ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕ ’ਚ ਤਬਦੀਲ ਕਰਨ ’ਤੇ ਆਮ ਆਦਮੀ ਪਾਰਟੀ ਨੇ ਦਿੱਤਾ ਸਪੱਸ਼ਟੀਕਰਣ
ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਖੰਡਰ ’ਚ ਤਬਦੀਲ ਹੋ ਚੁੱਕੇ ਸੇਵਾ ਕੇਂਦਰਾਂ ਦਾ ਸੁਧਾਰ ਕਰਕੇ ਲੋਕਾਂ ਨੂੰ ਸਿਹਤ ਸਹੂਲਤਾ ਦਿੱਤੀਆਂ ਹਨ।
ਚੰਡੀਗੜ੍ਹ: ਪੰਜਾਬ ’ਚ ਮਾਨ ਸਰਕਾਰ ਦੁਆਰਾ 15 ਅਗਸਤ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਡ ਮੌਕੇ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ ਜਾਣੀ ਹੈ। ਪਰ ਮੁਹੱਲਾ ਕਲੀਨਿਕਾਂ ਨੂੰ ਲੈਕੇ ਵਿਰੋਧੀਆਂ ਵਲੋਂ ਲਗਾਤਾਰ ਸਰਕਾਰ ’ਤੇ ਸਿਆਸੀ ਹਮਲੇ ਕੀਤੇ ਜਾ ਰਹੇ ਸਨ। ਜਿਸ ਤੋਂ ਬਾਅਦ ਮੰਤਰੀ ਮੀਤ ਹੇਅਰ ਨੇ ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਖੰਡਰ ’ਚ ਤਬਦੀਲ ਹੋ ਚੁੱਕੇ ਸੇਵਾ ਕੇਂਦਰਾਂ ਦਾ ਸੁਧਾਰ ਕਰਕੇ ਲੋਕਾਂ ਨੂੰ ਸਿਹਤ ਸਹੂਲਤਾ ਦਿੱਤੀਆਂ ਹਨ।
ਵਿਰੋਧੀ ਸਿਰਫ਼ ਵਿਖਾਵੇ ਦੀ ਸਿਆਸਤ ਕਰ ਰਹੇ ਨੇ: ਮੀਤ ਹੇਅਰ
ਮੰਤਰੀ ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਉਦੇਸ਼ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਵਿਰੋਧੀ ਪਾਰਟੀਆਂ ਕੋਝੀ ਸਿਆਸਤ ਕਰ ਰਹੀਆਂ ਨੇ।
ਸਿਰਫ਼ ਵਿਖਾਵੇ ਲਈ ਬਣਾਏ ਗਏ ਸਨ ਸੇਵਾ ਕੇਂਦਰ - ਮੀਤ ਹੇਅਰ
ਤਕਰੀਬਨ 1600 ਸੁਵਿਧਾ ਕੇਂਦਰ ਪਿਛਲੇ ਲੰਬੇ ਤੋਂ ਬੰਦ ਪਏ ਹਨ ਤੇ ਉਹਨਾਂ ਦਾ ਕਾਰਣ ਇਹ ਸੀ ਕਿ ਪਿਛਲੀਆਂ ਸਰਕਾਰਾਂ ਨੇ ਕਰੋੜਾਂ ਰੁਪਏ ਲਗਾ ਕੇ ਸਿਰਫ਼ ਦਿਖਾਵੇ ਲਈ ਇਹ ਸੁਵਿਧਾ ਕੇਂਦਰ ਬਣਾ ਤਾਂ ਦਿੱਤੇ ਪਰ ਕਈ ਸੁਵਿਧਾ ਕੇਂਦਰਾਂ ਵਿੱਚ ਕੋਈ ਵੀ ਕੰਮ ਨਹੀਂ ਸੀ ਹੁੰਦਾ ਅਤੇ ਇਹਨਾਂ ਉੱਪਰ ਪੰਜਾਬ ਵਾਸੀਆਂ ਦਾ ਤਕਰੀਬਨ 414 ਕਰੋੜ ਰੁਪਇਆ ਲੱਗਿਆ ਹੋਇਆ ਹੈ। ਅਸੀਂ ਇਨ੍ਹਾਂ ਨੂੰ ਮੁਹੱਲਾ ਕਲੀਨਿਕ ਵਿੱਚ ਤਬਦੀਲ ਕਰ ਰਹੇ ਹਾਂ।
ਆਮ ਆਦਮੀ ਪਾਰਟੀ ਨੇ ਫੇਸਬੁੱਕ ਪੇਜ ’ਤੇ ਵੀ ਦਿੱਤਾ ਸਪੱਸ਼ਟੀਕਰਣ
ਆਮ ਆਦਮੀ ਪਾਰਟੀ ਦੇ ਫੇਸਬੁੱਕ ਪੇਜ ’ਤੇ ਵੀ ਸਪਸ਼ੱਟੀਕਰਣ ਦਿੱਤਾ ਗਿਆ ਹੈ ਕਿ ਖੰਡਰ ਬਣ ਚੁੱਕੇ ਸੇਵਾ ਕੇਂਦਰਾਂ ਨੂੰ ਮੁੜ ਤੋਂ ਬਹਾਲ ਕਰਕੇ ਲੋਕਾਂ ਦੀ ਸਹੂਲਤਾਂ ਲਈ ਵਰਤਾਂਗੇ, ਇਹ ਆਮ ਆਦਮੀ ਕਲੀਨਿਕ ਲੋਕਾਂ ਲਈ ਬਹੁਤ ਸਹਾਈ ਹੋਣਗੇ।