Meet Hayer Letter To BCCI: ਵਿਸ਼ਵ ਕੱਪ `ਚੋਂ ਮੁਹਾਲੀ ਸਟੇਡੀਅਮ ਨੂੰ ਬਾਹਰ ਰੱਖਣ `ਤੇ ਖੇਡ ਮੰਤਰੀ ਨੇ ਬੀਸੀਸੀਆਈ ਨੂੰ ਲਿਖਿਆ ਪੱਤਰ
Meet Hayer Letter To BCCI: ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਮੁਹਾਲੀ ਸਟੇਡੀਅਮ ਨੂੰ ਬਾਹਰ ਰੱਖੇ ਜਾਣ ਤੋਂ ਨਾਰਾਜ਼ ਪੰਜਾਬ ਦੇ ਖੇਡ ਮੰਤਰੀ ਨੇ ਬੀਸੀਸੀਆਈ ਨੂੰ ਪੱਤਰ ਲਿਖ ਕੇ ਕਈ ਸਵਾਲ ਕੀਤੇ ਹਨ।
Meet Hayer Letter To BCCI: ਪੰਜਾਬ ਦੇ ਮੁਹਾਲੀ ਸਟੇਡੀਅਮ ਨੂੰ ਕ੍ਰਿਕਟ ਵਿਸ਼ਵ ਕੱਪ 'ਚੋਂ ਬਾਹਰ ਕੀਤੇ ਜਾਣ 'ਤੇ ਪੰਜਾਬ ਸਰਕਾਰ 'ਚ ਭਾਰੀ ਰੋਸ ਹੈ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਸਬੰਧੀ ਬੀਸੀਸੀਆਈ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਬੀਸੀਸੀਆਈ ਤੋਂ ਪੁੱਛਿਆ ਕਿ ਮੋਹਾਲੀ ਸਟੇਡੀਅਮ ਦਾ ਨਿਰੀਖਣ ਆਈਸੀਸੀ ਦੀ ਟੀਮ ਨੇ ਕਦੋਂ ਕੀਤਾ ਸੀ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਭਾਰਤ 'ਚ ਅਕਤੂਬਰ-ਨਵੰਬਰ 'ਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ 2023 ਦੇ ਤਹਿਤ ਮੋਹਾਲੀ ਸਟੇਡੀਅਮ 'ਚ ਕੋਈ ਮੈਚ ਨਾ ਕਰਵਾਉਣ 'ਤੇ ਨਾਰਾਜ਼ ਹਨ।
ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਬੀ.ਸੀ.ਸੀ.ਆਈ. ਦੇ ਮੀਤ ਪ੍ਰਧਾਨ ਦਾ ਬਿਆਨ ਦੇਖਿਆ, ਜਿਸ ਵਿਚ ਉਨ੍ਹਾਂ ਕਿਹਾ ਕਿ ਮੋਹਾਲੀ ਸਟੇਡੀਅਮ ਆਈ.ਸੀ.ਸੀ. ਦੇ ਮਾਪਦੰਡਾਂ 'ਤੇ ਖਰਾ ਨਹੀਂ ਉਤਰਦਾ। ਹੇਅਰ ਨੇ ਪੁੱਛਿਆ ਹੈ ਕਿ ਆਈ.ਸੀ.ਸੀ. ਦਾ ਕਿਹੜਾ ਮਾਪਦੰਡ ਸੀ ਜਿਸ ਦੇ ਆਧਾਰ 'ਤੇ ਮੋਹਾਲੀ ਨੂੰ ਵਿਸ਼ਵ ਕੱਪ ਮੈਚ ਦੀ ਮੇਜ਼ਬਾਨੀ ਲਈ ਯੋਗ ਨਹੀਂ ਮੰਨਿਆ ਗਿਆ? ਉਨ੍ਹਾਂ ਇਹ ਵੀ ਪੁੱਛਿਆ ਹੈ ਕਿ ਆਈਸੀਸੀ ਟੀਮ ਨੇ ਮੋਹਾਲੀ ਸਟੇਡੀਅਮ ਦਾ ਨਿਰੀਖਣ ਕਦੋਂ ਕੀਤਾ? ਖੇਡ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਨੂੰ ਵਿਸ਼ਵ ਕੱਪ ਦੇ ਕੁਝ ਮੈਚ ਕਰਵਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਪੰਜਾਬ ਨਾਲ ਇਨਸਾਫ ਕਰੋਗੇ।
ਵਿਸ਼ਵ ਕੱਪ ਦਾ ਪਹਿਲਾ ਅਤੇ ਆਖਰੀ ਮੈਚ ਗੁਜਰਾਤ ਦੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋ ਰਿਹਾ ਹੈ। ਅਜਿਹੇ 'ਚ ਦੇਸ਼ ਦੇ ਮੋਹਰੀ ਸਟੇਡੀਅਮ 'ਚ ਸ਼ਾਮਲ ਮੋਹਾਲੀ ਕ੍ਰਿਕਟ ਸਟੇਡੀਅਮ ਨੂੰ ਕਿਸ ਆਧਾਰ 'ਤੇ ਸ਼ਾਮਲ ਨਹੀਂ ਕੀਤਾ ਗਿਆ। ਮੰਤਰੀ ਮੀਤ ਹੇਅਰ ਨੇ ਕੇਂਦਰ ਸਰਕਾਰ 'ਤੇ ਸਿਆਸੀ ਕਾਰਨਾਂ ਕਰਕੇ ਮੁਹਾਲੀ ਦੇ ਕ੍ਰਿਕਟ ਸਟੇਡੀਅਮ ਨੂੰ ਸ਼ਾਮਲ ਨਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਕ੍ਰਿਕਟ ਪ੍ਰੇਮੀ ਭਾਰਤੀ ਟੀਮ ਨੂੰ ਆਪਣੇ ਘਰੇਲੂ ਮੈਦਾਨ 'ਤੇ ਖੇਡਦੇ ਨਹੀਂ ਦੇਖ ਸਕਣਗੇ।
ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋ ਕੇ 19 ਨਵੰਬਰ ਤੱਕ ਚੱਲੇਗਾ। 10 ਟੀਮਾਂ ਦੇ ਇਸ ਟੂਰਨਾਮੈਂਟ ਵਿੱਚ 45 ਲੀਗ ਅਤੇ 3 ਨਾਕਆਊਟ ਮੈਚ ਖੇਡੇ ਜਾਣਗੇ। 48 ਮੈਚ 46 ਦਿਨਾਂ ਤੱਕ ਚੱਲਣਗੇ, ਇਨ੍ਹਾਂ ਮੈਚਾਂ ਲਈ 12 ਸ਼ਹਿਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਨ੍ਹਾਂ 'ਚ ਬੈਂਗਲੁਰੂ, ਚੇਨਈ, ਦਿੱਲੀ, ਧਰਮਸ਼ਾਲਾ, ਹੈਦਰਾਬਾਦ, ਕੋਲਕਾਤਾ, ਅਹਿਮਦਾਬਾਦ ਅਤੇ ਮੁੰਬਈ ਦੇ ਨਾਲ ਇਸ ਵਾਰ ਗੁਹਾਟੀ, ਲਖਨਊ, ਇੰਦੌਰ ਅਤੇ ਰਾਜਕੋਟ ਨੂੰ ਵੀ ਇਸ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ।
ਭਾਰਤ ਦੇ 48 ਮੈਚ ਹੋਣਗੇ
ਇੱਕ ਰੋਜ਼ਾ ਵਿਸ਼ਵ ਕੱਪ 2023 ਦੇ ਸਾਰੇ 48 ਮੈਚ ਇਸ ਵਾਰ ਭਾਰਤ ਵਿੱਚ ਹੀ ਹੋਣਗੇ। ਟੂਰਨਾਮੈਂਟ ਲਈ 12 ਵੱਖ-ਵੱਖ ਸ਼ਹਿਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਫਾਈਨਲ ਮੁਕਾਬਲਾ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗਾ। ਪੰਜਾਬ ਦਾ ਮੋਹਾਲੀ, ਜਿੱਥੇ 2011 ਭਾਰਤ-ਪਾਕਿਸਤਾਨ ਵਨਡੇ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡਿਆ ਗਿਆ ਸੀ, ਸ਼ਾਰਟਲਿਸਟ ਕੀਤੇ ਸ਼ਹਿਰਾਂ ਵਿੱਚ ਸ਼ਾਮਲ ਨਹੀਂ ਹੈ। ਇਸ ਸਟੇਡੀਅਮ ਵਿੱਚ 2016 ਦੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅਹਿਮ ਲੀਗ ਮੈਚ ਵੀ ਖੇਡਿਆ ਗਿਆ ਸੀ।
ਇਹ ਵੀ ਪੜ੍ਹੋ : Punjab News: ਉੱਚ ਯੋਗਤਾ ਦੇ ਬਾਵਜੂਦ ਨੌਜਵਾਨ ਮੁੰਡੇ ਤੇ ਕੁੜੀਆਂ ਕਰ ਰਹੇ ਹਨ ਝੋਨੇ ਦੀ ਲੁਆਈ, ਜਾਣੋ ਵਜ੍ਹਾ