ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ PGI ਤੋਂ ਮਿਲੀ ਛੁੱਟੀ, ਪਰਤਣਗੇ ਆਪਣੇ ਪਿੰਡ ਮੂਸਾ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪੀਜੀਆਈ (PGI) ਚੰਡੀਗੜ੍ਹ ਤੋਂ ਛੁੱਟੀ ਮਿਲ ਗਈ ਹੈ।
ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪੀਜੀਆਈ (PGI) ਚੰਡੀਗੜ੍ਹ ਤੋਂ ਛੁੱਟੀ ਮਿਲ ਗਈ ਹੈ। ਗਾਇਕ ਦੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਬਲਕੌਰ ਸਿੰਘ ਦੇ 2 ਦਿਨ ਪਹਿਲਾ 3 ਸਟੰਟ ਪਾਏ ਗਏ ਹਨ।
ਤਾਏ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਹੁਣ ਉਹ ਬਿਲਕੁਲ ਸਿਹਤਯਾਬ ਹਨ ਤੇ ਅੱਜ ਦੇਰ ਰਾਤ ਆਪਣੇ ਪਿੰਡ ਮੂਸਾ ਪਹੁੰਚ ਜਾਣਗੇ।
ਲੰਘੀ 16 ਸਤੰਬਰ ਨੂੰ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਤੋਂ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਸੀ।
ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ ਕਤਲ ਕੀਤੇ ਜਾਣ ਤੋਂ ਬਾਅਦ ਬਲਕੌਰ ਸਿੰਘ ਆਪਣੇ ਪੁੱਤਰ ਦੀ ਮੌਤ ਲਈ ਇਨਸਾਫ਼ ਦੀ ਲੜਾਈ ਲੜ ਰਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਰੁੱਪ ਦੇ ਗੈਂਗਸਟਰਾਂ ਨੇ ਈ-ਮੇਲ ਰਾਹੀਂ ਧਮਕੀ ਦਿੱਤੀ ਕਿ ਜੇਕਰ ਉਹ ਚੁੱਪ ਨਾ ਕੀਤਾ ਤਾਂ ਉਸਦਾ ਹਾਲ ਉਸਦੇ ਪੁੱਤਰ ਨਾਲੋਂ ਵੀ ਭੈੜਾ ਹੋਵੇਗਾ।