ਸ਼ਾਹੀ ਇਮਾਮ ਲੁਧਿਆਣਵੀ ਨੇ ਕੇਜਰੀਵਾਲ ਦੇ ਨਾਲ ਕੇਂਦਰ ਸਰਕਾਰ ’ਤੇ ਬੋਲਿਆ ਤਿੱਖਾ ਹਮਲਾ
ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਅੱਜ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਜਿਥੇ ਉਨ੍ਹਾਂ ਪੱਤਰਕਾਰਾਂ ਨਾਲ ਵੱਖ ਵੱਖ ਵਿਸ਼ਿਆਂ ਤੇ ਗੱਲਬਾਤ ਕੀਤੀ।
ਬਿਮਲ ਸ਼ਰਮਾ / ਸ੍ਰੀ ਕੀਰਤਪੁਰ ਸਾਹਿਬ: ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਅੱਜ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਜਿਥੇ ਉਨ੍ਹਾਂ ਪੱਤਰਕਾਰਾਂ ਦੇ ਨਾਲ ਵੱਖ ਵੱਖ ਵਿਸ਼ਿਆਂ ਤੇ ਗੱਲਬਾਤ ਕੀਤੀ।
ਉਨ੍ਹਾਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਅੰਮ੍ਰਿਤਪਾਲ ਦੀਆਂ ਬਹੁਤ ਸਾਰੀਆਂ ਗੱਲਾਂ ਠੀਕ ਹਨ ਸਿੱਖ ਪੰਥ ਦੇ ਨੁਮਾਇੰਦਿਆਂ ਨੂੰ ਉਨ੍ਹਾਂ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ।
ਦਰਬਾਰ ਸਾਹਿਬ ਦਾ ਵੱਖ ਵੱਖ ਧਰਮਾਂ ਦੇ ਲੋਕਾਂ ’ਚ ਵਿਸ਼ੇਸ਼ ਸਥਾਨ
ਉਨ੍ਹਾਂ ਕਿਹਾ ਸ੍ਰੀ ਦਰਬਾਰ ਸਾਹਿਬ ਜਿਥੇ ਪੂਰੀ ਦੁਨੀਆਂ ਦੇ ਸਿੱਖਾਂ ਦੇ ਲਈ ਇੱਕ ਮੁਕੱਦਸ ਅਸਥਾਨ ਹੈ ਉੱਥੇ ਪੂਰੀ ਦੁਨੀਆਂ ਦੇ ਵਿੱਚ ਵਸਦੇ ਵੱਖ ਵੱਖ ਧਰਮਾਂ ਦੇ ਲੋਕਾਂ ’ਚ ਵਿਸ਼ੇਸ਼ ਸਥਾਨ ਹੈ।
ਕੇਜਰੀਵਾਲ ਕਰੰਸੀ ਦੇ ਮੁੱਦੇ ’ਤੇ ਕਰ ਰਹੇ ਰਾਜਨੀਤੀ: ਸ਼ਾਹੀ ਇਮਾਮ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਭਾਰਤੀ ਕਰੰਸੀ ਦੇ ਉੱਪਰ ਗਾਂਧੀ ਦੀ ਫੋਟੋ ਤਬਦੀਲ ਕਰ ਹਿੰਦੂ ਦੇਵੀ ਦੇਵਤਿਆਂ ਦੀ ਤਸਵੀਰ ਲਗਾਉਣ ਦੇ ਮੁੱਦੇ ਤੇ ਬੋਲਦਿਆਂ ਸ਼ਾਹੀ ਇਮਾਮ ਨੇ ਕਿਹਾ ਕਿ ਕੇਜਰੀਵਾਲ ਇਸ ਮੁੱਦੇ ਤੇ ਘਟੀਆ ਰਾਜਨੀਤੀ ਕਰ ਰਹੇ ਹਨ l
ਦੇਸ਼ ਦੀ ਕੇਂਦਰ ਸਰਕਾਰ ਦੇ ਵੱਲੋਂ ਭਾਰਤ ਵਿੱਚ ਕੀਤੇ ਜਾ ਰਹੇ ਭਗਵਾਂਕਰਨ ਦੇ ਸੰਬੰਧ ਵਿਚ ਬੋਲਦਿਆਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨੀ ਨੇ ਕਿਹਾ ਕਿ ਭਾਰਤ ਤੋਂ ਬਾਹਰ ਤੇ ਭਾਰਤ ਦੇ ਅੰਦਰ ਵੱਖ ਵੱਖ ਮੁੱਦਿਆਂ ਤੇ ਵੱਖ ਵੱਖ ਰਾਇ ਹੈ ਭਾਵ ਭਾਜਪਾ ਦਾ ਦੋਹਰਾ ਚਿਹਰਾ ਹੈl
ਮਾਂ ਬੋਲੀ ਪੰਜਾਬੀ ਦੇ ਮੁੱਦੇ ’ਤੇ ਬੋਲੇ ਸ਼ਾਹੀ ਇਮਾਮ
ਪੰਜਾਬੀ ਮਾਂ ਬੋਲੀ ਦੇ ਮੁੱਦੇ ਤੇ ਬੋਲਦਿਆਂ ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਦੁਨੀਆਂ ਦੀਆਂ ਜਿਨ੍ਹਾਂ ਕੌਮਾਂ ਨੇ ਤਰੱਕੀ ਕੀਤੀ ਉਨ੍ਹਾਂ ਨੇ ਆਪਣੀ ਮਾਂ ਬੋਲੀ ਨੂੰ ਆਪਣੇ ਤੋਂ ਵੱਖ ਨਹੀਂ ਕੀਤਾ।
ਸ਼ਾਹੀ ਇਮਾਮ ਨੇ ਕਿਹਾ ਕਿ ਉਹ ਲੁਧਿਆਣਾ ਦੇ ਵਿੱਚ ਇੱਕ ਲੜਕੀਆਂ ਦਾ ਕਾਲਜ ਖੋਲ੍ਹ ਰਹੇ ਹਨ ਜਿਸ ਵਿੱਚ ਹਰ ਧਰਮ ਦੀਆਂ ਲਡ਼ਕੀਆਂ ਆਪਣੇ ਰਵਾਇਤੀ ਪਹਿਰਾਵੇ ਪਾ ਕੇ ਪੜ੍ਹ ਸਕਣਗੀਆਂ ਉਨ੍ਹਾਂ ਨੂੰ ਆਪਣੇ ਰਵਾਇਤੀ ਪਹਿਰਾਵੇ ਪਾਉਣ ਤੇ ਕੋਈ ਵੀ ਰੋਕ ਟੋਕ ਨਹੀਂ ਹੋਵੇਗੀ।