Stubble Burning - ਪਰਾਲੀ ਸਾੜਨ ਦਾ ਸਿਲਸਿਲਾ ਜਾਰੀ, 1 ਦਿਨ `ਚ 85 ਮਾਮਲੇ ਆਏ ਸਾਹਮਣੇ
ਪੰਜਾਬ ਦੇ ਵਿਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।ਸਰਕਾਰ ਵੱਲੋਂ ਜਿੰਨੇ ਮਰਜ਼ੀ ਜਾਗਰੂਕਤਾ ਅਭਿਆਨ ਚਲਾਏ ਗਏ ਹੋਣ ਜਾਂ ਫਿਰ ਸਖ਼ਤੀ ਕੀਤੀ ਗਈ ਹੋਵੇ।ਉਸਦਾ ਅਸਰ ਕਿਧਰੇ ਵੀ ਨਹੀਂ ਵਿਖਾਈ ਦੇ ਰਿਹਾ। ਕਿਸਾਨ ਬੇਫਿਕਰ ਹੋ ਕੇ ਪਰਾਲੀ ਸਾੜ ਰਹੇ ਹਨ।
Stubble Burning - ਚੰਡੀਗੜ: ਪੰਜਾਬ ਸਰਕਾਰ ਨੇ ਬੇਸ਼ੱਕ ਪਰਾਲੀ ਨੂੰ ਸਾੜਣ ਤੋਂ ਰੋਕਣ ਲਈ ਕਈ ਜਾਗਰੂਕਤਾ ਅਭਿਆਨ ਚਲਾਏ ਹੋਣ ਜਾਂ ਫਿਰ ਸਖ਼ਤੀ ਕੀਤੀ ਹੋਵੇ ਪਰ ਸੱਚ ਇਹ ਹੈ ਕਿ ਪੰਜਾਬ ਵਿਚ ਅਜੇ ਵੀ ਕਿਸਾਨ ਨਿਧੜਕ ਹੋ ਕੇ ਪਰਾਲੀ ਨੂੰ ਅੱਗ ਲਗਾ ਰਹੇ ਹਨ। ਪੰਜਾਬ ਵਿਚ ਹਰ ਰੋਜ਼ ਪਰਾਲੀ ਸਾੜਨ ਦੇ ਮਾਮਲੇ ਵੱਧ ਰਹੇ ਹਨ। ਇਸ ਸੀਜ਼ਨ ਦੇ ਵਿਚ ਹੁਣ ਤੱਕ 600 ਤੋਂ ਜ਼ਿਆਦਾ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ। ਜਿਹਨਾਂ ਵਿਚੋਂ ਸਭ ਤੋਂ ਜ਼ਿਆਦਾ ਮਾਝੇ ਨਾਲ ਸਬੰਧਿਤ ਹਨ।
ਪੰਜਾਬ ਭਰ ਵਿਚ ਇਕ ਦਿਨ ਵਿਚ ਪਰਾਲੀ ਸਾੜਨ ਦੇ 85 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਪੰਜਾਬ ਦਾ ਅੰਮ੍ਰਿਤਸਰ ਜ਼ਿਲ੍ਹਾ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਸਭ ਤੋਂ ਅੱਗੇ ਹੈ। ਅੰਮ੍ਰਿਤਸਰ ਵਿਚ ਪਰਾਲੀ ਸਾੜਨ ਦੇ 419 ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਤਰਨਤਾਰਨ 106 ਕੇਸਾਂ ਨਾਲ ਦੂਜੇ ਨੰਬਰ ’ਤੇ ਪਟਿਆਲਾ 21 ਕੇਸਾਂ ਨਾਲ ਤੀਜੇ, ਕਪੂਰਥਲਾ 19 ਕੇਸਾਂ ਨਾਲ ਚੌਥੇ ਨੰਬਰ ’ਤੇ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਵਿਚ 15, ਜਲੰਧਰ ਵਿਚ 12, ਗੁਰਦਾਸਪੁਰ ਵਿਚ 7, ਲੁਧਿਆਣਾ ਵਿਚ ਛੇ, ਐਸ. ਏ. ਐਸ. ਅਤੇ ਸੰਗਰੂਰ ਵਿਚ ਪੰਜ-ਪੰਜ, ਬਰਨਾਲਾ, ਮੋਗਾ ਅਤੇ ਫਰੀਦਕੋਟ ਵਿੱਚ ਦੋ-ਦੋ, ਫਤਿਹਗੜ੍ਹ ਸਾਹਿਬ ਵਿੱਚ ਤਿੰਨ ਮਾਮਲੇ ਸਾਹਮਣੇ ਆਏ ਹਨ।
ਵੀਰਵਾਰ ਨੂੰ ਵੀ ਪਰਾਲੀ ਸਾੜਨ ਦੇ 85 ਮਾਮਲਿਆਂ 'ਚੋਂ ਅੰਮ੍ਰਿਤਸਰ ਜ਼ਿਲਾ 29 ਮਾਮਲਿਆਂ ਨਾਲ ਪਹਿਲੇ ਨੰਬਰ 'ਤੇ ਰਿਹਾ। ਜਦਕਿ ਤਰਨਤਾਰਨ ਵਿੱਚ 26 ਅਤੇ ਪਟਿਆਲਾ ਵਿੱਚ 9 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ।
ਦੂਜੇ ਪਾਸੇ ਕਿਸਾਨ ਲਗਾਤਾਰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ ਕੋਈ ਉਚਿਤ ਮੁਆਵਜ਼ਾ ਨਹੀਂ ਮਿਲਦਾ ਅਤੇ ਨਾ ਹੀ ਉਪਰੋਂ ਇਸ ਸਮੱਸਿਆ ਦਾ ਕੋਈ ਹੱਲ ਨਿਕਲ ਰਿਹਾ ਹੈ। ਅਜਿਹੇ ਵਿੱਚ ਉਹ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹਨ। ਅਜਿਹੇ ਵਿਚ ਕਿਸਾਨਾਂ ਨੇ ਪ੍ਰਸ਼ਾਸਨ ਦੇ ਜੁਰਮਾਨੇ ਦਾ ਵਿਰੋਧ ਕੀਤਾ ਹੈ।
WATCH LIVE TV