Sukhjinder Randhawa:  ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ 'ਤੇ ਅੱਜ ਸਵੇਰੇ 7 ਵਜੇ ਤੋਂ ਵੋਟਿੰਗ ਹੋ ਰਹੀ ਹੈ। ਵੋਟਿੰਗ ਦੌਰਾਨ ਸਵੇਰੇ ਤੜਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ ਤੇ ਇਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਮੌਕੇ 'ਤੇ ਪਹੁੰਚੇ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਇੱਕ ਦੂਜੇ 'ਤੇ ਗੰਭੀਰ ਦੋਸ਼ ਲਗਾਏ।


COMMERCIAL BREAK
SCROLL TO CONTINUE READING

ਤਣਾਅਪੂਰਨ ਹਾਲਤ ਵਿਚਾਲੇ ਪੁਲਿਸ ਵੱਲੋਂ 100 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ। ਇਸ ਪੂਰੀ ਘਟਨਾ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ 'ਚ ਦੋਵੇਂ ਧਿਰਾਂ ਆਪਸ 'ਚ ਬਹਿਸ ਕਰਦੀਆਂ ਤੇ ਲੜਦੀਆਂ ਨਜ਼ਰ ਆ ਰਹੀਆਂ ਹਨ।


ਇਹ ਘਟਨਾ ਡੇਰਾ ਬਾਬਾ ਨਾਨਕ ਦੇ ਪਿੰਡ ਡੇਰਾ ਪਠਾਣਾਂ ਦੀ ਹੈ। ਦੋਵਾਂ ਪਾਰਟੀਆਂ ਦੇ ਵਰਕਰਾਂ ਨੇ ਇੱਕ ਦੂਜੇ 'ਤੇ ਕੁੱਟਮਾਰ ਦੇ ਗੰਭੀਰ ਦੋਸ਼ ਲਗਾਏ ਹਨ। ਮੌਕੇ ’ਤੇ ਪੁੱਜੇ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਕਿਸੇ ਤਰ੍ਹਾਂ ਆਪਣੇ ਵਰਕਰਾਂ ਨੂੰ ਸ਼ਾਂਤ ਕੀਤਾ ਤੇ ਲੋਕਾਂ ਨੂੰ ਸ਼ਾਂਤੀਪੂਰਵਕ ਵੋਟਾਂ ਪਾਉਣ ਦੀ ਅਪੀਲ ਕੀਤੀ।


ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਦੋਂ ਕਾਂਗਰਸੀ ਵਰਕਰਾਂ ਦੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੁੱਟਮਾਰ ਕੀਤੀ ਗਈ ਤਾਂ ਮੈਂ ਇੱਥੇ ਪਹੁੰਚ ਗਿਆ। ਕਾਂਗਰਸੀ ਵਰਕਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਪੁਲਿਸ ਨੇ ਬਾਹਰਲੇ ਸ਼ਹਿਰਾਂ ਤੋਂ ਆਏ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਆਮ ਆਦਮੀ ਪਾਰਟੀ ਨਾਲ ਸੀ।


ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ 'ਆਪ' ਆਗੂ ਕੁਝ ਕਹਿਣ ਦੇ ਡਰੋਂ ਡੀਐਸਪੀ ਅੰਦਰ ਨਹੀਂ ਗਏ। ਰੰਧਾਵਾ ਨੇ ਕਿਹਾ ਕਿ ਬਹੁਤ ਸਾਰੇ ਲੋਕ ਬਾਹਰਲੇ ਸ਼ਹਿਰਾਂ ਤੋਂ ਆਏ ਹਨ। ਇਸ ਦੇ ਨਾਲ ਹੀ ਪੁਲਿਸ ਦੀ ਕਾਰਵਾਈ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਗਏ ਹਨ।
ਆਮ ਆਦਮੀ ਪਾਰਟੀ ਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਮੌਕੇ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਨੇ ਆਪਣੀ ਸਰਕਾਰ ਵੇਲੇ ਗੈਂਗਸਟਰਾਂ ਨੂੰ ਪਾਲਿਆ ਤੇ ਅੱਜ ਗੈਂਗਸਟਰਾਂ ਤੋਂ ਡਰਦੇ ਹਨ।


ਰੰਧਾਵਾ ਨੇ ਗੰਭੀਰ ਦੋਸ਼ ਲਾਇਆ ਕਿ ਡੇਰਾ ਬਾਬਾ ਨਾਨਕ ਵਿੱਚ 6 ਤੋਂ 7 ਕਤਲ ਕਾਂਗਰਸ ਨੇ ਕਰਵਾਏ ਹਨ। ਨਾਲ ਹੀ ਇਹ ਸਭ ਕੁਝ ਸੁਖਜਿੰਦਰ ਸਿੰਘ ਰੰਧਾਵਾ ਦੇ ਉਕਸਾਉਣ 'ਤੇ ਕੀਤਾ ਗਿਆ ਸੀ। ਰੰਧਾਵਾ ਨੇ ਅੱਗੇ ਕਿਹਾ ਕਿ ਵੋਟਿੰਗ ਸ਼ਾਂਤੀਪੂਰਵਕ ਹੋਣੀ ਚਾਹੀਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਜਿੱਤ ਵੱਲ ਵਧ ਰਹੀ ਹੈ।