Hari Singh Nalwa: ਸ਼ਹੀਦੀ ਦਿਹਾੜੇ `ਤੇ ਵਿਸ਼ੇਸ਼; ਦੁਨੀਆ ਦੇ ਇਤਿਹਾਸ ਦਾ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ
Hari Singh Nalwa: 30 ਅਪ੍ਰੈਲ 1837 ਨੂੰ ਮਹਾਨ ਸਿੱਖ ਯੋਧੇ ਸਰਦਾਰ ਹਰੀ ਸਿੰਘ ਨਲੂਆ ਇਤਿਹਾਸਕ ਜੰਗ ਮਗਰੋਂ ਸ਼ਹੀਦ ਹੋ ਗਏ ਸਨ। ਸਿੱਖ ਇਤਿਹਾਸ ਵਿੱਚ ਹਰੀ ਸਿੰਘ ਨਲੂਆ ਦੀ ਵੱਡੀ ਦੇਣ ਹੈ।
Hari Singh Nalwa: ਸਿੱਖ ਧਰਮ ਮਹਾਨ ਯੋਧਿਆਂ ਦੀ ਬਦੌਲਤ ਆਲਮੀ ਪੱਧਰ ਉਪਰ ਜਾਣਿਆ ਜਾਂਦਾ ਹੈ। ਵਿਸ਼ਵ ਦੇ ਜਾਂਬਾਜ਼ ਯੋਧਿਆਂ 'ਚ ਖ਼ਾਲਸਾ ਰਾਜ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਨਾਮ ਬਹੁਤ ਹੀ ਫਖ਼ਰ ਨਾਲ ਲਿਆ ਜਾਂਦਾ ਹੈ। ਹਰੀ ਸਿੰਘ ਨਲੂਆ ਦਾ ਜਨਮ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪਿੰਡ ਗੁਜਰਾਂਵਾਲੇ ਦੇ ਵਸਨੀਕ ਤੇ 'ਸ਼ੁੱਕਰਚਕੀਆ ਮਿਸਲ' ਦੇ ਕੁਮੇਦਾਨ ਗੁਰਦਿਆਲ ਸਿੰਘ ਤੇ ਮਾਤਾ ਧਰਮ ਕੌਰ ਦੇ ਗ੍ਰਹਿ ਵਿਖੇ 1791 ਈਸਵੀ ਨੂੰ ਹੋਇਆ ਲੀ। ਗੁਰਦਿਆਲ ਸਿੰਘ ਨੇ ਹਰੀ ਸਿੰਘ ਦੀ ਪੜ੍ਹਾਈ ਲਿਖਾਈ ਲਈ ਘਰ 'ਚ ਹੀ ਚੰਗੇ ਵਿਦਵਾਨ ਦੀ ਵਿਵਸਥਾ ਕੀਤੀ ਸੀ।
ਸਰਦਾਰ ਹਰੀ ਸਿੰਘ ਸੱਤ ਸਾਲ ਦੇ ਹੀ ਸਨ ਕਿ ਪਿਤਾ ਸਰਦਾਰ ਗੁਰਦਿਆਲ ਸਿੰਘ ਦਾ ਦੇਹਾਂਤ ਹੋ ਗਿਆ। ਪਿਤਾ ਦੇ ਅਕਾਲ ਚਲਾਣੇ ਮਗਰੋਂ ਹਰੀ ਸਿੰਘ ਨੂੰ ਆਪਣੀ ਮਾਤਾ ਧਰਮ ਕੌਰ ਨਾਲ ਆਪਣੇ ਨਾਨਕੇ ਘਰ ਰਹਿਣ ਲੱਗ ਪਏ। ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਘੋੜਸਵਾਰੀ, ਤੀਰਅੰਦਾਜ਼ੀ ਅਤੇ ਨੇਜ਼ੇਬਾਜ਼ੀ ਆਦਿ ਯੁੱਧ ਕਲਾਵਾਂ 'ਚ ਮੁਹਾਰਤ ਹਾਸਲ ਕੀਤੀ ਸੀ।
ਮਹਾਰਾਜਾ ਰਣਜੀਤ ਸਿੰਘ ਵੱਲੋਂ ਨੌਜਵਾਨਾਂ ਨੂੰ ਫ਼ੌਜ 'ਚ ਭਰਤੀ ਕਰਨ ਲਈ ਸਾਲ 'ਚ ਕੈਂਪ ਲਗਾਇਆ ਜਾਂਦਾ ਸੀ, ਜਿਸ ਵਿੱਚ ਨੌਜਵਾਨ ਸਰੀਰਕ ਤੇ ਜੰਗੀ ਕਰਤਬ ਵਿਖਾਉਂਦੇ ਸਨ। ਅਜਿਹੇ ਹੀ ਇੱਕ ਕੈਂਪ 'ਚ ਸਰਦਾਰ ਹਰੀ ਸਿੰਘ ਨੇ ਵੀ ਵੱਖਰੇ ਜੰਗੀ ਕਰਤਬ ਵਿਖਾਏ। ਸਰਦਾਰ ਹਰੀ ਸਿੰਘ ਦੀ ਵਿਲੱਖਣ ਪ੍ਰਤਿਭਾ ਤੇ ਜੰਗੀ ਸੂਝ-ਬੂਝ ਨੂੰ ਵੇਖਦੇ ਹੋਏ ਮਹਾਰਜਾ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਫ਼ੌਜ ਵਿੱਚ ਖ਼ਾਸ ਰੁਤਬੇ 'ਤੇ ਭਰਤੀ ਕਰ ਲਿਆ।
ਖ਼ੈਬਰ ਪਖ਼ਤੂਨਖ਼ਵਾ ਦੇ ਹਜ਼ਾਰਾ ਡਿਵੀਜ਼ਨ ਦੇ ਇਤਿਹਾਸ ਦੇ ਖੋਜਕਾਰ ਦੱਸਦੇ ਹਨ ਕਿ ਹਰੀ ਸਿੰਘ ਨਲਵਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਬੇਸ਼ੱਕ ਥੋੜ੍ਹੇ ਸਮੇਂ ਲਈ ਪਰ ਲਾਹੌਰ ਤਖ਼ਤ ਦੇ ਸਾਰੇ ਖੇਤਰ ਨੂੰ ਆਪਣੇ ਅਧੀਨ ਕਰ ਲਿਆ ਸੀ। ਰਣਜੀਤ ਸਿੰਘ ਨੇ ਵਿਦਰੋਹ ਨੂੰ ਰੋਕਣ ਲਈ ਉਨ੍ਹਾਂ ਨੂੰ ਇੱਥੇ ਨਿਯੁਕਤ ਕੀਤਾ ਸੀ ਕਿਉਂਕਿ ਉਸ ਤੋਂ ਪਹਿਲਾਂ ਨਿਯੁਕਤ ਕੀਤੇ ਗਏ ਗਵਰਨਰ ਸਫ਼ਲ ਨਹੀਂ ਹੋ ਸਕੇ ਸਨ। ਖੋਜਕਾਰ ਸਾਹਿਬਜ਼ਾਦਾ ਜਵਾਦ ਅਲ-ਫੈਜ਼ੀ ਮੁਤਾਬਕ, "ਹਜ਼ਾਰਾ ਡਿਵੀਜ਼ਨ ਵਿੱਚ ਸਿੱਖ ਰਾਜ ਵਿਰੁੱਧ ਵੱਡੀ ਬਗ਼ਾਵਤ ਹੋਈ ਸੀ।" "ਕਸ਼ਮੀਰ ਦਾ ਇਲਾਕਾ ਸਿੱਖਾਂ ਦੇ ਅਧੀਨ ਆ ਗਿਆ ਪਰ ਹਜ਼ਾਰਾ ਡਿਵੀਜ਼ਨ ਵਿੱਚ ਕਬਜ਼ਾ ਉਦੋਂ ਤੱਕ ਸੰਭਵ ਨਹੀਂ ਹੋ ਸਕਿਆ ਸੀ।
ਹਰੀ ਸਿੰਘ ਨਲਵਾ ਤੋਂ ਪਹਿਲਾਂ ਘੱਟੋ-ਘੱਟ ਤਿੰਨ ਸਿੱਖ ਜਰਨੈਲਾਂ ਨੂੰ ਇੱਥੇ ਮਾਰ ਦਿੱਤਾ ਗਿਆ ਸੀ।" ਸ਼ੇਰ-ਏ-ਪੰਜਾਬ ਨੇ ਹਰੀ ਸਿੰਘ ਨਲੂਆ ਦੀ ਕਾਬਲੀਅਤ ਨੂੰ ਵੇਖਦੇ ਹੋਏ 1820 ਵਿਚ ਉਨ੍ਹਾਂ ਨੂੰ ਕਸ਼ਮੀਰ ਦਾ ਗਵਰਨਰ ਬਣਾ ਦਿੱਤਾ। ਜਮਰੌਦ ਦੀ ਜੰਗ ਦੌਰਾਨ ਗੋਲੀ ਲੱਗ ਮਗਰੋਂ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ 30 ਅਪ੍ਰੈਲ 1837 ਨੂੰ ਸ਼ਹੀਦ ਹੋ ਗਏ ਸਨ। ਇਹ ਖ਼ਬਰ ਜਦ ਮਹਾਰਜਾ ਰਣਜੀਤ ਸਿੰਘ ਕੋਲ ਪੁੱਜੀ ਤਾਂ ਦਰਬਾਰ 'ਚ ਸੰਨਾਟਾ ਛਾ ਗਿਆ। ਮਹਾਰਾਜੇ ਨੇ ਵੈਰਾਗਮਈ ਆਵਾਜ਼ 'ਚ ਕਿਹਾ ਕਿ ਅੱਜ ਖ਼ਾਲਸਾ ਰਾਜ ਦੇ ਕਿਲ੍ਹੇ ਦਾ ਇੱਕ ਵੱਡਾ ਬੁਰਜ ਢਹਿ ਗਿਆ ਹੈ। ਹਰੀ ਸਿੰਘ ਨਲੂਆ ਨੂੰ ਯਾਦ ਕਰਦਿਆਂ ਜਮਰੌਦ ਦੇ ਕਿਲ੍ਹੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਦਾ ਬੁੱਤ ਵੀ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ : CRPF Recruitment 2023: CRPF 'ਚ ਨੌਕਰੀ ਲੈਣ ਦਾ ਸੁਨਹਿਰੀ ਮੌਕਾ, ਇਸ ਤਰੀਕ ਤੋਂ ਸ਼ੁਰੂ ਹੋਵੇਗੀ ਅਰਜ਼ੀ ਦੀ ਪ੍ਰਕਿਰਿਆ