Talwandi Sabo Encounter News: ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਵਿਖੇ ਬੀਤੇ ਕੱਲ੍ਹ ਸੀਆਈਏ 1 ਦੀ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਗੈਂਗਸਟਰ ਦੱਸਦਿਆਂ ਉਨ੍ਹਾਂ ਨਾਲ ਪੁਲਿਸ ਮੁਕਾਬਲੇ ਦੀ ਦੱਸੀ ਸਮੁੱਚੀ ਕਹਾਣੀ ਨੂੰ ਜਿੱਥੇ ਉਕਤ ਕਥਿਤ ਮੁਕਾਬਲੇ ਵਿੱਚ ਜ਼ਖ਼ਮੀ ਨੌਜਵਾਨ ਜਸਵਿੰਦਰ ਸਿੰਘ ਉਰਫ ਘੋੜੇ ਦੇ ਪਰਿਵਾਰ ਨੇ ਕੱਲ੍ਹ ਹੀ ਝੂਠਾ ਕਰਾਰ ਦੇ ਦਿੱਤਾ ਸੀ।


COMMERCIAL BREAK
SCROLL TO CONTINUE READING

ਇਸ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਦਿਖਾਏ ਦੂਜੇ ਨੌਜਵਾਨ ਬੁੱਧਰਾਮ ਦੇ ਪਿੰਡ ਸੰਗਤ ਖੁਰਦ ਦੇ ਵੱਡੀ ਗਿਣਤੀ ਵਾਸੀਆਂ ਨੇ ਵੀ ਅੱਜ ਪੁਲਿਸ ਮੁਕਾਬਲੇ ਦੀ ਕਹਾਣੀ ਨੂੰ ਨਿਰਾ ਝੂਠ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਪੁਲਿਸ ਨੇ ਬੁੱਧਰਾਮ ਨੂੰ ਘਰੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਨੌਜਵਾਨ ਬੁੱਧਰਾਮ ਦੀ ਭੈਣ ਮਨਪ੍ਰੀਤ ਕੌਰ ਅਤੇ ਭਰਜਾਈ ਗੁਰਸ਼ਿੰਦਰ ਕੌਰ ਨੇ ਦਾਅਵਾ ਕੀਤਾ ਕਿ ਪੁਲਿਸ ਸਵੇਰੇ ਕਰੀਬ ਛੇ ਸਵਾ ਛੇ ਵਜੇ ਤਿੰਨ ਚਾਰ ਗੱਡੀਆਂ ਵਿੱਚ ਉਨ੍ਹਾਂ ਦੇ ਘਰ ਪੁੱਜੀ ਅਤੇ ਉਦੋਂ ਬੁੱਧਰਾਮ ਸੁੱਤਾ ਪਿਆ ਸੀ।


ਪੁਲਿਸ ਪਾਰਟੀ ਬੁੱਧਰਾਮ ਨੂੰ ਉਠਾਕੇ ਨਾਲ ਲੈ ਗਈ। ਪ੍ਰਗਟ ਸਿੰਘ ਨਾਮੀ ਪਿੰਡ ਵਾਸੀ ਅਨੁਸਾਰ ਉਹ ਸਵੇਰੇ ਖੇਤ ਪਾਣੀ ਲਾਉਣ ਜਾ ਰਿਹਾ ਸੀ ਜਦੋਂ ਪੁਲਿਸ ਨੇ ਬੁੱਧਰਾਮ ਨੂੰ ਸਵੇਰੇ ਘਰੋਂ ਫੜਿਆ। ਪਿੰਡ ਵਾਸੀਆਂ ਮੁਤਾਬਕ ਉਹ ਬੁੱਧਰਾਮ ਨੂੰ ਛੁਡਵਾਉਣ ਸੀ.ਆਈ.ਦੇ ਸਟਾਫ ਵੀ ਗਏ ਪਰ ਦੁਪਹਿਰ ਵੇਲੇ ਟੀ.ਵੀ ਦੀਆਂ ਖਬਰਾਂ ਤੋਂ ਉਨਾਂ ਨੂੰ ਪੁਲਿਸ ਮੁਕਾਬਲੇ ਦਾ ਪਤਾ ਲੱਗਾ ਅਤੇ ਉਹ ਹੈਰਾਨ ਰਹਿ ਗਏ। ਬੁੱਧਰਾਮ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਕੋਲੋਂ ਬਰਾਮਦ ਦਿਖਾਏ ਅਸਲੇ ਬਾਰੇ ਵੀ ਸਵਾਲ ਉਠਾਏ ਕਿ ਜਦੋਂ ਉਸ ਨੂੰ ਸਵੇਰੇ ਘਰੋਂ ਗ੍ਰਿਫ਼ਤਾਰ ਕੀਤਾ ਤਾਂ ਘਰੋਂ ਕੋਈ ਚੀਜ਼ ਬਰਾਮਦ ਨਹੀ ਹੋਈ।


ਪਿੰਡ ਵਾਸੀਆਂ ਇਹ ਵੀ ਦੱਸਿਆ ਕਿ ਪੁਲਿਸ ਮੁਕਾਬਲੇ ਵਿੱਚ ਜੋ ਮੋਟਰਸਾਈਕਲ ਦਿਖਾਇਆ ਹੈ ਉਹ ਪੁਲਿਸ ਇੱਕ ਗੱਡੀ ਵਿੱਚ ਨਾਲ ਹੀ ਲਈ ਫਿਰਦੀ ਸੀ। ਪਿੰਡ ਦੇ ਪੰਚਾਇਤ ਮੈਂਬਰ ਸੁਖਨੈਬ ਸਿੰਘ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਕਿ ਬੁੱਧਰਾਮ ਉਤੇ ਪਹਿਲਾਂ ਇੱਕੋ ਹੀ ਪਰਚਾ ਦਰਜ ਹੈ, ਉਹ ਵੀ ਇੱਕ ਪੁਲਿਸ ਅਧਿਕਾਰੀ ਨੇ ਝੂਠਾ ਦਰਜ ਕਰਵਾਇਆ ਸੀ ਤੇ ਹੁਣ ਪੁਲਿਸ ਮੁਕਾਬਲੇ ਦੀ ਸਮੁੱਚੀ ਕਹਾਣੀ ਹੀ ਝੂਠੀ ਹੈ।


ਪਿੰਡ ਵਾਸੀਆਂ ਨੇ ਕਿਹਾ ਕਿ ਪੁਲਿਸ ਦੋਬਾਰਾ ਅੱਤਵਾਦ ਵਾਲਾ ਮਾਹੌਲ ਸਿਰਜਦਿਆਂ ਝੂਠੇ ਮੁਕਾਬਲਿਆਂ ਦੀ ਰਿਵਾਇਤ ਸ਼ੁਰੂ ਕਰ ਰਹੀ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦਖ਼ਲ ਦੇ ਕੇ ਉਕਤ ਮੁਕਾਬਲੇ ਦੀ ਨਿਰਪੱਖ ਜਾਂਚ ਕਰਵਾਉਣ। ਦੂਜੇ ਪਾਸੇ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਹੈ ਤੇ ਜੋ ਵੀ ਹੋਇਆ ਉਹ ਬਿਲਕੁਲ ਕਾਨੂੰਨੀ ਪ੍ਰਕਿਰਿਆ ਨਾਲ ਹੋਇਆ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰ ਮੈਨੂੰ ਮਿਲਣ ਆਏ ਸਨ ਮੈਂ ਇਨਕੁਆਰੀ ਡੀਐਸਪੀ (ਡੀ) ਨੂੰ ਲਗਾ ਦਿੱਤੀ ਹੈ ਜੋ ਇਨਕੁਆਰੀ ਵਿੱਚ ਹੋਵੇਗਾ ਦੇਖਾਂਗੇ।


ਇਹ ਵੀ ਪੜ੍ਹੋ : Punjab Weather News: ਪੰਜਾਬ 'ਚ ਸਰਗਰਮ ਹੋਇਆ ਮਾਨਸੂਨ; ਭਾਰੀ ਮੀਂਹ ਕਾਰਨ ਤਾਪਮਾਨ 'ਚ ਆਈ ਗਿਰਾਵਟ



ਰਿਪੋਰਟ ਕੁਲਬੀਰ ਬੀਰਾ