ਭਰਤ ਸ਼ਰਮਾ / ਲੁਧਿਆਣਾ: ਟਰਾਸਪੋਰਟ ਟੈਂਡਰ ਘੁਟਾਲਿਆਂ ਮਾਮਲੇ ਵਿੱਚ ਗ੍ਰਿਫ਼ਤਾਰ ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅੱਜ ਮੁੜ ਤੋਂ ਅਦਾਲਤ ਚ ਪੇਸ਼ ਕੀਤਾ ਗਿਆ, ਉਨ੍ਹਾਂ ਦਾ 2 ਦਿਨ ਦਾ ਰਿਮਾਂਡ ਅੱਜ ਖਤਮ ਹੋ ਰਿਹਾ ਸੀ। 


COMMERCIAL BREAK
SCROLL TO CONTINUE READING


ਠੇਕੇਦਾਰ ਤੇਲੂਰਾਮ ਨੂੰ ਵੀ ਅਦਾਲਤ ’ਚ ਕੀਤਾ ਗਿਆ ਪੇਸ਼
ਅਦਾਲਤ ’ਚ ਦੁਪਿਹਰ ਤੋਂ ਬਾਅਦ ਹੀ ਗਹਿਮਾ-ਗਹਮੀ ਦਾ ਮਾਹੌਲ ਰਿਹਾ। ਦੁਪਿਹਰ ਬਾਅਦ ਤਕਰੀਬਨ 3:20 ਵਜੇ ਆਸ਼ੂ ਨੂੰ ਅਦਾਲਤ ’ਚ ਲਿਆਂਦਾ ਗਿਆ, ਇਸ ਦੌਰਾਨ ਉਨ੍ਹਾਂ ਦੇ ਕੁਝ ਸਮਰਥਕ ਵੀ ਮੌਜੂਦ ਰਹੇ।  ਅੱਜ ਅਦਾਲਤ ’ਚ ਪੇਸ਼ ਕਰਨ ਮੌਕੇ ਵਿਜੀਲੈਂਸ ਨੇ ਆਸ਼ੂ ਦੇ 5 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ 2 ਦਿਨ ਦਾ ਰਿਮਾਂਡ ਦਿੱਤਾ। ਓਥੇ ਹੀ ਠੇਕੇਦਾਰ ਤੇਲੂ ਰਾਮ ਨੂੰ ਵੀ ਅਦਾਲਤ ’ਚ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ, ਇਸ ਦੌਰਾਨ ਵਿਜੀਲੈਂਸ ਨੇ ਉਸ ਦੇ ਵੀ 1 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਇਨਕਾਰ ਕਰਦਿਆਂ ਉਸ ਨੂੰ ਮੁੜ ਜੁਡੀਸ਼ੀਅਲ ਰਿਮਾਂਡ ’ਤੇ  ਭੇਜ ਦਿੱਤਾ। 



ਬਹਿਸ ਦਾ ਵਿਸ਼ਾ ਤੇ ਸਬੂਤਾਂ ਦਾ ਵੇਰਵਾ ਮੀਡੀਆ ’ਚ ਬਿਆਨ ਨਹੀਂ ਕੀਤਾ ਜਾ ਸਕਦਾ: ਵਕੀਲ
ਵਕੀਲ ਬਲਵਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਸਾਬਕਾ ਮੰਤਰੀ ਨੂੰ ਮੁੜ ਪੇਸ਼ ਕੀਤਾ ਗਿਆ ਸੀ ਹਾਲਾਂਕਿ ਉਸ ਨੇ ਕੋਰਟ ’ਚ ਕਿਸੇ ਵੀ ਫੁਟੇਜ ਸਬੰਧੀ ਕੋਈ ਵੀ ਬਹਿਸ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ’ਚ ਬਹਿਸ ਦਾ ਵਿਸ਼ਾ ਅਤੇ ਸਬੂਤਾਂ ਦਾ ਵੇਰਵਾ ਮੀਡੀਆ ’ਚ ਬਿਆਨ ਨਹੀਂ ਕੀਤਾ ਜਾ ਸਕਦਾ, ਹੁਣ ਮੁੜ ਤੋਂ ਆਸ਼ੂ ਨੂੰ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। 



ਦੱਸ ਦੇਈਏ ਕਿ ਪਿਛਲੇ ਸੋਮਵਾਰ ਨੂੰ ਵਿਜੀਲੈਂਸ ਬਿਓਰੋ ਦੀ ਟੀਮ ਨੇ ਅਨਾਜ ਦੀ ਢੋਆ-ਢੁਆਈ ’ਤੇ ਟੈਂਡਰ ਘੁਟਾਲੇ ਦੇ ਸਬੰਧ ’ਚ ਸਾਬਕਾ ਖ਼ੁਰਾਕ ਤੇ ਸਪਲਾਈ ਮੰਤਰੀ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਜੂਨ ਮਹੀਨੇ ’ਚ ਵਿਜੀਲੈਂਸ ਬਿਓਰੋਂ ਵਲੋਂ ਸਾਬਕਾ ਪੰਚਾਇਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।