Sangrur Liquor Case (ਰਾਮ ਨਰਾਇਣ ਕੰਸਲ) : ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ੁੱਕਰਵਾਰ ਨੂੰ ਸੰਗਰੂਰ 'ਚ 12 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 20 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ 20 ਲੋਕ ਅਜੇ ਵੀ ਸੰਗਰੂਰ ਅਤੇ ਪਟਿਆਲਾ ਵਿੱਚ ਜ਼ੇਰੇ ਇਲਾਜ ਹਨ। ਮਰਨ ਵਾਲੇ ਜ਼ਿਆਦਾਤਰ ਲੋਕ ਸੁਨਾਮ ਹਲਕੇ ਅਧੀਨ ਪੈਂਦੇ ਟਿੱਬੀ ਰਵਿਦਾਸਪੁਰਾ ਦੇ ਵਸਨੀਕ ਸਨ।


COMMERCIAL BREAK
SCROLL TO CONTINUE READING


ਇਸ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕਰਕੇ 4 ਹਫ਼ਤਿਆਂ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਵੱਖ-ਵੱਖ ਜਥੇਬੰਦੀਆਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਲਾਇਆ ਹੈ। ਆਸ਼ਰਿਤਾਂ ਨੂੰ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ-ਨਾਲ ਇਹ ਵੀ ਮੰਗ ਹੈ ਕਿ ਮ੍ਰਿਤਕ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਸਰਕਾਰ ਆਪਣੇ ਸਿਰ ਲਵੇ।


ਸਰਕਾਰੀ ਤੰਤਰ ਦੀ ਜਾਂਚ ਨਹੀਂ ਰੋਕ ਸਕੀ ਮੌਤਾਂ ਦਾ ਸਿਲਸਿਲਾ


ਪਹਿਲਾਂ ਇਹ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਦਿੜ੍ਹਬਾ ਦੇ ਗੁੱਜਰਾਂ ਵਿੱਚ ਹੀ ਹੋਈ ਹੈ ਪਰ ਸ਼ੁੱਕਰਵਾਰ ਸੁਨਾਮ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਸਾਬਿਤ ਹੋ ਗਿਆ ਕਿ ਇਹ ਦੂਜੇ ਸ਼ਹਿਰਾਂ ਵਿੱਚ ਵੀ ਪੁੱਜ ਚੁੱਕੀ ਹੈ।


ਸੰਗਰੂਰ 'ਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਐਸਡੀਐਮ ਦਿੜ੍ਹਬਾ ਨੂੰ ਬਣਾਈ ਗਈ ਹਾਈ ਪਾਵਰ ਜਾਂਚ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਡੀਐਸਪੀ ਦਿੜ੍ਹਬਾ, ਐਸਐਮਓ ਦਿੜ੍ਹਬਾ ਅਤੇ ਈਟੀਓ (ਆਬਕਾਰੀ) ਨੂੰ ਮੈਂਬਰ ਨਿਯੁਕਤ ਕੀਤਾ ਗਿਆ ਪਰ ਕੋਈ ਨਤੀਜਾ ਨਹੀਂ ਨਿਕਲਿਆ। ਇਸ ਮਾਮਲੇ ਦੇ ਪਿਛੋਕੜ ਦਾ ਪਰਦਾਫਾਸ਼ ਕਰਨ ਲਈ ਪੇਸ਼ੇਵਰ ਤੇ ਵਿਗਿਆਨਕ ਢੰਗ ਨਾਲ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।


ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਢਿੱਲੋਂ ਆਈਪੀਐਸ ਦੀ ਅਗਵਾਈ ਵਿੱਚ ਚਾਰ ਮੈਂਬਰੀ ਐਸਆਈਟੀ, ਜਿਸ ਵਿੱਚ ਡੀਆਈਜੀ ਪਟਿਆਲਾ ਰੇਂਜ ਹਰਚਰਨ ਭੁੱਲਰ ਆਈਪੀਐਸ, ਐਸਐਸਪੀ ਸੰਗਰੂਰ ਸਰਤਾਜ ਚਾਹਲ ਆਈਪੀਐਸ ਤੇ ਵਧੀਕ ਕਮਿਸ਼ਨਰ (ਆਬਕਾਰੀ) ਨਰੇਸ਼ ਦੂਬੇ ਸ਼ਾਮਲ ਹਨ, ਜਾਂਚ ਦੀ ਨਿਗਰਾਨੀ ਕਰਨਗੇ। ਐਸਐਚਓ ਸੁਨਾਮ ਸੁਖਦੀਪ ਸਿੰਘ ਨੇ ਕਿਹਾ ਕਿ ਐਸਆਈਟੀ ਸਾਜ਼ਿਸ਼ ਦੀ ਤਹਿ ਤੱਕ ਪੁੱਜੇਗੀ। ਇਸ ਵਿੱਚ ਸ਼ਾਮਲ ਪਾਏ ਗਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।



ਤਸਕਰ ਗ਼ਰੀਬਾਂ ਨੂੰ ਸਸਤੀ ਸ਼ਰਾਬ ਦਾ ਦਿੰਦੇ ਲਾਲਚ


ਸੰਗਰੂਰ ਜ਼ਿਲ੍ਹੇ ਵਿੱਚ ਨਾਜਾਇਜ਼ ਸ਼ਰਾਬ ਦੀ ਤਸਕਰੀ ਆਮ ਗੱਲ ਹੈ। ਸ਼ਹਿਰਾਂ ਵਿੱਚ ਘੱਟ ਪਰ ਪਿੰਡਾਂ ਵਿੱਚ ਮਾਫੀਆ ਆਸਾਨੀ ਨਾਲ ਤਸਕਰੀ ਕਰਦਾ ਹੈ। ਠੇਕੇ ਵਾਲਿਆਂ ਨਾਲੋਂ ਸਸਤੀ ਸ਼ਰਾਬ ਮਿਲਣ ਕਾਰਨ ਲੋਕ ਵੀ ਤਸਕਰਾਂ ਨੂੰ ਪਹਿਲ ਦਿੰਦੇ ਹਨ। ਜ਼ਿਲ੍ਹਾ ਪੁਲਿਸ ਨੇ ਪਿਛਲੇ 80 ਦਿਨਾਂ ਵਿੱਚ ਨਾਜਾਇਜ਼ ਸ਼ਰਾਬ ਦੀ ਤਸਕਰੀ ਦੇ 40 ਕੇਸ ਦਰਜ ਕੀਤੇ ਹਨ ਜਿਨ੍ਹਾਂ ਵਿੱਚ 45 ਵਿਅਕਤੀਆਂ ਦੇ ਨਾਮ ਸ਼ਾਮਲ ਹਨ। ਸ਼ਰਾਬ ਤਸਕਰੀ ਦੇ ਧੰਦੇ ਵਿੱਚ ਛੇ ਔਰਤਾਂ ਵੀ ਫੜੀਆਂ ਗਈਆਂ ਹਨ। 469 ਬੋਤਲਾਂ ਪੰਜਾਬ ਦੀ ਦੇਸੀ ਸ਼ਰਾਬ, 599 ਬੋਤਲਾਂ ਹਰਿਆਣਾ ਸ਼ਰਾਬ, 75 ਬੋਤਲਾਂ ਨਾਜਾਇਜ਼ ਸ਼ਰਾਬ, 805 ਲੀਟਰ ਲਾਹਣ, 7488 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ ਹੈ।


ਹੁਣ ਤੱਕ 8 ਲੋਕ ਗ੍ਰਿਫ਼ਤਾਰ


ਜ਼ਹਿਰੀਲੀ ਸ਼ਰਾਬ ਦੇ ਮਾਮਲੇ ਨੂੰ ਲੈ ਕੇ ਸਿਵਲ ਹੈਲਥ ਅਤੇ ਪੁਲਿਸ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੈ ਕਿਉਂਕਿ ਇਸ ਮਾਮਲੇ 'ਚ ਅਜੇ ਤੱਕ ਕੋਈ ਖਾਸ ਸਫਲਤਾ ਨਹੀਂ ਮਿਲੀ ਹੈ। ਭਾਵੇਂ ਪੁਲਿਸ ਨੇ ਮਾਸਟਰਮਾਈਂਡ ਸਮੇਤ 8 ਲੋਕਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ। ਕਿਸੇ ਨੂੰ ਪਤਾ ਨਹੀਂ ਕਿ ਪ੍ਰਸ਼ਾਸਨ ਦੀਆਂ ਗੱਡੀਆਂ ਸੜਕਾਂ ਤੋਂ ਗਲੀ-ਗਲੀ ਘੁੰਮ ਕੇ ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਤੋਂ ਬਚਣ ਲਈ ਚੇਤਾਵਨੀ ਦੇ ਰਹੀਆਂ ਹਨ, ਜਦਕਿ ਪੁਲਿਸ ਮਾਮਲੇ ਦੀ ਜੜ੍ਹ ਲੱਭ ਰਹੀ ਹੈ। 


ਕੈਬਨਿਟ ਮੰਤਰੀ ਨੇ ਪੀੜਤਾਂ ਦੀ ਲਈ ਸਾਰ


ਆਮ ਆਦਮੀ ਪਾਰਟੀ ਦੇ ਮੰਤਰੀ ਅਮਨ ਅਰੋੜਾ ਨੇ ਪੀੜਤ ਪਰਿਵਾਰਾਂ ਦੀ ਸਾਰ ਲਈ। ਉਨ੍ਹਾਂ ਨੇ8 ਲੋਕਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਸ਼ਰਾਬ ਪੀਣਾ ਚਾਹੁੰਦੇ ਹਨ ਤਾਂ ਉਹ ਮਨਜ਼ੂਰਸ਼ੁਦਾ ਠੇਕੇ ਤੋਂ ਖਰੀਦ ਕੇ ਸ਼ਰਾਬ ਪੀਣ ਅਤੇ ਨਾਜਾਇਜ਼ ਸ਼ਰਾਬ ਨਾ ਪੀਣ। ਇਹ ਜ਼ਹਿਰੀਲੀ ਸ਼ਰਾਬ ਕਿਸੇ ਸਰਕਾਰੀ ਪ੍ਰਵਾਨਿਤ ਠੇਕੇ ਜਾਂ ਡਿਸਟਿਲਰੀ ਤੋਂ ਨਹੀਂ ਆਈ। ਹਾਈ ਪਾਵਰ ਕਮੇਟੀ ਜਲਦੀ ਕੰਮ ਕਰਕੇ ਮਾਮਲੇ ਦੀ ਜੜ੍ਹ ਤੱਕ ਪਹੁੰਚੇਗੀ। ਸਰਕਾਰ ਪੀੜਤਾਂ ਦੀ ਬਾਂਹ ਫੜੇਗੀ। ਚੋਣ ਜ਼ਾਬਤਾ ਹੋਣ ਕਾਰਨ ਸਰਕਾਰ ਕੋਈ ਐਲਾਨ ਨਹੀਂ ਕਰ ਸਕਦੀ।


ਪੀੜਤ ਸਰਕਾਰ ਨੂੰ ਲਗਾ ਰਹੇ ਗੁਹਾਰ


ਇਸ ਦੌਰਾਨ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਅਤੇ ਲੋਕਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਪਿੰਡ ਵਿੱਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ। ਕਈ ਪੀੜਤਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।



ਕਿਸੇ ਦਾ ਪਿਤਾ ਤੇ ਕਿਸੇ ਦੇ ਪਤੀ ਦਾ ਸਿਰ ਤੋਂ ਉੱਠਿਆ ਸਾਇਆ


ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਹੋਏ ਲੋਕ ਜ਼ਿਆਦਾਤਰ ਗ਼ਰੀਬ ਤਬਕੇ ਨਾਲ ਜੁੜੇ ਹੋਏ ਹਨ। ਜ਼ਹਿਰ ਪੀਣ ਕਾਰਨ ਦੁਨੀਆ ਛੱਡਣ ਵਾਲੇ ਲੋਕਾਂ ਦੇ ਪਰਿਵਾਰ ਸੜਕ ਉਤੇ ਆ ਗਏ ਹਨ। ਸੁਨਾਮ ਦੇ ਰਵਿਦਾਸਪੁਰਾ ਟਿੱਬੀ ਦੀ ਰਜਨੀ ਆਪਣੀਆਂ 3 ਭੈਣਾਂ ਅਤੇ ਇੱਕ ਭਰ ਅਤੇ ਆਪਣੀ ਅਪਾਹਿਜ ਮਾਂ ਦੇ ਨਾਲ ਪਿਤਾ ਦੇ ਘਰ ਪਰਤ ਕੇ ਆਉਣ ਲਈ ਰਾਹ ਤਕ ਰਹੀ ਸੀ। ਉਸ ਦੇ ਪਿਤਾ ਦੀ ਅਚਾਨਕ ਤਬੀਅਤ ਖਰਾਬ ਹੋ ਗਈ। ਉਸ ਦਾ ਪਿਤਾ ਸਿਵਲ ਹਸਪਤਾਲ ਤੇ ਫਿਰ ਪਟਿਆਲਾ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਰਿਹਾ ਹੈ। ਉਸ ਦੇ ਪਿਤਾ ਨੂੰ ਦਿਖਾਈ ਦੇਣਾ ਬਿਲਕੁਲ ਬੰਦ ਹੋ ਚੁੱਕਾ ਹੈ।



ਕੂੜਾ ਚੁੱਗ ਕੇ ਗੁਜਰ ਬਸਰ ਕਰਨ ਵਾਲੀ ਪਾਰੋ ਦਾ ਪਤੀ ਜਹਾਨੋਂ ਹੋਇਆ ਰੁਖ਼ਸਤ


ਇਸ ਬਸਤੀ ਹੀ ਕੂੜਾ ਇਕੱਠ ਕਰਕੇ ਗੁਜਰ ਬਸਰ ਕਰਨ ਵਾਲੀ ਪਾਰੋ ਕੋਲ ਇੱਕ ਛੋਟਾ ਬੇਟਾ ਹੈ ਅਤੇ ਉਸ ਦੇ ਪਤੀ ਨੇ ਵੀ ਇਹ ਜ਼ਹਿਰ ਪੀ ਲਿਆ ਹੈ ਅਤੇ ਦੁਨੀਆ ਛੱਡ ਗਿਆ। ਪਾਰੋ ਹੁਣ ਇਸ ਦੁਨੀਆ ਵਿੱਚ ਇਕੱਲੀ ਰਹਿ ਗਈ ਹੈ।


ਜ਼ਹਿਰੀਲੀ ਸ਼ਰਾਬ ਨੇ 4 ਬੱਚਿਆਂ ਦਾ ਪਿਓ ਵੀ ਨਿਗਲਿਆ



ਮਨਪ੍ਰੀਤ ਕੌਰ ਦਾ 50 ਸਾਲਾ ਪਤੀ ਵੀ ਇਸ ਜ਼ਹਿਰ ਦਾ ਸ਼ਿਕਾਰ ਹੋ ਗਿਆ ਹੈ। ਆਪਣੀਆਂ ਤਿੰਨ ਬੇਟੀਆਂ ਅਤੇ ਛੋਟੇ ਬੇਟੇ ਨਾਲ ਘਰ ਦੇ ਕੋਨੇ ਵਿੱਚ ਬੈਠੀ ਆਪਣੀ ਕਿਸਮਤ ਨੂੰ ਕੋਸ ਰਹੀ ਹੈ। ਉਸ ਨੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ।


ਇਹ ਵੀ ਪੜ੍ਹੋ : Sangrur Poisonous Liquor Case: ਚੋਣ ਕਮਿਸ਼ਨ ਵੱਲੋਂ ਸੰਗਰੂਰ ਜ਼ਹਿਰੀਲੀ ਸ਼ਰਾਬ ਦੁਖਾਂਤ ਮਾਮਲੇ 'ਚ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਤੋਂ ਰਿਪੋਰਟ ਤਲਬ