1947 ਵੰਡ ਦੌਰਾਨ ਮਰੇ ਪੰਜਾਬੀਆਂ ਦੀ ਯਾਦ ‘ਚ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਮਤੇ ਪਾਸ ਕਰਨ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
1947 ਵੰਡ ਦੌਰਾਨ ਮਰੇ ਪੰਜਾਬੀਆਂ ਦੀ ਯਾਦ ‘ਚ ਜਾਨਾਂ ਗਵਾਉਣ ਵਾਲਿਆਂ ਦੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸਮੂਹਿਕ ਅਰਦਾਸ ਕੀਤੀ ਗਈ। ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਦੀ ਵੰਡ ਦੌਰਾਨ ਜਾਨਾਂ ਗਵਾਉਣ ਵਾਲੇ ਅਤੇ ਉਜਾੜੇ ਦਾ ਦਰਦ ਹੰਢਾਉਣ ਵਾਲੇ ਲੱਖਾਂ ਲੋਕਾਂ ਪ੍ਰਤੀ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਸੰਸਦ ਵਿਚ ਸ਼ੋਕ ਮਤੇ ਪਾਸ ਕਰਨ।
ਚੰਡੀਗੜ੍ਹ- 75 ਸਾਲ ਪਹਿਲਾ 1947 ਵਿੱਚ ਦੇਸ਼ ਦੀ ਆਜ਼ਾਦੀ ਨਾਲ ਦੋਵੇਂ ਮੁਲਕਾਂ ਦੇ ਪੰਜਾਬ ਵੰਡੇ ਗਏ। ਵੰਡ ਦੌਰਾਨ ਹਿੰਸਾ ਦਾ ਸ਼ਿਕਾਰ ਹੋਏ ਲੱਖਾਂ ਪੰਜਾਬੀਆਂ ਨੂੰ ਆਪਣੀਆਂ ਜਾਨ੍ਹਾਂ ਗਵਾਣੀਆਂ ਪਈਆਂ। ਜਿੰਨਾਂ ਦੀ ਯਾਦ ‘ਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮੂਹਿਕ ਅਰਦਾਸ ਕੀਤੀ ਗਈ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਅਧਿਕਾਰੀ ਤੇ ਸੰਗਤਾਂ ਹਾਜ਼ਰ ਸਨ। ਇਹ ਅਰਦਾਸ ਸਿਰਫ ਅਕਾਲ ਤਖ਼ਤ ਸਾਹਿਬ ਵਿਖੇ ਹੀ ਨਹੀਂ ਸਗੋਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿੱਚ ਵੀ ਕੀਤੀ ਗਈ ਹੈ।
ਜਥੇਦਾਰ ਸਾਹਿਬ ਦੀ ਅਪੀਲ
ਅਰਦਾਸ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਦੀ ਵੰਡ ਦੌਰਾਨ ਜਾਨਾਂ ਗਵਾਉਣ ਵਾਲੇ ਅਤੇ ਉਜਾੜੇ ਦਾ ਦਰਦ ਹੰਢਾਉਣ ਵਾਲੇ ਲੱਖਾਂ ਲੋਕਾਂ ਪ੍ਰਤੀ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਸੰਸਦ ਵਿਚ ਸ਼ੋਕ ਮਤੇ ਪਾਸ ਕਰਨ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ 75ਵੀਂ ਵਰ੍ਹੇਗੰਢ ਮਨਾਉਂਦਿਆਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਉਜਾੜੇ ਦਾ ਸਿਤਮ ਹੰਢਾਉਣ ਵਾਲੇ ਲੋਕਾਂ ਨੂੰ ਪਾਰਲੀਮੈਂਟ ਅੰਦਰ ਯਾਦ ਕਰਦੀਆਂ ਅਤੇ ਆਪਣੇ ਆਪ ਸ਼ੋਕ ਮਤੇ ਲਿਆਉਂਦੀਆਂ, ਪਰ ਸਰਕਾਰਾਂ ਨੇ ਇਹ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਗੱਲ ਕਰੀਏ ਤਾਂ ਜਿਥੇ ਪੰਜਾਬੀਆਂ ਨੂੰ ਵੱਡੀ ਗਿਣਤੀ ਵਿਚ ਜਾਨਾਂ ਗਵਾਉਣੀਆਂ ਪਈਆਂ, ਉਥੇ ਆਪਣੀਆਂ ਜ਼ਮੀਨਾਂ, ਜਾਇਦਾਦਾਂ, ਘਰਾਂ ਅਤੇ ਪਾਵਨ ਗੁਰਧਾਮਾਂ ਨੂੰ ਵੀ ਛੱਡਣਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬੀਆਂ ਅੰਦਰ ਇਹ ਦਰਦ ਅੱਜ ਵੀ ਜਿੰਦਾ ਹੈ ਅਤੇ ਉਹ ਜਿਥੇ ਆਪਣੀ ਜਨਮ ਭੂਮੀ ਵੇਖਣਾ ਚਾਹੁੰਦੇ ਹਨ, ਉਥੇ ਹੀ ਪਾਵਨ ਗੁਰਧਾਮਾਂ ਦੇ ਦਰਸ਼ਨ ਕਰਨ ਨੂੰ ਵੀ ਤਰਸਦੇ ਹਨ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਜਿਸ ਤਰ੍ਹਾਂ ਮੁਸਲਮਾਨਾਂ ਨੂੰ ਹੱਜ ਕਰਨ ਤੋਂ ਰੋਕਣਾ ਵੱਡਾ ਗੁਨਾਹ ਹੈ, ਇਸੇ ਤਰ੍ਹਾਂ ਸਿੱਖਾਂ ਨੂੰ ਸ੍ਰੀ ਨਨਕਾਣਾ ਸਾਹਿਬ ਸਮੇਤ ਪਾਕਿਸਤਾਨ ਵਿਚ ਰਹਿ ਗਏ ਹੋਰ ਗੁਰਧਾਮਾਂ ਦੇ ਦਰਸ਼ਨਾਂ ਤੋਂ ਰੋਕਣਾ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਲਈ ਸੰਜੀਦਗੀ ਨਾਲ ਵਿਚਾਰਨ ਦਾ ਮਸਲਾ ਹੈ ਅਤੇ ਸਰਕਾਰਾਂ ਨੂੰ ਹਰ ਧਰਮ ਦੇ ਲੋਕਾਂ ਲਈ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਵੀਜੇ ਦੇਣ ਦੀ ਖੁੱਲ੍ਹਦਿਲੀ ਵਿਖਾਉਣੀ ਚਾਹੀਦੀ ਹੈ।
ਪੰਜਾਬ ਦਾ ਮਾਹੌਲ ਚਿੰਤਾਜਨਕ
ਪੰਜਾਬ ਦੇ ਮਾਹੌਲ ‘ਤੇ ਚਿੰਤਾ ਜਤਾਉਂਦਿਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਵਰਤੋ ਵਧਣ ਨਾਲ ਮਾਹੌਲ ਚਿੰਤਾਜਨਕ ਹੈ। ਪੰਜਾਬ ਦੇ ਲੋਕਾਂ ਨੂੰ ਇਸਦੀ ਚਿੰਤਾ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਨਸਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਬੱਚੇ ਗਲਤ ਰਸਤੇ ‘ਤੇ ਪੈ ਚੁੱਕੇ ਹਨ ਉਨ੍ਹਾਂ ਨੂੰ ਵਾਪਸ ਲਿਆਉਣਾ ਚਾਹੀਦਾ ਹੈ। ਕੁਦਰਤ ਨਾਲ ਖਿਲਵਾੜ ਹੋਣ ਤੇ ਵੀ ਉਨ੍ਹਾਂ ਚਿੰਤਾ ਜਤਾਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੇ ਹੁਕਮਾਂ ਤੇ ਚੱਲ ਕੇ ਹੀ ਇੱਕ ਬਿਹਤਰ ਪੰਜਾਬ ਸਿਰਜਿਆ ਜਾ ਸਕਦਾ ਹੈ।
WATCH LIVE TV