Punjab News: ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਰਲੇਵੇਂ ਜਾਂ ਗਠਜੋੜ ਲਈ ਸਾਰੇ ਅਧਿਕਾਰ ਸੁਖਦੇਵ ਢੀਂਡਸਾ ਨੂੰ ਸੌਂਪੇ
Punjab News: ਸ਼੍ਰੋਮਣੀ ਅਕਾਲੀ ਦਲ (ਯੂ) ਦੇ ਸੰਸਥਾਪਕ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਗਈ ਹੈ। ਇਸ ਤੋਂ ਬਾਅਦ ਰਲੇਵੇਂ ਜਾਂ ਗਠਜੋੜ ਲਈ ਯੋਜਨਾ ਬਣਾਈ ਜਾਵੇਗੀ।
Punjab News: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਘਰ ਵਾਪਸੀ ਯਾਨੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪਾਰਟੀ ਆਪਣੇ ਸਾਰੇ ਜ਼ਿਲ੍ਹਿਆਂ ਦੇ ਆਗੂਆਂ ਤੇ ਸਮਰਥਕਾਂ ਦੀ ਰਾਏ ਲਵੇਗੀ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਯੂ) ਦੇ ਸੰਸਥਾਪਕ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਗਈ ਹੈ, ਜੋ ਇਸ ਮੁੱਦੇ 'ਤੇ ਸਾਰੇ ਆਗੂਆਂ ਤੋਂ ਵਿਚਾਰ-ਵਟਾਂਦਰਾ ਕਰੇਗੀ।
ਇਸ ਤੋਂ ਬਾਅਦ ਕਮੇਟੀ ਵੱਲੋਂ ਜੋ ਫ਼ੈਸਲਾ ਲਿਆ ਜਾਵੇਗਾ, ਉਹ ਸਭ ਨੂੰ ਪ੍ਰਵਾਨ ਹੋਵੇਗਾ। ਆਉਣ ਵਾਲੇ 2 ਹਫ਼ਤਿਆਂ 'ਚ ਸਾਰੀ ਤਸਵੀਰ ਸਪੱਸ਼ਟ ਹੋ ਜਾਵੇਗੀ। ਇਸ ਮਾਮਲੇ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਮੁਹਾਲੀ ਵਿੱਚ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਪਾਰਟੀ ਦੇ ਹਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਇੱਕ ਮੰਚ ਉਤੇ ਆਉਣ ਦੇ ਮੁੱਦੇ ਉਪਰ ਆਪਣੀ ਰਾਏ ਜ਼ਾਹਿਰ ਕੀਕੀ। ਉਨ੍ਹਾਂ ਇਸ ਕਾਰਨ ਪਾਰਟੀ ਨੂੰ ਹੋਣ ਵਾਲੇ ਨਫੇ-ਨੁਕਸਾਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
ਮੀਟਿੰਗ ਮਗਰੋਂ ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਮੀਟਿੰਗ ਵਿੱਚ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ, ਜੋ ਪਾਰਟੀ ਦੇ ਅਗਲੇ ਫੈਸਲੇ ਸਬੰਧੀ ਲੀਡਰਸ਼ਿਪ ਤੋਂ ਸੁਝਾਅ ਲਵੇਗੀ। ਇਸ ਦੇ ਨਾਲ ਹੀ ਕਮੇਟੀ ਵੱਲੋਂ ਜੋ ਫੈਸਲਾ ਲਿਆ ਜਾਵੇਗਾ, ਉਹ ਸਭ ਨੂੰ ਪ੍ਰਵਾਨ ਹੋਵੇਗਾ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਨਾਲ ਗਠਜੋੜ ਦੀ ਸੰਭਾਵਨਾ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।
ਸਾਰੀ ਲੀਡਰਸ਼ਿਪ ਤੋਂ ਫੀਡਬੈਕ ਲੈ ਕੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਦਿੱਤੇ ਬਿਆਨ 'ਤੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਬੰਦੀ ਸਿੱਖਾਂ ਦੀ ਰਿਹਾਈ ਲਈ ਕੋਈ ਵਿਚਕਾਰਲਾ ਰਸਤਾ ਕੱਢਣਾ ਚਾਹੀਦਾ ਹੈ।
ਕੁਝ ਦਿਨ ਪਹਿਲਾਂ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਸੁਖਬੀਰ ਬਾਦਲ ਨੇ ਨਾਰਾਜ਼ ਅਕਾਲੀ ਆਗੂਆਂ ਨੂੰ ਪਾਰਟੀ ਵਿੱਚ ਵਾਪਸ ਆਉਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਸੁਖਦੇਵ ਢੀਂਡਸਾ ਨੇ ਇਸ਼ਾਰਾ ਕੀਤਾ ਹੈ ਕਿ ਉਹ ਫਿਰ ਤੋਂ ਵਾਪਸੀ ਕਰ ਸਕਦੇ ਹਨ ਪਰ ਸਪੱਸ਼ਟ ਕਿਹਾ ਕਿ ਪਾਰਟੀ ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ ਅਜਿਹਾ ਸੰਭਵ ਨਹੀਂ ਹੈ।
ਇਸ ਮਗਰੋਂ ਉਨ੍ਹਾਂ ਨੇ ਇਹ ਮੀਟਿੰਗ ਬੁਲਾਈ। ਕਰੀਬ ਚਾਰ ਸਾਲ ਪਹਿਲਾਂ ਉਨ੍ਹਾਂ ਨੇ ਅਕਾਲੀ ਦਲ ਤੋਂ ਵੱਖਰਾ ਰਸਤਾ ਚੁਣ ਕੇ ਆਪਣੀ ਪਾਰਟੀ ਬਣਾਈ ਸੀ। ਉਨ੍ਹਾਂ ਦੀ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੈ।
ਇਹ ਵੀ ਪੜ੍ਹੋ : Farmers Protest News: 18 ਜਨਵਰੀ ਤੋਂ ਚੰਡੀਗੜ੍ਹ 'ਚ ਕਿਸਾਨ ਅੰਦੋਲਨ; ਹੱਕੀ ਮੰਗਾਂ ਲਈ ਹੋਵੇਗਾ ਸੰਘਰਸ਼