ਚੰਡੀਗੜ: ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੀ ਪਰਿਕਰਮਾਂ ’ਚ ਮ੍ਰਿਤ ਬੱਚੀ ਦੀ ਲਾਸ਼ ਰੱਖਕੇ ਫ਼ਰਾਰ ਹੋਈ ਔਰਤ ਦੀ ਪਹਿਚਾਣ ਹੋ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਮ੍ਰਿਤ ਬੱਚੀ ਦੀ ਪਹਿਚਾਣ ਦੀਪਜੋਤ ਕੌਰ ਦੇ ਰੂਪ ’ਚ ਹੋਈ ਹੈ। 


COMMERCIAL BREAK
SCROLL TO CONTINUE READING


ਪਤੀ ਨਾਲ ਚੱਲ ਰਿਹਾ ਸੀ ਝਗੜਾ 
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀਪਜੋਤ ਕੌਰ ਦੀ ਮਾਂ ਮਨਿੰਦਰ ਕੌਰ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ, ਜਿਸਦੇ ਚੱਲਦਿਆਂ ਉਸਨੇ ਆਪਣੀ ਹੀ ਮਾਸੂਮ ਧੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਧੀ ਨੂੰ ਮਾਰਨ ਤੋਂ ਬਾਅਦ ਉਸਦੀ ਮ੍ਰਿਤਕ ਦੇਹ ਨੂੰ ਦਰਬਾਰ ਸਾਹਿਬ ਦੀ ਪਰਕਰਮਾ ’ਚ ਛੱਡਕੇ ਫ਼ਰਾਰ ਹੋ ਗਈ।


 



ਮਾਮਲਾ ਕਿਵੇਂ ਆਇਆ ਸਾਹਮਣੇ
ਦੁਪਹਿਰ ਵੇਲੇ ਅੰਮ੍ਰਿਤਸਰ ਦੇ ਥਾਣਾ ਈ-ਡਵੀਜ਼ਨ ਦੀ ਪੁਲਿਸ ਨੂੰ ਰਾਜਪੁਰਾ ਪੁਲਿਸ ਨੇ ਜਾਣਕਾਰੀ ਦਿੱਤੀ। ਅਸਲ ’ਚ ਔਰਤ ਆਪਣੇ ਧੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਉਣ ਰਾਜਪੁਰ ਥਾਣੇ ’ਚ ਪਹੁੰਚੀ। ਉਸਨੇ ਰਾਜਪੁਰਾ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਹ ਅੰਮ੍ਰਿਤਸਰ ਗਈ ਸੀ, ਜਿੱਥੇ ਉਸਦੀ ਧੀ ਗੁੰਮ ਹੋ ਗਈ। ਪਰ ਉਸਤੋਂ ਪਹਿਲਾਂ ਹੀ ਪੁਲਿਸ ਕੋਲ ਇਸ ਔਰਤ ਦੀਆਂ ਤਸਵੀਰਾਂ ਪਹੁੰਚ ਚੁੱਕੀਆਂ ਸਨ। ਪੁਲਿਸ ਨੇ ਮਨਿੰਦਰ ਕੌਰ ਨੂੰ ਪਹਿਚਾਣ ਲਿਆ ਤੇ ਹਿਰਾਸਤ ’ਚ ਲੈ ਲਿਆ।


 



ਸੋਸ਼ਲ ਮੀਡੀਆ ’ਤੇ ਵਾਇਰਲ ਤਸਵੀਰਾਂ ਨੇ ਕੀਤੀ ਪੁਲਿਸ ਦੀ ਮਦਦ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਨੂੰ ਸੀਸੀਟੀਵੀ ਕੈਮਰੇ ਤੋਂ ਪ੍ਰਾਪਤ ਹੋਈ ਫ਼ੁਟੇਜ ’ਚ ਇੱਕ ਸ਼ੱਕੀ ਔਰਤ ਗੋਦੀ ’ਚ ਚੁੱਕੀ ਹੋਈ ਕੁੜੀ ਦੀ ਲਾਸ਼ ਨਾਲ ਦਿਖਾਈ ਦਿੱਤੀ ਸੀ, ਜਿਸ ਤੋਂ ਬਾਅਦ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਵਾਈਰਲ ਕਰ ਦਿੱਤਾ ਗਿਆ ਸੀ। ਮਨਿੰਦਰ ਦੇ ਥਾਣੇ ’ਚ ਪਹੁੰਚਣ ਤੋਂ ਪਹਿਲਾਂ ਰਾਜਪੁਰਾ ਪੁਲਿਸ ਕੋਲ ਉਸਦੀਆਂ ਤਸਵੀਰਾਂ ਪਹੁੰਚ ਚੁੱਕੀਆਂ ਸਨ, ਜਿਸ ਨਾਲ ਉਕਤ ਔਰਤ ਦੀ ਪਹਿਚਾਣ ਕਰਨੀ ਪੁਲਿਸ ਲਈ ਅਸਾਨ ਹੋ ਗਈ। 



ਅੰਮ੍ਰਿਤਸਰ ਥਾਣਾ ਈ-ਡਵੀਜ਼ਨ ਦੀ ਪੁਲਿਸ ਮਨਿੰਦਰ ਨੂੰ ਗ੍ਰਿਫ਼ਤਾਰ ਕਰਨ ਲਈ ਰਾਜਪੁਰਾ ਲਈ ਰਵਾਨਾ ਹੋ ਚੁੱਕੀ ਹੈ। ਉੱਧਰ ਮ੍ਰਿਤਕ ਦੀਪਜੋਤ ਕੌਰ ਦੇ ਪਿਓ ਨੂੰ ਅੰਮ੍ਰਿਤਸਰ ਪੁਲਿਸ ਨੇ ਫ਼ੋਨ ’ਤੇ ਜਾਣਕਾਰੀ ਦੇ ਦਿੱਤੀ ਹੈ। ਪਿਓ ਦਾ ਪਹੁੰਚਣ ਤੋਂ ਬਾਅਦ ਬੱਚੀ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਜਾਵੇਗਾ।