Faridkot News: ਮੈਡੀਕਲ ਕਾਲਜਾਂ `ਚ ਐਨਆਰਆਈ ਕੋਟੇ ਲਈ ਨਿਯਮ ਬਦਲੇ
Faridkot News: ਸੂਬੇ ਦੇ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਕੋਰਸ ਦੀਆਂ ਐਨਆਰਆਈ ਕੋਟੇ ਦੀਆਂ ਸੀਟਾਂ ਨੂੰ ਭਰਨ ਲਈ ਪੰਜਾਬ ਹਰਿਆਣਾ ਹਾਈ ਕੋਰਟ ਦੀ ਹਦਾਇਤਾਂ ਮੁਤਾਬਕ ਕੁਝ ਬਦਲਾਅ ਕੀਤੇ ਹਨ।
Faridkot News: ਪੰਜਾਬ ਸਰਕਾਰ ਤੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਨੇ ਸੂਬੇ ਦੇ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਕੋਰਸ ਦੀਆਂ ਐਨਆਰਆਈ ਕੋਟੇ ਦੀਆਂ ਸੀਟਾਂ ਨੂੰ ਭਰਨ ਲਈ ਪੰਜਾਬ ਹਰਿਆਣਾ ਹਾਈ ਕੋਰਟ ਦੀ ਹਦਾਇਤਾਂ ਮੁਤਾਬਕ ਕੁਝ ਬਦਲਾਅ ਕੀਤੇ ਹਨ। ਇਸ ਤੋਂ ਬਾਅਦ ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
ਸੂਬੇ ਭਰ ਵਿੱਚ ਐਨਆਰਆਈ ਕੋਟੇ ਦੀਆਂ ਐਮਬੀਬੀਐਸ ਦੀ 185 ਸੀਟਾਂ ਹਨ ਜਿਨ੍ਹਾਂ ਵਿੱਚੋਂ 35-40 ਸੀਟਾਂ ਉਤੇ ਹੀ ਦਾਖਲੇ ਹੋ ਪਾਉਂਦੇ ਸਨ ਤੇ ਖਾਲੀ ਰਹਿਣ ਵਾਲੀ ਬਾਕੀ ਸੀਟਾਂ ਜਨਰਲ ਕੋਟੇ ਵਿੱਚ ਤਬਦੀਲ ਕਰ ਦਿੱਤੀਆਂ ਜਾਂਦੀਆਂ ਸਨ। ਹੁਣ ਸਰਕਾਰ ਨੇ ਐਨਆਰਆਈ ਕੋਟੇ ਸਬੰਧੀ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਹਨ ਤਾਂ ਜੋ ਇਨ੍ਹਾਂ ਸੀਟਾਂ ਨੂੰ ਐਨਆਰਆਈ ਕੋਟੇ ਤਹਿਤ ਹੀ ਭਰਿਆ ਜਾ ਸਕੇ।
ਇਸ ਤਹਿਤ ਹੁਣ ਐਨਆਰਆਈ ਸੀਟ ਉਤੇ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਕਰੀਬੀ ਰਿਸ਼ਤੇਦਾਰ ਵੀ ਉਨ੍ਹਾਂ ਦੀਆਂ ਫੀਸਾਂ ਭਰ ਸਕਦੇ ਹਨ। ਇਸ ਸਬੰਧੀ ਵਾਈਸ ਚਾਂਸਲਰ ਡਾਕਟਰ ਰਾਜੀਵ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸੀਟਾਂ ਨੂੰ ਭਰਨ ਲਈ ਸਰਕਾਰ ਵੱਲੋਂ ਅਦਾਲਤ ਦੀ ਹਦਾਇਤਾਂ ਮੁਤਾਬਕ ਕੁਝ ਬਦਲਾਅ ਕੀਤੇ ਗਏ ਹਨ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਐਨਆਰਆਈ ਬੱਚਿਆਂ ਨੂੰ ਦਾਖ਼ਲ ਕੀਤਾ ਜਾ ਸਕੇ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਜਾ ਚੁੱਕੀ ਹੈ।
ਯੂਨੀਵਰਸਿਟੀ ਦੇ ਇਸ ਫੈਸਲੇ ਨਾਲ ਪੰਜਾਬ ਦੇ ਕਰੀਬ ਛੇ ਨਿੱਜੀ ਮੈਡੀਕਲ ਕਾਲਜਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਉਨ੍ਹਾਂ ਕੋਲ ਐੱਨਆਰਆਈ ਵਿਦਿਆਰਥੀਆਂ ਨੂੰ ਬੀਡੀਐੱਸ, ਐੱਮਬੀਬੀਐੱਸ ਅਤੇ ਐੱਮਡੀ ਵਿੱਚ ਦਾਖਲਾ ਦੇਣ ਲਈ ਕੋਟਾ ਸੀ ਪਰ ਵਿਦਿਆਰਥੀ ਨਾ ਆਉਣ ਕਾਰਨ ਉਨ੍ਹਾਂ ਦੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਸੀ। ਹੁਣ ਇਹ ਕੋਟਾ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਨੂੰ ਅਲਾਟ ਹੋਣ ਕਰਕੇ ਉਹ ਇੱਥੇ ਦਾਖ਼ਲਾ ਲੈ ਸਕਣਗੇ।
ਐੱਮਬੀਬੀਐੱਸ, ਬੀਡੀਐੱਸ ਅਤੇ ਐੱਮਡੀ ਲਈ ਐੱਨਆਰਆਈ ਕੋਟੇ ਲਈ 1 ਕਰੋੜ 10 ਲੱਖ ਰੁਪਏ ਫੀਸ ਮਿੱਥੀ ਹੈ ਜਦੋਂ ਕਿ ਸਥਾਨਕ ਵਿਦਿਆਰਥੀਆਂ ਲਈ ਇਹ ਫੀਸ ਸਿਰਫ਼ 58 ਲੱਖ ਰੁਪਏ ਹੈ। ਬਾਬਾ ਫ਼ਰੀਦ ਮੈਡੀਕਲ 'ਵਰਸਿਟੀ ਦੇ ਵਾਈਸ ਚਾਂਸਲਰ ਡਾ. ਰਜੀਵ ਸੂਦ ਨੇ ਕਿਹਾ ਕਿ ਪਰਵਾਸੀ ਪੰਜਾਬੀ ਹੁਣ ਆਪਣੇ ਰਿਸ਼ਤੇਦਾਰਾਂ ਨੂੰ ਮੈਡੀਕਲ ਪੜ੍ਹਾਈ ਲਈ ਸਿਫਾਰਿਸ਼ ਕਰ ਸਕਦੇ ਹਨ ਤੇ ਇਸ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅੰਬੈਸੀ ਵੱਲੋਂ ਐਨਆਰਆਈ ਹੋਣ ਦਾ ਸਰਟੀਫਿਕੇਟ, ਕੁਰਸੀਨਾਮਾ ਤੇ ਹੋਰ ਲੋੜੀਂਦੇ ਦਸਤਾਵੇਜ਼ ਸਥਾਨਕ ਰਿਸ਼ਤੇਦਾਰ ਨੂੰ ਦਾਖ਼ਲੇ ਲਈ ਪੇਸ਼ ਕਰਨੇ ਪੈਣਗੇ।