ਸਾਬਕਾ ਮੰਤਰੀਆਂ ਦੀ ਗ੍ਰਿਫ਼ਤਾਰੀਆਂ ਮੌਕੇ ਵੀ ਕਾਂਗਰਸੀ ਅਲਾਪ ਰਹੇ ਵੱਖੋ-ਵੱਖਰੇ ਸੁਰ!
ਵਿਧਾਇਕ ਸੁਖਪਾਲ ਖਹਿਰਾ ਨੇ ਇਸ ਮੌਕੇ ਆਪਣੀ ਉਦਹਾਰਣ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਇੱਕਲਿਆਂ ਹੀ ਇੰਨਫ਼ੋਰਸਮੈਂਟ ਡਿਪਾਰਟਮੈਂਟ(ED) ਦਾ ਸਾਹਮਣਾ ਕੀਤਾ।
ਚੰਡੀਗੜ੍ਹ: ਨੈਸ਼ਨਲ ਲੈਵਲ ’ਤੇ ਕਾਂਗਰਸ ਪਾਰਟੀ ’ਚ ਵਿਕਟਾਂ ਦਾ ਡਿੱਗਣਾ (ਆਗੂਆਂ ਦੇ ਅਸਤੀਫ਼ੇ) ਲਗਾਤਾਰ ਜਾਰੀ ਹੈ, ਦੂਜੇ ਪਾਸੇ ਪੰਜਾਬ ’ਚ ਵੀ ਆਗੂਆਂ ਦੇ ਆਪਸੀ ਮਤਭੇਦ ਉੱਭਰ ਕੇ ਸਾਹਮਣੇ ਆ ਰਹੇ ਹਨ। ਹੁਣ ਵਿਰੋਧੀ ਧਿਰ ਦੇ ਨੇਤਾ ਰਹੇ ਸੁਖਪਾਲ ਖਹਿਰਾ ਦਾ ਇੱਕ ਟਵੀਟ ਸਾਹਮਣੇ ਆਇਆ ਹੈ ਜਿਸਨੇ ਕਾਂਗਰਸੀ ਆਗੂਆਂ ’ਚ ਆਪਸੀ ਮਤਭੇਦਾਂ ਨੂੰ ਇਕ ਵਾਰ ਫੇਰ ਉਜਾਗਰ ਕੀਤਾ ਹੈ।
ਜੇਕਰ ਆਗੂ ਇਮਾਨਦਾਰ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ: ਖਹਿਰਾ
ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal singh khairaਨੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder singh raja warring) ਨੂੰ ਨਸੀਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਇੱਕ ਖ਼ਾਸ ਵਿਅਕਤੀ ਲਈ ਪਾਰਟੀ ਕੇਡਰ ਦੀ ਤਾਕਤ (Energy) ਬਰਬਾਦ ਨਾ ਕੀਤੀ ਜਾਵੇ। ਉਨ੍ਹਾਂ ਦਾ ਸਿੱਧਾ-ਸਿੱਧਾ ਇਸ਼ਾਰਾ ਲੁਧਿਆਣਾ ਤੋਂ ਵਿਜੀਲੈਂਸ ਵਿਭਾਗ (Vigilance Bureau) ਦੁਆਰਾ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲ ਸੀ।
ਵਿਧਾਇਕ ਸੁਖਪਾਲ ਖਹਿਰਾ ਨੇ ਇਸ ਮੌਕੇ ਆਪਣੀ ਉਦਹਾਰਣ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਇੱਕਲਿਆਂ ਹੀ ਇੰਨਫ਼ੋਰਸਮੈਂਟ ਡਿਪਾਰਟਮੈਂਟ(ED) ਦਾ ਸਾਹਮਣਾ ਕੀਤਾ। ਕਿਉਂਕਿ ਮੈਂ ਇਮਾਨਦਾਰ ਤੇ ਸੱਚਾ ਸੀ, ਇਸ ਤੋਂ ਬਾਅਦ ਵੀ ਹਲਕਾ ਭੁੱਲਥ ਦੇ ਲੋਕਾਂ ਨੇ ਮੈਨੂੰ ਦੁਬਾਰਾ ਵੋਟਾਂ ਪਾਕੇ ਵਿਧਾਨ ਸਭਾ ਭੇਜਿਆ। ਜੇਕਰ ਸਾਡੇ ਆਗੂ ਈਮਾਨਦਾਰ ਹਨ ਤਾਂ ਉਨ੍ਹਾਂ ਦੀ ਚਿੰਤਾ ਕਿਉਂ?
ਦੱਸ ਦੇਈਏ ਕਿ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੀ ਗ੍ਰਿਫ਼ਤਾਰੀ ਤੋਂ ਬਾਅਦ ਪ੍ਰਧਾਨ ਰਾਜਾ ਵੜਿੰਗ ਨੇ ਸਰਕਾਰ ਖ਼ਿਲਾਫ਼ ਪੱਕਾ ਮੋਰਚਾ ਖੋਲ੍ਹਿਆ ਹੋਇਆ ਹੈ। ਆਸ਼ੂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਵਿਜੀਲੈਂਸ ਵਿਭਾਗ ਦੇ ਮੁੱਖ ਦਫ਼ਤਰ ਦਾ ਰਾਜਾ ਵੜਿੰਗ ਦੀ ਅਗਵਾਈ ’ਚ ਕਾਂਗਰਸੀ ਵਰਕਰਾਂ ਦੁਆਰਾ ਘਿਰਾਓ ਵੀ ਕੀਤਾ ਗਿਆ ਸੀ।
ਧਰਮਸੋਤ ਦੀ ਗ੍ਰਿਫ਼ਤਾਰੀ ਮੌਕੇ ਨਜ਼ਰ ਨਹੀਂ ਆਇਆ ਸ਼ਕਤੀ ਪ੍ਰਦਰਸ਼ਨ
ਜ਼ਿਕਰਯੋਗ ਹੈ ਕਿ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਪਟਿਆਲਾ ਜੇਲ੍ਹ ’ਚ ਹਨ ਤੇ ਇਸ ਤੋਂ ਇਲਾਵਾ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਹੋਈ ਹੈ। ਇਨ੍ਹਾਂ ਦੋਹਾਂ ਸਾਬਕਾ ਮੰਤਰੀਆਂ ਦੀ ਗ੍ਰਿਫ਼ਤਾਰੀ ਵੇਲੇ ਕਾਂਗਰਸ ਪਾਰਟੀ ਦੁਆਰਾ ਕੋਈ ਧਰਨਾ ਪਰਦਰਸ਼ਨ ਵੇਖਣ ਨੂੰ ਨਹੀਂ ਮਿਲਿਆ ਸੀ, ਜਿਨ੍ਹਾਂ ਸ਼ਕਤੀ ਪ੍ਰਦਰਸ਼ਨ ਆਸ਼ੂ ਦੀ ਗ੍ਰਿਫ਼ਤਾਰੀ ਮੌਕੇ ਸੂਬੇ ਦੀ ਕਾਂਗਰਸ ਇਕਾਈ ਦੁਆਰਾ ਕੀਤਾ ਜਾ ਰਿਹਾ ਹੈ।