Sri Anandpur Sahib News (ਬਿਮਲ ਸ਼ਰਮਾ): ਅੱਜ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਸਮੇਤ ਅਰਦਾਸ ਫਿਲਮ ਦੀ ਸਮੁੱਚੀ ਸਟਾਰ ਕਾਸਟ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਈ ਤੇ ਉਨ੍ਹਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਗੱਲਬਾਤ ਦੌਰਾਨ ਦੋਵੇਂ ਅਦਾਕਾਰਾਂ ਨੇ ਕਿਹਾ ਕਿ ਬਹੁਤ ਮਿਹਨਤ ਤੋਂ ਬਾਅਦ ਇੱਕ ਅਲੱਗ ਵਿਸ਼ੇ ਉਤੇ ਇਹ ਫਿਲਮ ਬਣਾਈ ਗਈ ਹੈ।


COMMERCIAL BREAK
SCROLL TO CONTINUE READING

ਇਹ ਫਿਲਮ ਨੂੰ ਦਰਸ਼ਕ ਨੂੰ ਜ਼ਰੂਰ ਪਸੰਦ ਆਏਗੀ। ਗਿੱਪੀ ਗਰੇਵਾਲ ਨੇ ਕਿਹਾ ਕਿ ਖਾਸ ਤੌਰ ਉਤੇ ਇਸ ਫਿਲਮ ਨੂੰ ਬਣਾਉਣ ਤੋਂ ਪਹਿਲਾਂ ਜਿੱਥੇ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਗਿਆ ਉੱਥੇ ਫਿਲਮ ਬਣਾਉਣ ਤੋਂ ਬਾਅਦ ਬਹੁਤ ਸਾਰੇ ਸੁਲਝੇ ਹੋਏ ਇਨਸਾਨਾਂ ਨੂੰ ਇਹ ਫਿਲਮ ਦਿਖਾਈ ਗਈ ਤਾਂ ਜੋ ਲੋਕਾਂ ਦੇ ਸੁਝਾਅ ਤੇ ਰਾਇ ਨੂੰ ਜਾਣਨ ਤੋਂ ਬਾਅਦ ਹੀ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਫਿਲਮ ਨੂੰ ਦੇਖਣ ਵਾਲੇ ਲੋਕਾਂ ਨੇ ਇਸ ਫਿਲਮ ਦੀ ਪ੍ਰਸ਼ੰਸਾ ਕੀਤੀ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਲੋਕ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਦੇਣਗੇ।


ਗਿੱਪੀ ਗਰੇਵਾਲ ਨੇ ਕਿਹਾ ਕਿ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋ ਰਹੀ। ਉਨ੍ਹਾਂ ਨੇ ਕਿਹਾ ਕਿ ਉਹ ਬਚਪਨ ਵਿੱਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਟਰਾਲੀ ਵਿੱਚ ਬੈਠ ਕੇ ਆਉਂਦੇ ਸਨ ਅਤੇ ਉਨ੍ਹਾਂ ਦੀਆਂ ਯਾਦਾਂ ਇਸ ਪਵਿੱਤਰ ਨਗਰੀ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਜਦੋਂ ਮੈਂ ਬਚਪਨ ਵਿੱਚ ਪਹਿਲੀ ਵਾਰ ਅਨੰਦਪੁਰ ਸਾਹਿਬ ਵਿਖੇ ਆਇਆ ਤਾਂ ਟਰਾਲੀ ਦੇ ਡਾਲੇ ਉਤੇ ਬੈਠ ਕੇ ਆਇਆ ਤੇ ਉਸ ਸਮੇਂ ਮੇਰੇ ਸੱਟ ਲੱਗੀ ਤੇ ਮੇਰਾ ਦੰਦ ਵੀ ਟੁੱਟ ਗਿਆ ਸੀ।


ਉਨ੍ਹਾਂ ਨੇ ਕਿਹਾ ਪਰੰਤੂ ਉਹ ਬਹੁਤ ਪੁਰਾਣੀਆਂ ਗੱਲਾਂ ਹਨ। ਉਸ ਤੋਂ ਬਾਅਦ ਉਨ੍ਹਾਂ ਵੱਲੋਂ ਸਿੱਖ ਪੰਥ ਦੇ ਸਾਰੇ ਤਖਤ ਸਾਹਿਬਾਨ ਦੀ ਯਾਤਰਾ ਕੀਤੀ ਗਈ ਤੇ ਅੱਜ ਦੁਬਾਰਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ ਅਤੇ ਉਹ ਬੇਹੱਦ ਖੁਸ਼ ਹਨ। ਗੁਰਪ੍ਰੀਤ ਘੁੱਗੀ ਨੇ ਵੀ ਕਿਹਾ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸਾਹਿਬ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਤੇ ਇਸ ਧਰਤੀ ਉਤੇ ਪੁੱਜ ਕੇ ਹਰ ਕਿਸੇ ਦੀ ਅਰਦਾਸ ਪੂਰੀ ਹੁੰਦੀ ਹੈ।


ਉਨ੍ਹਾਂ ਕਿਹਾ ਕਿ ਫਿਲਮ ਅਰਦਾਸ ਬਣ ਚੁੱਕੀ ਹੈ ਤੇ ਉਸ ਦੀ ਪ੍ਰਮੋਸ਼ਨ ਵੀ ਖ਼ਤਮ ਹੋ ਚੁੱਕੀ ਹੈ ਤੇ ਸਾਡੇ ਮਨ ਵਿੱਚ ਸੀ ਕਿ ਖ਼ਾਲਸਾ ਪੰਥ ਦੀ ਇਸ ਪਵਿੱਤਰ ਨਗਰੀ ਉਤੇ ਪੁੱਜ ਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਹਰ ਇੱਕ ਵਿਅਕਤੀ ਲਈ ਵੀ ਅਰਦਾਸ ਕਰਦੇ ਹਨ ਕੇ ਪ੍ਰਮਾਤਮਾ ਹਰ ਕਿਸੇ ਨੂੰ ਚੜ੍ਹਦੀ ਕਲਾ ਬਖਸ਼ੇ।


ਇਹ ਵੀ ਪੜ੍ਹੋ : Punjab News: ਪੰਜਾਬ ਸਰਕਾਰ ਨੇ ਮੋਦੀ ਸਰਕਾਰ ਨੂੰ ਲਿਖਿਆ ਪੱਤਰ, ਕਰਜ਼ਾ ਹੱਦ ਵਧਾਉਣ ਦੀ ਕੀਤੀ ਮੰਗ