Lehragaga Encounter: ਲਹਿਰਾਗਾਗਾ ਵਿੱਚ ਛਾਪੇਮਾਰੀ ਕਰਨ ਗਈ ਪੁਲਿਸ ਉਤੇ ਸ਼ੱਕੀ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਪੁਲਿਸ ਨੇ ਆਪਣੇ ਬਚਾਅ ਲਈ ਜਵਾਬੀ ਕਾਰਵਾਈ ਵਿੱਚ ਫਾਇਰਿੰਗ ਕੀਤੀ ਤਾਂ ਇੱਕ ਬਦਮਾਸ਼ ਜ਼ਖ਼ਮੀ ਹੋ ਗਿਆ। ਡੀਐਸਪੀ ਦੀਪ ਇੰਦਰ ਸਿੰਘ ਜੇਜੀ ਨੇ ਦੱਸਿਆ ਸ਼ੱਕੀ ਵਿਅਕਤੀਆਂ ਖਿਲਾਫ਼ ਸ਼ਾਮ ਛਾਪੇਮਾਰੀ ਕਰਨ ਗਈ ਲਹਿਰਾਗਾਗਾ ਦੀ ਪੁਲਿਸ ਨਾਲ ਸ਼ੱਕੀ ਵਿਅਕਤੀਆਂ ਵੱਲੋਂ ਹੱਥੋਪਾਈ ਅਤੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।


COMMERCIAL BREAK
SCROLL TO CONTINUE READING

ਆਪਣੇ ਬਚਾਅ ਲਈ ਪੁਲਿਸ ਵੱਲੋਂ ਕੀਤੇ ਫਾਇਰ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਜ਼ਖ਼ਮੀ ਵਿਅਕਤੀ ਨੂੰ ਪੁਲਿਸ ਵੱਲੋਂ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਮਾਮਲੇ ਨੂੰ ਲੈਕੇ ਥਾਣਾ ਲਹਿਰਾ ਦੀ ਪੁਲਿਸ ਨੇ ਬਾਈ ਨੇਮ 6 ਵਿਅਕਤੀਆਂ ਅਤੇ ਡੇਢ ਦਰਜਨ ਤੋਂ ਵੱਧ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਭਗੌੜੇ ਵਿਅਕਤੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


ਡੀਐਸਪੀ ਲਹਿਰਾ ਦੀਪਇੰਦਰ ਪਾਲ ਸਿੰਘ ਜੇਜੀ ਨੇ ਦੱਸਿਆ ਕਿ ਕੱਲ੍ਹ ਬਾਅਦ ਦੁਪਹਿਰ ਉਨ੍ਹਾਂ ਦੇ ਦਫਤਰ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਥਾਣਾ ਲਹਿਰਾ ਦੇ ਪਿੰਡ ਰਾਮਗੜ੍ਹ ਸੰਧੂਆਂ ਨੇੜੇ ਲੰਘਦੀ ਡਰੇਨ ਦੇ ਪੁਲ ਨੇੜੇ ਹੱਥਾਂ 'ਚ ਸੋਟੀਆਂ, ਗੰਡਾਸੇ ਅਤੇ ਹੋਰ ਮਾਰੂ ਹਥਿਆਰ ਲੈਕੇ ਸ਼ੱਕੀ ਵਿਅਕਤੀ ਬੈਠੇ ਸ਼ਰਾਬ ਪੀ ਰਹੇ ਹਨ, ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।


ਜੇਕਰ ਉਨ੍ਹਾਂ ਨੂੰ ਮੌਕੇ ਉੱਪਰ ਦਬੋਚਿਆ ਜਾਵੇ ਤਦ ਵੱਡੀ ਘਟਨਾ ਵਾਪਰਨ ਤੋਂ ਟਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਸ ਮੌਕੇ ਥਾਣੇ ਕੋਲ ਨਫਰੀ ਘੱਟ ਹੋਣ ਕਰਕੇ ਅਤੇ ਥਾਣੇ ਦੇ ਐਸਐਚਓ ਦੇ ਕਰੀਬੀ ਰਿਸ਼ਤੇਦਾਰ ਦੀ ਮੌਤ ਹੋਣ ਕਰਕੇ ਥਾਣੇ ਥਾਣੇ ਨਹੀਂ ਸਨ। ਇਸ ਲਈ ਸਮੇਂ ਦੀ ਨਿਜਾਕਤ ਨੂੰ ਦੇਖ ਦੇ ਹੋਏ ਉਨ੍ਹਾਂ ਦੇ ਨਾਲ ਡੀਐਸਪੀ ਦਫਤਰ ਲਹਿਰਾ ਦੇ ਮੁਲਾਜ਼ਮ ਛਾਪੇਮਾਰੀ ਕਰਨ ਲਈ ਭੇਜੇ ਗਏ ਸਨ।


ਉਨ੍ਹਾਂ ਨੇ ਦੱਸਿਆ ਕਿ ਜਿਉਂ ਹੀ ਪੁਲਿਸ ਉਨ੍ਹਾਂ ਬਦਮਾਸ਼ਾਂ ਦੇ ਨੇੜੇ ਪੁੱਜੀ ਤਦ ਨਸ਼ੇ ਵਿਚ ਰੱਜੇ ਉਹ ਵਿਅਕਤੀ ਬਿਨਾਂ ਕਿਸੇ ਹਿਚਕਾਹਟ ਦੇ ਪੁਲਿਸ ਨਾਲ ਹੱਥੋ ਪਾਈ ਕਰਨ ਲੱਗ ਪਏ, ਪੁਲਿਸ ਦੇ ਰੋਕਣ ਦੇ ਬਾਵਜੂਦ ਵੀ ਹਟਣ ਦੀ ਬਜਾਏ ਉਨ੍ਹਾਂ ਡਿਉਟੀ ਵਿਚ ਵਿਘਨ ਪਾਉਂਦਿਆਂ ਇੱਕ ਮੁਲਾਜ਼ਮ ਨੂੰ ਵਰਦੀ ਤੋਂ ਫੜਕੇ ਹੇਠਾਂ ਸੁੱਟ ਲਿਆ ਅਤੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ।


ਜਦੋਂ ਦੂਜੇ ਕਰਮਚਾਰੀ ਉਸਨੂੰ ਛੁਡਾਉਣ ਲੱਗੇ ਤਦ ਪੁਲਿਸ ਦੀ ਗਿਣਤੀ ਘੱਟ ਹੋਣ ਕਰਕੇ ਉਹ ਪੁਲਿਸ ਦੇ ਉੱਪਰ ਝਪਟ ਪਏ। ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਤੋਂ ਆਪਣੀ ਜਾਨ ਛੁਡਾਉਣ ਲਈ ਫਾਇਰ ਕਰ ਦਿੱਤਾ, ਜਿਸ ਨਾਲ ਜਸਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ। ਇਹ ਦੇਖਦੇ ਹੀ ਕਾਫੀ ਵਿਅਕਤੀ ਆਪਣੇ ਹਥਿਆਰ ਸੁੱਟ ਕੇ ਮੋਟਰਸਾਈਕਲ ਲੈ ਕੇ ਭੱਜ ਗਏ ਹਨ। ਜਖਮੀ ਜਸਪ੍ਰੀਤ ਸਿੰਘ ਨੂੰ ਪੁਲਸ ਵੱਲੋਂ ਇਲਾਜ ਲਈ ਹਸਪਤਾਲ ਵਿਚ ਕਰਵਾਇਆ ਗਿਆ ਹੈ।


ਡੀਐਸਪੀ ਜੇਜੀ ਨੇ ਦੱਸਿਆ ਕਿ ਲਹਿਰਾ ਪੁਲਿਸ ਵੱਲੋਂ ਗੁਰਬਿੰਦਰ ਸਿੰਘ ਉਰਫ ਲੁੱਧਰ ਪੁੱਤਰ ਟਾਹਿਲ ਸਿੰਘ ਵਾਸੀ ਰਾਮਗੜ੍ਹ ਸੰਧੂਆਂ, ਜਸਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਛਾਜਲੀ, ਅਰਸ਼ਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਛਾਜਲੀ, ਪ੍ਰਭਲੀਨ ਵਾਸੀ ਛਾਜਲੀ, ਕਿਸ਼ਨਾ ਸਿੰਘ ਪੁੱਤਰ ਬਲਦੇਵ ਸਿੰਘ ਰਾਮਗੜ੍ਹ ਸੰਧੂਆਂ ਅਤੇ ਅਕਾਸ਼ਦੀਪ ਸਿੰਘ ਵਾਸੀ ਸੰਗਤੀਵਾਲਾ ਤੋਂ ਇਲਾਵਾ ਕਈ ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਥਿਤ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਪੁਲਿਸ ਵੱਲੋਂ ਕੀਤੇ ਜਵਾਬੀ ਫਾਇਰੰਗ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਨਾਲ ਸੰਪਰਕ ਨੰਬਰ ਨਾ ਹੋਣ ਕਰਕੇ ਸੰਪਰਕ ਨਹੀਂ ਹੋ ਸਕਿਆ ਹੈ।