Sukhjinder Randhawa: ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਤੋਂ ਇਲਾਵਾ ਰੰਧਾਵਾ ਨੇ ਮਾਣਹਾਨੀ ਮੁਕੱਦਮਾ ਦਰਜ ਕਰਵਾਉਣ ਦੀ ਗੱਲ ਵੀ ਕਹੀ ਹੈ।


COMMERCIAL BREAK
SCROLL TO CONTINUE READING

ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਐਕਸ ਹੈਂਡਲ ਉਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਕੱਲ੍ਹ ਡੇਰਾ ਬਾਬਾ ਨਾਨਕ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਨ੍ਹਾਂ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਦਾ ਹੀ ਐਲਾਨ ਕਰ ਗਏ। ਉਸ ਤੋਂ ਇਲਾਵਾ ਬਿਨਾਂ ਸਿਰ-ਪੈਰ ਦੀ ਜੋ ਸ਼ਬਦਾਵਲੀ ਮੇਰੇ ਤੇ ਮੇਰੇ ਪਰਿਵਾਰ ਲਈ ਵਰਤੀ ਗਈ ਉਸ ਨੇ ਹਰ ਕਿਸੇ ਨੂੰ ਮਾਨਸਿਕ ਠੇਸ ਪਹੁੰਚਾਈ ਹੈ। ਜੇਕਰ ਤੁਸੀਂ ਕੱਲ੍ਹ ਦੀ ਇਸ ਹਰਕਤ ਲਈ ਲਿਖਤੀ ਵਿੱਚ ਮੁਆਫੀ ਨਹੀਂ ਮੰਗੀ ਤਾਂ ਤੁਹਾਡੇ ਖਿਲਾਫ਼ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਜਾਵੇਗਾ।


ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਨੋਟਿਸ 9 ਨਵੰਬਰ 2024 ਨੂੰ ਡੇਰਾ ਬਾਬਾ ਨਾਨਕ ਵਿੱਚ ਜ਼ਿਮਨੀ ਚੋਣਾਂ ਦੇ ਸਬੰਧ ਵਿੱਚ ਆਯੋਜਿਤ 'ਆਪ' ਦੀ ਸਿਆਸੀ ਰੈਲੀ ਦੌਰਾਨ ਕੇਜਰੀਵਾਲ ਵੱਲੋਂ ਕਥਿਤ ਤੌਰ 'ਤੇ ਦਿੱਤੇ ਗਏ ਅਪਮਾਨਜਨਕ ਬਿਆਨਾਂ ਖਿਲਾਫ਼ ਜਾਰੀ ਕੀਤਾ ਗਿਆ ਹੈ।


ਰੰਧਾਵਾ ਦੇ ਵਕੀਲ ਰਾਹੀਂ ਭੇਜੇ ਇਸ ਨੋਟਿਸ ਵਿੱਚ ਕੇਜਰੀਵਾਲ ਤੋਂ ਬਿਨਾਂ ਸ਼ਰਤ ਲਿਖਤੀ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ। ਇਹ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


ਅਪਮਾਨਜਨਕ ਬਿਆਨ ਦੇ ਕੇ ਅਕਸ ਨੂੰ ਢਾਹ ਲਗਾਉਣ ਦੇ ਲਾਏ ਦੋਸ਼
ਸੁਖਜਿੰਦਰ ਸਿੰਘ ਰੰਧਾਵਾ ਦੇ ਵਕੀਲ ਵੱਲੋਂ ਜਾਰੀ ਕਾਨੂੰਨੀ ਨੋਟਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੇਜਰੀਵਾਲ ਨੇ ਰੈਲੀ ਵਿੱਚ “ਭ੍ਰਿਸ਼ਟ” ਅਤੇ “ਬੇਈਮਾਨ” ਵਰਗੇ ਸ਼ਬਦਾਂ ਦੀ ਵਰਤੋਂ ਕਰਕੇ ਰੰਧਾਵਾ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਬਿਆਨਾਂ ਨਾਲ ਨਾ ਸਿਰਫ਼ ਰੰਧਾਵਾ ਦੀ ਸਾਖ ਨੂੰ ਠੇਸ ਪਹੁੰਚੀ ਹੈ ਸਗੋਂ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਦੇ ਨਾਲ-ਨਾਲ ਉਨ੍ਹਾਂ ਦੇ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ।


ਵਕੀਲ ਨੇ ਨੋਟਿਸ ਵਿੱਚ ਕਿਹਾ ਕਿ ਰੰਧਾਵਾ ਦਾ ਸਿਆਸੀ ਕਰੀਅਰ ਸਾਫ਼-ਸੁਥਰਾ ਰਿਹਾ ਹੈ ਤੇ ਉਸ ਨੇ ਕਦੇ ਵੀ ਨਿੱਜੀ ਲਾਭ ਲਈ ਸੱਤਾ ਦੀ ਦੁਰਵਰਤੋਂ ਨਹੀਂ ਕੀਤੀ। ਰੰਧਾਵਾ ਆਪਣੇ ਭਾਈਚਾਰੇ ਅਤੇ ਸੂਬੇ ਪ੍ਰਤੀ ਸਮਰਪਣ ਲਈ ਜਾਣੇ ਜਾਂਦੇ ਹਨ ਤੇ ਕੇਜਰੀਵਾਲ ਦੇ ਬਿਆਨਾਂ ਨੇ ਉਨ੍ਹਾਂ ਦੀ ਸਾਖ ਨੂੰ ਠੇਸ ਪਹੁੰਚਾਈ ਹੈ।