Shiromani Akali Dal: ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿੱਚ ਪੁੱਜੇ। ਬਾਗੀ ਧੜੇ ਦੇ ਆਗੂਆਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨ ਪੁੱਜੇ। ਇਨ੍ਹਾਂ ਵਿੱਚ ਜਿੱਥੇ ਸ਼੍ਰੋਮਣੀ ਕਮੇਟੀ ਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸ਼ਾਮਿਲ ਹਨ, ਉੱਥੇ ਹੀ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਕਰਨੈਲ ਸਿੰਘ ਪੰਜੋਲੀ,ਭਾਈ ਮਨਜੀਤ ਸਿੰਘ ਆਦਿ ਬਹੁਤਾਂਤ ਅਕਾਲੀ ਆਗੂ ਇਸ ਵਫ਼ਦ ਵਿੱਚ ਸ਼ਾਮਿਲ ਹਨ। ਇਨ੍ਹਾਂ ਆਗੂਆਂ ਨੇ ਜਥੇਦਾਰ ਸਾਹਿਬ ਨੂੰ ਮੁਆਫੀ ਪੱਤਰ ਸੌਂਪਿਆ।


COMMERCIAL BREAK
SCROLL TO CONTINUE READING

ਬਾਗੀ ਧੜੇ ਵੱਲੋਂ ਪੰਥਕ ਆਗੂ ਨੂੰ ਪ੍ਰਧਾਨ ਬਣਾਉਣ ਦੀ ਮੰਗ ਉਤੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਲਈ ਕਿਸੇ ਨੇ ਪਹੁੰਚ ਨਹੀਂ ਕੀਤੀ। ਜੇਕਰ ਸਮੁੱਚੀ ਪਾਰਟੀ ਉਨ੍ਹਾਂ ਨੂੰ ਇਸ ਅਹੁਦੇ ਲਈ ਚੁਣਦੀ ਹੈ ਤਾਂ ਉਹ ਇਸ 'ਤੇ ਵਿਚਾਰ ਕਰਨਗੇ। ਨਹੀਂ ਤਾਂ ਉਹ ਧੜੇਬੰਦੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਇਸ ਦੇ ਨਾਲ ਹੀ ਗਿਆਨੀ ਰਘਬੀਰ ਸਿੰਘ ਨੇ ਦੋਵਾਂ ਧਿਰਾਂ ਨੂੰ ਇੱਕ ਕਮਰੇ ਵਿੱਚ ਬੈਠ ਕੇ ਗੱਲਬਾਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੁਰਾਣੀ ਤੇ ਸੰਪਰਦਾਇਕ ਪਾਰਟੀ ਹੈ। ਇਸ ਪਾਰਟੀ ਵਿੱਚ ਧੜੇਬੰਦੀ ਹੋਣੀ ਠੀਕ ਨਹੀਂ ਹੈ।


ਅਕਾਲੀ ਦਲ ਦੇ ਬਾਗੀ ਧੜੇ ਦੀ ਗੱਲ ਕਰੀਏ ਤਾਂ ਇਸ ਦੀ ਅਗਵਾਈ ਪ੍ਰੇਮ ਸਿੰਘ ਚੰਦੂਮਾਜਰਾ ਕਰ ਰਹੇ ਹਨ। ਜਦਕਿ ਉਨ੍ਹਾਂ ਨੂੰ ਸਿਕੰਦਰ ਮਲੂਕਾ, ਸੁਰਜੀਤ ਰੱਖੜਾ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਕਿਰਨਜੋਤ ਕੌਰ, ਮਨਜੀਤ ਸਿੰਘ, ਸੁਰਿੰਦਰ ਭੁੱਲੇਵਾਲ ਰਾਠਾਂ, ਗੁਰਪ੍ਰਤਾਪ ਵਡਾਲਾ, ਚਰਨਜੀਤ ਬਰਾੜ, ਹਰਿੰਦਰ ਪਾਲ ਟੌਹੜਾ ਤੇ ਗਗਨਜੀਤ ਬਰਨਾਲਾ ਆਦਿ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ।


ਇਨ੍ਹਾਂ ਬਾਗੀ ਅਕਾਲੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ 2015 ਤੋਂ ਲੈ ਕੇ ਸਮੇਂ-ਸਮੇਂ ਸਿਰ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਣੇ, ਬੇਅਦਬੀ ਹੋਣੀ, ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣੀ, ਬਹਿਬਲ ਕਲਾ, ਬਰਗਾੜੀ ਗੋਲੀ ਕਾਂਡ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚੋਂ 328 ਪਾਵਨ ਸਰੂਪ ਗਾਇਬ ਹੋਣੇ ਆਦਿ ਵਿਸ਼ਿਆਂ ਲਈ ਖੁਦ ਨੂੰ ਕਿਤੇ ਨਾ ਕਿਤੇ ਜ਼ਿੰਮੇਵਾਰ ਮੰਨਦੇ ਹੋਏ ਇਹ ਗੁਨਾਹ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸੌਂਪਣ ਪਹੁੰਚੇ ਹਨ।


ਇਹ ਵੀ ਪੜ੍ਹੋ : Amritpal Singh: ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਅਮਰੀਕਾ ਦੀ ਉਪ-ਰਾਸ਼ਟਰਪਤੀ ਤੱਕ ਪਹੁੰਚਿਆ