ਚੰਡੀਗੜ੍ਹ: ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ (Harjot singh bains) ਆਏ ਦਿਨ ਦਾਅਵੇ ਕਰਦੇ ਹਨ ਕਿ ਹੁਣ 'ਜੇਲ੍ਹਾਂ ਚੋਂ ਹੁਣ ਫ਼ੋਨ ਨਹੀਂ ਸਕੂਨ ਆਏਗਾ' ਪਰ ਉਨ੍ਹਾਂ ਦੇ ਦਾਅਵਿਆਂ ਨੂੰ ਜੇਲ੍ਹ ’ਚ ਬੈਠੇ ਗੈਂਗਸਟਰ ਹਵਾ ਹਵਾਈ ਕਰਦੇ ਨਜ਼ਰ ਆਉਂਦੇ ਹਨ।


COMMERCIAL BREAK
SCROLL TO CONTINUE READING

 



ਜੇਲ੍ਹ ’ਚ ਬੰਦ ਗੈਂਗਸਟਰ ਸਾਰਜ ਸੰਧੂ ਸੋਸ਼ਲ ਮੀਡੀਆ ’ਤੇ ਐਕਟਿਵ
ਤਾਜ਼ਾ ਮਾਮਲਾ ਬਠਿੰਡਾ ਦੇ ਕੇਂਦਰੀ ਜੇਲ੍ਹ (Central Jail) ਤੋਂ ਸਾਹਮਣੇ ਆਇਆ ਹੈ, ਜਿੱਥੇ ਗੈਂਗਸਟਰ ਸਾਰਜ ਸੰਧੂ Saraj sandhu) ਨੇ ਇੰਸਟਾਗ੍ਰਾਮ ’ਤੇ ਪੋਸਟ ਅਪਲੋਡ ਕਰਦਿਆਂ ਲਿਖਿਆ 'ਹੈਪੀ ਬਰਥ ਡੇਅ'। ਸੋਸ਼ਲ ਮੀਡੀਆ ’ਤੇ ਇਹ ਪੋਸਟ ਅਪਲੋਡ ਕੀਤੇ ਜਾਣ ਤੋਂ ਬਾਅਦ ਜੇਲ੍ਹ ਪੁਲਿਸ ਪ੍ਰਸ਼ਾਸਨ ’ਚ ਹੜਕੰਪ ਮੱਚ ਗਿਆ। ਹਾਲਾਂਕਿ ਬਾਅਦ ’ਚ ਜੇਲ੍ਹ ਪ੍ਰਸ਼ਾਸਨ ਨੇ ਦਾਅਵਾ ਕੀਤਾ ਸਜ਼ਾ ਕੱਟ ਰਹੇ ਕਈ ਗੈਂਗਸਟਰਾਂ ਦੇ ਅਕਾਊਂਟ ਵਿਦੇਸ਼ਾਂ ’ਚ ਬੈਠੇ ਕੋਈ ਹੋਰ ਬੰਦੇ ਚਲਾ ਰਹੇ ਹਨ। 



ਪਹਿਲਾਂ ਵੀ ਜੇਲ੍ਹ ਅੰਦਰ ਦੀਆਂ ਤਸਵੀਰਾਂ ਭੇਜੀਆਂ ਸਨ ਬਾਹਰ
ਜ਼ਿਕਰਯੋਗ ਹੈ ਕਿ ਇਸ ਤੋਂ ਕੁਝ ਸਮਾਂ ਪਹਿਲਾਂ ਵੀ ਸਾਰਜ ਸੰਧੂ ਨੇ ਬਠਿੰਡਾ ਕੇਂਦਰੀ ਜੇਲ੍ਹ ਦੀਆਂ ਕਈ ਖੁਫ਼ੀਆ ਤਸਵੀਰਾਂ ਬਾਹਰ ਭੇਜੀਆਂ ਸਨ। ਪੁਲਿਸ ਨੂੰ ਸ਼ੱਕ ਸੀ ਕਿ ਹੋ ਸਕਦਾ ਹੈ ਉਕਤ ਗੈਂਗਸਟਰ ਨੇ ਜੇਲ੍ਹ ਬਰੇਕ (Jail Break) ਦੀ ਘਟਨਾ ਨੂੰ ਅੰਜਾਮ ਦੇਣ ਲਈ ਆਪਣੇ ਸਾਥੀਆਂ ਨੂੰ ਭੇਜੀਆਂ ਹੋ ਸਕਦੀਆਂ ਹਨ। ਇਸ ਤੋਂ ਬਾਅਦ ਪੁਲਿਸ ਦੁਆਰਾ ਪੁਛਗਿੱਛ ਲਈ ਸਾਰਜ ਸੰਧੂ ਦਾ ਰਿਮਾਂਡ ਵੀ ਲਿਆ ਗਿਆ ਸੀ। 


 
ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰਖੀਆਂ ’ਚ ਆਇਆ ਸੀ ਸਾਰਜ ਸੰਧੂ
ਬਠਿੰਡਾ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਲ੍ਹ ’ਚ ਬੰਦ ਗੈਂਗਸਟਰ ਸਾਰਜ ਸੰਧੂ ਦੇ ਨਾਮ ’ਤੇ 3-4 ਅਕਾਊਂਟ ਚਲਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੁਆਰਾ ਸਾਰਜ ਸੰਧੂ ਦਾ ਇੰਸਟਾਗ੍ਰਾਮ ਅਕਾਊਂਟ ਬੰਦ ਕਰਵਾ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਬਠਿੰਡਾ ਦੀ ਸੈਂਟਰਲ ਜੇਲ੍ਹ ’ਚ ਬੰਦ ਇਸ ਗੈਂਗਸਟਰ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਕੋਰੋਲਾ ਕਾਰ (Corola Car) ਮੁਹੱਈਆ ਕਰਵਾਈ ਸੀ, ਜਿਸ ਤੋਂ ਬਾਅਦ ਉਹ ਇਕਦਮ ਸੁਰਖੀਆਂ ’ਚ ਆ ਗਿਆ ਸੀ।