਹਾ ਨੁਕਤਾ ਦੱਸਣ ਜਿਸ ਨਾਲ ਪਰਾਲ਼ੀ ਦਾ ਹੱਲ ਹੋ ਸਕੇ।
ਉਨ੍ਹਾਂ ਕਿਹਾ ਜਦੋਂ ਕਿਸਾਨ ਖੇਤਾਂ ’ਚ ਪਰਾਲ਼ੀ ਸਾੜਦਾ ਹੈ ਤਾਂ ਸਭ ਤੋਂ ਜ਼ਿਆਦਾ ਪ੍ਰਭਾਵ ਉਸਦੇ ਪਿੰਡ ਅਤੇ ਪਰਿਵਾਰ ’ਤੇ ਪੈਂਦਾ ਹੈ। ਉਨ੍ਹਾਂ ਦੇ ਅਨੁਸਾਰ ਪਰਾਲ਼ੀ ਨੂੰ ਨਸ਼ਟ ਕਰਨ ਲਈ ਜੋ ਮਸ਼ੀਨਰੀ ਚਾਹੀਦੀ ਹੈ, ਉਸ ਲਈ ਵੱਡੇ ਟਰੈਕਟਰਾਂ ਦੀ ਲੋੜ ਹੈ, ਜੋ ਆਮ ਕਿਸਾਨ ਕੋਲ ਨਹੀਂ ਹੁੰਦਾ।