Shaheed Udham Singh Life Story in Punjabi: ਇਹ ਇੱਕ ਤਰਾਸਦੀ ਰਹੀ ਹੈ ਕਿ ਜਦੋਂ ਵੀ ਕਿਸੇ ਮੁੱਦੇ ਨੂੰ ਲੈ ਕੇ ਸੰਘਰਸ਼ ਲੜਨਾ ਹੋਵੇ... ਤਾਂ ਫਿਰ ਗੁਰੂਆਂ ਦੀ ਧਰਤੀ ਤੇ ਕਿਸ ਵੇਲੇ ਰਹੀ ਪੰਜ ਆਬਾ ਦੀ ਮਾਨਮੱਤੀ ਧਰਤੀ ਪੰਜਾਬ ਦੇ ਜੁਝਾਰੂ ਯੋਧਿਆਂ ਨੇ ਹਮੇਸ਼ਾ ਹੀ ਅੱਗੇ ਆ ਕੇ ਕੁਰਬਾਨੀਆਂ ਅਤੇ ਸ਼ਹਾਦਤਾਂ ਦਿੱਤੀਆਂ ਹਨ। ਅਜਿਹੀ ਸ਼ਹਾਦਤ ਦਾ ਜਾਮ ਊਧਮ ਸਿੰਘ ਨੇ ਵੀ ਪੀਤਾ... ਪੂਰੇ ਇੱਕੀ ਸਾਲ ਊਧਮ ਸਿੰਘ ਦੇ ਸੀਨੇ ਵਿੱਚ ਜਲ੍ਹਿਆਂਵਾਲਾ ਬਾਗ਼ ਦੀ ਘਟਨਾ ਅੱਗ ਵਾਂਗ ਬਲਦੀ ਰਹੀ। ਉਹ ਘਟਨਾ ਵਿੱਚ ਬੇਕਸੂਰ ਨਿਹੱਥੇ ਪੰਜਾਬੀਆਂ ਦੀਆਂ ਜਿਹੜੀਆਂ ਚੀਕਾਂ ਸਨ, ਉਸ ਦੇ ਕੰਨਾਂ ਵਿਚ ਗੂੰਜਦੀਆਂ ਰਹੀਆਂ। ਜਨਰਲ ਡਾਇਰ ਤੱਕ ਪੁੱਜਣ ਲਈ ਤੇ ਜਲ੍ਹਿਆਂਵਾਲਾ ਬਾਗ਼ ਦਾ ਬਦਲਾ ਲੈਣ ਲਈ, ਉਹ ਕਦੇ ਉਦੈ ਸਿੰਘ ਤੇ ਕਦੇ ਸ਼ੇਰ ਸਿੰਘ, ਕਦੇ ਊਦਨ ਸਿੰਘ ਤੇ ਕਦੇ ਊਧਮ ਸਿੰਘ, ਕਦੇ ਮੁਹੰਮਦ ਸਿੰਘ ਆਜ਼ਾਦ ਤੇ ਕਦੇ ਆਜ਼ਾਦ ਸਿੰਘ, ਕਦੇ ਬਾਵਾ ਤੇ ਕਦੇ ਫਰੈਂਕ ਬ੍ਰਾਜ਼ੀਲ ਬਣ ਕੇ ਬਦਲਾ ਲੈਣ ਲਈ ਯਤਨ ਕਰਦਾ ਰਿਹਾ। ਇਤਿਹਾਸ 'ਚ ਸ਼ਾਇਦ ਹੀ ਕਦੇ ਕੋਈ ਅਜਿਹਾ ਇਨਕਲਾਬੀ ਹੋਵੇਗਾ ਜਿਸ ਨੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਇੰਨੇ ਨਾਮਾਂ ਦੀ ਵਰਤੋਂ ਕੀਤੀ ਹੋਣ।


COMMERCIAL BREAK
SCROLL TO CONTINUE READING

ਦੱਸਣਯੋਗ ਹੈ ਕਿ ਸ਼ਹੀਦ ਊਧਮ ਸਿੰਘ ਵੱਲੋਂ ਮਹਿਜ਼ ਆਪਣੇ ਹੀ ਨਾਮ ਹੀ ਨਹੀਂ ਬਦਲੇ ਗਏ ਸਗੋਂ ਆਪਣਾ ਮਕਸਦ ਪੂਰਾ ਕਰਨ ਲਈ ਵੱਖ-ਵੱਖ ਦੇਸ਼ਾਂ ਅਤੇ ਮਹਾਂਦੀਪਾਂ ਦੀਆਂ ਯਾਤਰਾਵਾਂ ਕੀਤੀਆਂ ਗਈਆਂ। ਆਪਣਾ ਮਕਸਦ ਪੂਰਾ ਕਰਨ ਲਈ ਊਧਮ ਸਿੰਘ ਕਦੇ ਸੜਕ ਰਾਹੀਂ ਤੇ ਕਦੇ ਸਮੁੰਦਰਾਂ ਪਾਰ ਕਰਦਿਆਂ ਕਦੇ ਗ਼ਦਰੀ ਬਾਬਿਆਂ ਨੂੰ ਮਿਲਿਆ, ਤੇ ਕ੍ਰਾਂਤੀਕਾਰੀਆਂ ਕੋਲ ਵੀ ਜਾਂਦਾ ਰਿਹਾ। ਹਾਲਾਂਕਿ ਜਦੋਂ ਤੱਕ ਉਸਨੇ ਆਪਣਾ ਬਦਲਾ ਨਹੀਂ ਲਿਆ ਉਦੋਂ ਤੱਕ ਉਹ ਚੈਨ ਨਾਲ ਨਹੀਂ ਬੈਠਾ।  


Shaheed Udham Singh Life Story in Punjabi: ਊਧਮ ਸਿੰਘ ਦਾ ਨਾਮ ਬਚਪਨ ਵਿੱਚ ਸ਼ੇਰ ਸਿੰਘ ਸੀ! 


26 ਦਸੰਬਰ 1899 ਨੂੰ ਊਧਮ ਸਿੰਘ ਦਾ ਜਨਮ ਸੁਨਾਮ ਵਿੱਚ ਹੋਇਆ (ਇਤਿਹਾਸਕਾਰਾਂ ਦਾ ਜਨਮ ਅਤੇ ਜਨਮ ਸਥਾਨ ਬਾਰੇ ਥੋੜ੍ਹਾ-ਬਹੁਤਾ ਮਤਭੇਦ ਹੈ)। ਬਚਪਨ ਵਿੱਚ ਊਧਮ ਸਿੰਘ ਦਾ ਨਾਮ ਸ਼ੇਰ ਸਿੰਘ ਸੀ ਤੇ ਉਸ ਦੇ ਵੱਡੇ ਭਰਾ ਦਾ ਨਾਮ ਸਾਧੂ ਸਿੰਘ। ਘਰ ਦੀ ਹਾਲਤ ਚੰਗੀ ਨਹੀਂ ਸੀ। ਕਈ ਕਾਰਨਾ ਕਰਕੇ ਊਧਮ ਸਿੰਘ ਤੇ ਉਸਦੇ ਭਰਾ ਨੂੰ ਯਤੀਮਖਾਨੇ 'ਚ ਭੇਜਿਆ ਗਿਆ। 1913 ਵਿੱਚ ਇੱਕ ਅਜਿਹਾ ਦੌਰ ਆਇਆ ਸੀ ਜਦੋਂ ਨਮੂਨੀਏ ਦੀ ਬਿਮਾਰੀ ਫੈਲੀ ਹੋਈ ਸੀ ਜਿਸ ਕਰਕੇ ਉਸ ਦੇ ਵੱਡੇ ਭਰਾ ਸਾਧੂ ਸਿੰਘ (ਮੋਤਾ ਸਿੰਘ) ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹ ਉਦਾਸ ਰਹਿਣ ਲੱਗਾ।


Shaheed Udham Singh Life Story in Punjabi: ਜਲ੍ਹਿਆਂਵਾਲਾ ਬਾਗ਼ ਦੀ ਘਟਨਾ!  


13 ਅਪ੍ਰੈਲ 1919, ਜਲ੍ਹਿਆਂਵਾਲਾ ਬਾਗ਼ ਦੀ ਘਟਨਾ, ਪੰਜਾਬ ਦੇ ਇਤਿਹਾਸ ਦਾ ਇੱਕ ਕਾਲਾ ਪੰਨਾ। ਇਸ ਹਾਦਸੇ ਨਾਲ ਸਮੁਚੇ ਭਾਰਤ ਵਿੱਚ ਰੋਸ ਦੀ ਲਹਿਰ ਫੈਲ ਗਈ ਸੀ। 1915 ਤੋਂ ਹੀ ਇਸ ਘਟਨਾ ਦੇ ਬੀਜ ਬੀਜੇ ਗਏ ਸਨ ਜਦੋਂ ਡਿਫੈਂਸ ਆਫ਼ ਇੰਡੀਆ ਐਕਟ ਲਿਆਇਆ ਗਿਆ ਸੀ ਜਿਸਦੇ ਤਹਿਤ ਸ਼ੱਕ ਦੇ ਆਧਾਰ ’ਤੇ ਕਿਸੇ ਨੂੰ ਵੀ ਫੜਿਆ ਜਾ ਸਕਦਾ ਸੀ ਤੇ ਨਾ ਹੀ ਮੁਕੱਦਮਾ ਦਰਜ ਹੋ ਸਕਦਾ ਸੀ ਤੇ ਨਾ ਸੁਣਵਾਈ। ਸਿੱਧੀ ਸਜ਼ਾ ਜਿਵੇਂ, ਕਾਲੇਪਾਣੀ ਜਾਂ ਉਮਰ ਕੈਦ, ਸੁਣਾਈ ਜਾ ਸਕਦੀ ਸੀ ਤੇ ਨਾ ਹੀ ਕੋਈ ਅਪੀਲ ਮਿਲਣਾ ਸੀ ਲਿਹਾਜ਼ਾ ਨਾ ਕੋਈ ਦਲੀਲ ਤੇ ਨਾ ਕੋਈ ਵਕੀਲ।


ਇਤਿਹਾਸਕਾਰਾਂ ਦੇ ਮੁਤਾਬਕ ਅੰਗਰੇਜ਼ੀ ਹਕੂਮਤ ਵੱਲੋਂ ਜਨਤਾ ਦੇ ਆਗੂ ਡਾ. ਸੈਫ਼ੂਦੀਨ ਕਿਚਲੂ ਅਤੇ ਡਾ. ਸਤਿਆਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਡਲਹੌਜ਼ੀ ਵਿਖੇ ਨਜ਼ਰਬੰਦ ਕਰ ਦਿੱਤਾ ਗਿਆ ਸੀ। ਇਸਦੇ ਖਿਲਾਫ ਆਪਣੇ ਆਗੂਆਂ ਨੂੰ ਰਿਹਾਅ ਕਰਵਾਉਣ ਲਈ, ਲੋਕ ਜਲ੍ਹਿਆਂਵਾਲਾ ਬਾਗ਼ ਵਿੱਚ ਇਕੱਠੇ ਹੋ ਗਏ ਸਨ ਅਤੇ 13 ਅਪ੍ਰੈਲ ਨੂੰ ਵਿਸਾਖੀ ਦੇ ਮੌਕੇ ਕੁਝ ਸ਼ਰਧਾਲੂ, ਜਿਹੜੇ ਕਿ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ, ਉਹ ਵੀ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਗਏ। ਇਸ ਦੌਰਾਨ ਜਨਰਲ ਡਾਇਰ ਵੱਲੋਂ ਧਾਰਾ 144 ਲਗਾਈ ਹੋਈ ਸੀ ਤੇ ਮੁਖ਼ਬਰ ਵੱਲੋਂ ਰੋਸ ਪ੍ਰਦਰਸ਼ਨ ਬਾਰੇ ਮਿਲੀ ਜਾਣਕਾਰੀ ਤੋਂ ਬਾਅਦ ਜਨਰਲ ਡਾਇਰ ਭੜਕ ਗਿਆ ਤੇ ਮੌਕੇ 'ਤੇ ਜਾ ਕੇ ਨਿਹੱਥੇ ਲੋਕਾਂ 'ਤੇ ਬਿਨਾ ਚਿਤਾਵਨੀ ਗੋਲੀਆਂ ਚਲਾ ਦਿੱਤੀਆਂ / ਗ਼ੈਰ-ਸਰਕਾਰੀ ਅੰਕੜਿਆਂ ਦੇ ਮੁਤਾਬਕ ਮੰਨਿਆ ਜਾਂਦਾ ਹੈ ਕਿ ਇਸ ਹਾਦਸੇ ਵਿੱਚ ਲਗਭਗ 1000 ਤੋਂ ਵੱਧ ਲੋਕ ਮਾਰੇ ਗਏ ਸਨ। ਇਸੇ ਤਰ੍ਹਾਂ 1200 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਕਹਿੰਦੇ ਨੇ ਕਿ ਊਧਮ ਸਿੰਘ ਉਦੋਂ ਆਪਣੇ ਯਤੀਮਖਾਨੇ ਦੇ ਸਾਥੀਆਂ ਨਾਲ ਜਲ੍ਹਿਆਂਵਾਲਾ ਬਾਗ਼ ਵਿਖੇ ਪਾਣੀ ਪਿਲਾਉਣ ਦੀ ਸੇਵਾ ਨਿਭਾਅ ਰਹੇ ਸਨ ਤੇ ਇਹ ਪੂਰਾ ਕਾਂਡ ਅੱਖੀਂ ਵੇਖਿਆ ਸੀ। ਇਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਜਾ ਕੇ ਤੇ ਇਸ਼ਨਾਨ ਕਰਨ ਤੋਂ ਬਾਅਦ ਊਧਮ ਸਿੰਘ ਨੇ ਬਦਲਾ ਲੈਣ ਦਾ ਪ੍ਰਣ ਕੀਤਾ ਸੀ।


ਮਾਈਕਲ ਉ ਡਵਾਇਰ ਨੂੰ ਮਾਰ ਕੇ ਵੀ ਮੌਕੇ ਤੋਂ ਭੱਜਿਆ ਨਹੀਂ ਵੀਰ ਸ਼ਹੀਦ ਊਧਮ ਸਿੰਘ!  


21 ਸਾਲਾਂ ਬਾਅਦ ਊਧਮ ਸਿੰਘ ਦਾ ਕੀਤਾ ਹੋਇਆ ਪ੍ਰਣ 13 ਮਾਰਚ 1940 ਨੂੰ ਪੂਰਾ ਹੋਇਆ ਜਦੋਂ ਵੈਸਟਮਿੰਸਟਰ ਦੇ ਕੈਕਸਟਨ ਹਾਲ ਵਿਖੇ ਦੁਪਹਿਰ ਲਗਭਗ ਤਿੰਨ ਵਜੇ ਈਸਟ ਇੰਡੀਅਨ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਇੱਕ ਸਾਂਝੀ ਮੀਟਿੰਗ ਦੌਰਾਨ ਊਧਮ ਸਿੰਘ ਵੱਲੋਂ ਮਾਈਕਲ ਓਡਵਾਇਰ ਤੇ ਉਸ ਦੇ ਸਾਥੀਆਂ ’ਤੇ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਮਾਈਕਲ ਓਡਵਾਇਰ ਮੰਚ ਦੀਆਂ ਪੌੜੀਆਂ 'ਤੇ ਡਿੱਗ ਪਿਆ ਤੇ ਉਸਦੀ ਮੌਤ ਹੋ ਗਈ ਜਦਕਿ ਲਾਰਡ ਜੈਟਲੈਂਡ ਅਤੇ ਲਾਰਡ ਲੈਮਿੰਗਟਨ ਜ਼ਖ਼ਮੀ ਹੋ ਗਏ ਸਨ।


13 ਮਾਰਚ 1940 ਨੂੰ ਊਧਮ ਸਿੰਘ ਵੱਲੋਂ ਜਦੋਂ ਜਨਰਲ ਮਾਈਕਲ ਡਾਇਰ ਨੂੰ ਮਾਰਿਆ ਗਿਆ ਤਾਂ ਉਹ ਘਟਨਾ ਵਾਲੇ ਸਥਾਨ ਤੋਂ ਭੱਜਿਆ ਨਹੀਂ। ਉਸ ਮੌਕੇ ਦੀ ਜਿਹੜੀ ਤਸਵੀਰ ਹੈ ਉਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਕਿਵੇਂ ਮੁਸਕਰਾ ਰਿਹਾ ਹੈ ਤੇ ਮਾਣ ਨਾਲ ਭਰਿਆ ਹੋਇਆ ਹੈ। ਊਧਮ ਸਿੰਘ ਨੂੰ ਪਤਾ ਸੀ ਕਿ ਉਸ ਨੂੰ ਫਾਂਸੀ ਦੀ ਸਜ਼ਾ ਹੋਵੇਗੀ ਅਤੇ ਉਹ ਕਹਿੰਦਾ ਸੀ, ‘‘ਮੈਂ ਆਪਣੇ ਸ਼ਹੀਦ ਸਾਥੀਆਂ ਕੋਲ ਜਾ ਰਿਹਾ ਹਾਂ।’’ (Shaheed Udham Singh Life Story in Punjabi)


ਉਮੀਦ ਹੈ ਕਿ ਊਧਮ ਸਿੰਘ ਦੀਆਂ ਮਾਣ-ਮੱਤੀਆਂ ਚੀਜਾਂ, ਜੋ ਹੁਣ ਵਿਦੇਸ਼ਾਂ ਵਿੱਚ ਹਨ, ਉਨ੍ਹਾਂ ਨੂੰ ਇੱਥੇ ਲਿਆਂਦਾ ਜਾਵੇਗਾ


ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਇਕ ਛੋਟੀ ਜਿਹੀ ਪੇਸ਼ਕਸ਼ ਬਣਾਉਣ ਲਈ ਜਦੋਂ ਸਾਡੀ ਟੀਮ ਊਧਮ ਸਿੰਘ ਨਾਲ ਸੰਬੰਧਤ ਵੱਖ-ਵੱਖ ਥਾਂਵਾ 'ਤੇ ਪਹੁੰਚੀ, ਤਾਂ ਦਿਲ ਨੂੰ ਦੁੱਖ ਇਸ ਕਰਕੇ ਲੱਗਿਆ ਕਿ ਅਸੀਂ ਸਾਡੇ ਮਹਾਨ ਸ਼ਹੀਦਾਂ ਨੂੰ ਉਨਾਂ ਦੇ ਖਾਸ ਦਿਹਾੜੇ ਮੌਕੇ ਯਾਦ ਤਾਂ ਕਰਦੇ ਹਾਂ ਪਰ ਉਨਾਂ ਨੂੰ ਜੁੜੀਆਂ ਇਤਿਹਾਸਕ ਚੀਜਾਂ ਸਾਡੇ ਕੋਲ ਨਹੀ ਹਨ, ਜੋ ਕਿ ਸਾਡੀ ਆਉਣ ਵਾਲੀ ਪੀੜੀ ਲਈ ਮਾਰਗਦਰਸਨ ਦੇ ਤੌਰ ਤੇ ਰੋਲ ਅਦਾ ਕਰਨਗੇ। ਦੇਸ਼ ਦੀ ਵੰਡ ਕਰਨ ਦੇ ਨਾਲ-ਨਾਲ ਗੋਰੇ ਉਹ ਵੀ ਆਪਣੇ ਨਾਲ ਵਿਦੇਸ਼ਾ ਵਿੱਚ ਲੈ ਗਏ। 


ਕਈਂ ਥਾਈਂ ਤਾਂ ਇਤਿਹਾਸ ਨਾਲ ਹੀ ਛੇੜਛਾੜ ਕਰਕੇ ਸੰਬੰਧਤ ਵਸਤਾਂ ਨੂੰ ਮਨਫ਼ੀ ਜਾ ਤਬਦੀਲੀ ਕਰ ਦਿੱਤਾ ਗਿਆ। ਖਾਸ ਗੱਲ ਇਹ ਹੈ ਕਿ ਜਿਸਦਾ ਇਤਿਹਾਸ ਜਿਸ ਮਹਾਨ ਯੌਧੇ ਨਾਲ ਜੁੜਿਆ ਹੈ ਤਾਂ ਉਸ ਸੰਬੰਧੀ ਰਹਿੰਦੀ ਦੁਨੀਆਂ ਤੱਕ ਲੋਕਾਂ ਨੂੰ ਵੀ ਇਤਿਹਾਸ ਬਾਰੇ ਪਤਾ ਜਰੂਰ ਹੋਣਾ ਚਾਹੀਦਾ ਹੈ ਕਿਉਂਕਿ ਜਿਸ ਕੌਮ ਦੇ ਇਤਿਹਾਸ ਵਿਸਰ ਜਾਂਦੇ ਹਨ ਉਨਾਂ ਦੀ ਹੌਂਦ ਨੂੰ ਖਤਰਾ ਹੋਣਾ ਸੁਭਾਵਿਕ ਜਿਹੀ ਗੱਲ ਹੈ। ਉਮੀਦ ਕਰਦੇ ਹਾਂ ਕਿ ਪੰਜਾਬ ਦੀ ਵਿਰਾਸਤ ਦੀਆਂ ਮਾਣ-ਮੱਤੀਆਂ ਚੀਜਾਂ ਜੋ ਹੁਣ ਵਿਦੇਸ਼ਾਂ ਵਿੱਚ ਹਨ ਉਨ੍ਹਾਂ ਨੂੰ ਇੱਥੇ ਲਿਆਂਦਾ ਜਾਵੇਗਾ ਤਾਂ ਜੋ ਇਤਿਹਾਸਕ ਸਥਾਨ ਬਰਕਰਾਰ ਰਹਿਣ।


ਇਸ ਲੇਖ ਵਿੱਚ ਕੋਈ ਗਲਤੀ ਹੋਈ ਹੋਏ ਤਾਂ ਖਿਮਾ ਦਾ ਜਾਚਕ ਹਾਂ ਜੀ। 


ਧੰਨਵਾਦ ਸਹਿਤ,
ਗੁਰਪ੍ਰੀਤ ਸਿੰਘ ਅਮਲੋਹ


 



(For more news apart from Shaheed Udham Singh Life Story in Punjabi, stay tuned to Zee PHH)