ਸ਼੍ਰੋਮਣੀ ਕਮੇਟੀ ਨੇ ਸਰਹੱਦੀ ਖੇਤਰਾਂ ਵਿਚ ਕਰੇਗੀ ਸਿੱਖੀ ਦਾ ਪ੍ਰਚਾਰ, 117 ਵਲੰਟੀਅਰ ਚੁਣੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਹੱਦੀ ਖੇਤਰਾਂ ਵਿਚ ਸਿੱਖ ਧਰਮ ਦੇ ਪ੍ਰਚਾਰ ਦਾ ਬੀੜਾ ਚੁੱਕ ਲਿਆ ਹੈ। ਪਿਛਲੇ ਕੁਝ ਮਹੀਨਿਆਂ ਤੋਂ ਈਸਾਈ ਮਤ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕਰਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ।
ਚੰਡੀਗੜ: ਸ਼੍ਰੋਮਣੀ ਕਮੇਟੀ ਨੇ ਸਰਹੱਦੀ ਖੇਤਰਾਂ ਵਿਚ ਸਿੱਖੀ ਪ੍ਰਚਾਰ ਦੇ ਮੰਤਵ ਨਾਲ 117 ਵਲੰਟੀਅਰ ਪ੍ਰਚਾਰਕਾਂ ਦੀ ਚੋਣ ਕੀਤੀ ਹੈ। ਇਹ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਵੱਲੋਂ ਚੱਲ ਰਹੇ ਸਿੱਖ ਮਿਸ਼ਨਰੀ ਕਾਲਜਾਂ ਅਤੇ ਗੁਰਮਤਿ ਵਿਦਿਆਲਿਆਂ ਤੋਂ ਸਿਖਿਅਤ ਹਨ।
ਧਰਮ ਪ੍ਰਚਾਰ ਲਈ ਇਨ੍ਹਾਂ ਪ੍ਰਚਾਰਕਾਂ ਨੂੰ ਰਵਾਨਾ ਕਰਨ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੌਜੂਦਾ ਸਮੇਂ ਸਿੱਖੀ ਪ੍ਰਚਾਰ ਲਈ ਵੱਧ ਤੋਂ ਵੱਧ ਪ੍ਰਚਾਰਕਾਂ ਦੀ ਲੋੜ ਹੈ ਤਾਂ ਜੋ ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਂਤਾਂ ਨਾਲ ਜੋੜਨ ਦੇ ਨਾਲ-ਨਾਲ ਕੌਮੀ ਚੁਣੌਤੀਆਂ ਤੋਂ ਸੰਗਤ ਨੂੰ ਜਾਣੂ ਕਰਵਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਧਰਮ ਪਰਵਰਤਨ ਜਿਹੇ ਮਾਮਲਿਆਂ ਨੂੰ ਜਾਣਬੁਝ ਕੇ ਉਭਾਰਿਆ ਜਾ ਰਿਹਾ ਹੈ, ਜਿਸ ਦੀ ਜ਼ਮੀਨੀ ਪੱਧਰ ’ਤੇ ਨਿਸ਼ਾਨਦੇਹੀ ਕਰਨੀ ਅਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੰਗਤ ਨੂੰ ਸੁਚੇਤ ਕਰਨਾ ਜ਼ਰੂਰੀ ਹੈ। ਇਹ ਵਲੰਟੀਅਰ ਪ੍ਰਚਾਰਕ ਇਸ ਦਿਸ਼ਾ ਵਿਚ ਕਾਰਜ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜ਼ਮੀਨੀ ਪੱਧਰ ’ਤੇ ਇਸ ਮਾਮਲੇ ’ਤੇ ਕੰਮ ਕਰ ਰਹੀ ਹੈ ਅਤੇ ਸਿੱਖ ਸੰਸਥਾ ਦਾ ਮੰਤਵ ਦਿਖਾਵਾ ਕਰਨਾ ਨਹੀਂ, ਸਗੋਂ ਗੁਮਰਾਹ ਹੋ ਚੁੱਕੇ ਲੋਕਾਂ ਨੂੰ ਸਿੱਖੀ ਨਾਲ ਜੋੜਨਾ ਹੈ।
ਇਸ ਮੌਕੇ ਸ. ਬਲਵਿੰਦਰ ਸਿੰਘ ਵੇਈਂਪੂਈਂ. ਸ. ਸੁਰਜੀਤ ਸਿੰਘ ਤੁਗਲਵਾਲ, ਸ. ਗੁਰਨਾਮ ਸਿੰਘ ਜੱਸਲ, ਸ. ਸੁਖਵਰਸ਼ ਸਿੰਘ ਪੰਨੂ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਮਲਕੀਤ ਸਿੰਘ ਬਹਿੜਵਾਲ, ਸ. ਮੇਜਰ ਸਿੰਘ, ਪ੍ਰਿੰ: ਮਨਜੀਤ ਕੌਰ, ਡਾ. ਅਮਰਜੀਤ ਕੌਰ, ਸ. ਕਰਤਾਰ ਸਿੰਘ ਹਾਜ਼ਰ ਸਨ।
ਸਰਹੱਦੀ ਖੇਤਰਾਂ ਵਿਚ ਕੀਤਾ ਜਾ ਰਿਹਾ ਧਰਮ ਪਰਿਵਰਤਨ
ਦਰਅਸਲ ਕੁਝ ਮਹੀਨਿਆਂ ਤੋਂ ਸਰਹੱਦੀ ਖੇਤਰਾਂ ਵਿਚ ਈਸਾਈ ਮਤ ਵੱਲੋਂ ਧਰਮ ਪਰਿਵਰਤਨ ਦੇ ਮਾਮਲੇ ਸਾਹਮਣੇ ਆ ਰਹੇ। ਸਿੱਖ ਧਰਮ ਦੇ ਲੋਕਾਂ ਵੱਲੋਂ ਈਸਾਈ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਈਸਾਈ ਧਰਮ ਅਪਣਾਇਆ ਜਾ ਰਿਹਾ ਹੈ। ਐਸ. ਜੀ. ਪੀ. ਸੀ. ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਵੇਖਦਿਆਂ ਐਕਸ਼ਨ ਲਿਆ ਹੈ ਅਤੇ ਸਰਹੱਦੀ ਖੇਤਰਾਂ ਵਿਚ ਸਿੱਖੀ ਦੇ ਪ੍ਰਚਾਰ ਲਈ ਉਪਰਾਲਾ ਕੀਤਾ ਹੈ। ਲੰਘੇ ਦਿਨੀਂ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਵਿਚ ਸਾਹਮਣੇ ਆਇਆ ਸੀ ਕਿ ਸਿੱਖ ਧਰਮ ਦੇ ਪ੍ਰਚਾਰ ਲਈ ਕੋਈ ਵੀ ਸੰਸਥਾ ਗੰਭੀਰ ਨਹੀਂ। ਜਿਸਤੋਂ ਬਾਅਦ ਐਸ. ਜੀ. ਪੀ. ਸੀ. ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਡਟ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾਵੇ।
WATCH LIVE TV