ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਸਬੰਧੀ ਰਾਜਪਾਲ ਨੂੰ ਲਿਖਿਆ ਪੱਤਰ, ਵੇਖੋ ਕੀ ਹੋਵੇਗੀ ਕਾਰਵਾਈ?
ਸਰਕਾਰ ਦੀ ਪਿਛਲੇ 9 ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਸਪੱਸ਼ਟ ਹੁੰਦਾ ਹੈ ਕਿ ‘ਆਪ’ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ’ਚ ਪਾਰਟੀ ਦੇ ਪ੍ਰਚਾਰ ’ਤੇ ਸੈਂਕੜੇ ਕਰੋੜਾਂ ਰੁਪਏ ਖ਼ਰਚ ਕੀਤੇ ਹਨ।
Sukhpal Khaira letter to Governor: ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖਿਆ ਗਿਆ ਹੈ। ਇਸ ਪੱਤਰ ’ਚ ਉਨ੍ਹਾਂ ਆਮ ਆਦਮੀ ਪਾਰਟੀ ਦੁਆਰਾ ਹਿਮਾਚਲ ਅਤੇ ਗੁਜਰਾਤ ’ਚ ਚੋਣ ਪ੍ਰਚਾਰ ਦੌਰਾਨ ਖ਼ਰਚ ਕੀਤੇ ਗਏ ਪੰਜਾਬ ਦੇ ਪੈਸੇ ਦੀ ਵਸੂਲੀ ਦਾ ਜ਼ਿਕਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਨੂੰ ਸੂਬੇ ਦੇ ਖਜ਼ਾਨੇ ਦੀ ਵਰਤੋ ਸਿਆਸੀ ਮੰਤਵ ਲਈ ਖ਼ਰਚ ਕਰਨ ਦਾ ਅਧਿਕਾਰ ਨਹੀਂ ਹੈ।
ਉਨ੍ਹਾਂ ਆਪਣੇ ਪੱਤਰ ’ਚ ਜ਼ਿਕਰ ਕੀਤਾ ਹੈ ਕਿ ਦਿੱਲੀ ਦੇ ਰਾਜਪਾਲ ਦੁਆਰਾ ਆਮ ਆਦਮੀ ਪਾਰਟੀ ਤੋਂ 97 ਕਰੋੜ ਰੁਪਏ ਵਸੂਲਣ ਲਈ ਨੋਟਿਸ ਜਾਰੀ ਕੀਤਾ ਹੈ, ਜੋ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਪ੍ਰਚਾਰ ਅਤੇ ਇਸ਼ਤਿਹਾਰਾਂ ’ਤੇ ਖ਼ਰਚ ਕੀਤਾ ਸੀ।
ਖਹਿਰਾ ਨੇ ਕਿਹਾ ਕਿ ਸਰਕਾਰ ਦੀ ਪਿਛਲੇ 9 ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਸਪੱਸ਼ਟ ਹੁੰਦਾ ਹੈ ਕਿ ‘ਆਪ’ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ’ਚ ਪਾਰਟੀ ਦੇ ਪ੍ਰਚਾਰ ’ਤੇ ਸੈਂਕੜੇ ਕਰੋੜਾਂ ਰੁਪਏ ਖ਼ਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਪੰਜਾਬ ’ਚ ਵੀ ਆਮ ਆਦਮੀ ਪਾਰਟੀ ਤੋਂ ਇਸ ਵੱਡੀ ਰਕਮ ਦੀ ਵਸੂਲੀ ਲਈ ਹੁਕਮ ਜਾਰੀ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਵਸੂਲਿਆ ਇਹ ਪੈਸਾ ਜਿੱਥੇ ਭੁੱਖਮਰੀ ਨਾਲ ਜੂਝ ਰਹੇ ਸੂਬੇ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ ਉੱਥੇ ਹੀ ਇੱਕ ਮਿਸਾਲ ਵੀ ਕਾਇਮ ਕਰੇਗਾ ਤਾਂ ਜੋ ਭਵਿੱਖ ’ਚ ਕਿਸੇ ਵੀ ਸੱਤਾਧਾਰੀ ਪਾਰਟੀ ਵਲੋਂ ਸੂਬੇ ਦੇ ਖਜ਼ਾਨੇ ਦਾ ਦੁਰਉਪਯੋਗ ਕਰਨ ਦੀ ਹਿੰਮਤ ਨਾ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਪਿੰਡ ਮੂਸੇਵਾਲਾ ’ਚ ਸਾਬਕਾ CM ਚੰਨੀ ਦਾ ਪੁਲਿਸ ਨੇ ਸੰਮਨ ਸੌਂਪ ਕੇ ਕੀਤਾ ਸਵਾਗਤ!