ਭਾਜਪਾ ’ਚ ਵੀ ਕਈ ਅਜਿਹੇ ਲੋਕ ਹਨ, ਜਿਨ੍ਹਾਂ ’ਤੇ ED ਦੇ ਛਾਪੇ ਪੈਣੇ ਚਾਹੀਦੇ ਹਨ: ਸੱਤਿਆਪਾਲ ਮਲਿਕ
ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਖੁਲਾਸਾ ਕੀਤਾ ਹੈ ਕਿ ਜੇਕਰ ਉਹ ਕੇਂਦਰ ਸਰਕਾਰ ਖ਼ਿਲਾਫ਼ ਬੋਲਣਾ ਬੰਦ ਕਰ ਦਿੰਦੇ ਤਾਂ ਅੱਜ ਉਹ ਦੇਸ਼ ਦੇ ਉਪ-ਰਾਸ਼ਟਰਪਤੀ ਹੁੰਦੇ।
ਚੰਡੀਗੜ੍ਹ: ਮੇਘਾਲਿਆ ਦੇ ਰਾਜਪਾਲ (Governor) ਸੱਤਿਆਪਾਲ ਮਲਿਕ ਹਮੇਸ਼ਾ ਸੁਰਖੀਆਂ ’ਚ ਬਣੇ ਰਹਿੰਦੇ ਹਨ।
ਐਤਵਾਰ ਨੂੰ ਉਹ ਰਾਜਸਥਾਨ ਦੌਰ ’ਤੇ ਸਨ, ਆਪਣੇ ਦੌਰੇ ਦੌਰਾਨ ਉਹ ਜ਼ਿਲ੍ਹਾ ਝੁੰਜਣੂ ਦੇ ਬੱਗੜ ਇਲਾਕੇ ’ਚ ਪਹੁੰਚੇ ਸਨ। ਜਿੱਥੇ ਉਨ੍ਹਾਂ ਨਵਾਂ ਖੁਲਾਸਾ ਕੀਤਾ ਹੈ ਕਿ ਜੇਕਰ ਉਹ ਕੇਂਦਰ ਸਰਕਾਰ ਖ਼ਿਲਾਫ਼ ਬੋਲਣਾ ਬੰਦ ਕਰ ਦਿੰਦੇ ਤਾਂ ਅੱਜ ਉਹ ਦੇਸ਼ ਦੇ ਉਪ-ਰਾਸ਼ਟਰਪਤੀ ਹੁੰਦੇ। ਭਾਵ ਜਗਦੀਪ ਧਨਖੜ ਦੀ ਥਾਂ ਉਨ੍ਹਾਂ ਨੂੰ ਭਾਜਪਾ ਵਲੋਂ ਉਪ-ਰਾਸ਼ਟਰਪਤੀ ਲਈ ਉਮੀਦਵਾਰ ਐਲਾਨਿਆ ਜਾਂਦਾ।
ਸੱਤਿਆਪਾਲ ਮਲਿਕ ਨੇ ਕਿਹਾ ਕਿ, "ਉਨ੍ਹਾਂ ਨੂੰ ਵੀ ਇਸ਼ਾਰਾ ਹੋਇਆ ਸੀ ਕਿ ਜੇਕਰ ਚੁੱਪ ਰਹੋਗੇ ਤਾਂ ਉਪ-ਰਾਸ਼ਟਰਪਤੀ ਬਣਾ ਦੇਵਾਂਗੇ।" ਪਰ ਉਨ੍ਹਾਂ ਕਿਹਾ ਕਿ ਮੈਂ ਜੋ ਮਹਿਸੂਸ ਕਰਦਾ ਹਾਂ ਉਹ ਜ਼ਰੂਰ ਬੋਲਦਾ ਹਾਂ।
ਉਨ੍ਹਾਂ ਨੇ ਦਿੱਲੀ ਦੇ ਰਾਜਪੱਥ (Rajpath) ਦਾ ਨਾਮ ਬਦਲੇ ਜਾਣ ’ਤੇ ਵੀ ਬਿਆਨ ਦਿੱਤਾ। ਸੱਤਿਆ ਪਾਲ ਮਲਿਕ (Satyapal Malik) ਨੇ ਕਿਹਾ ਕਿ ਰਾਜਪੱਥ ਆਪਣੇ ਆਪ ’ਚ ਬਹੁਤ ਚੰਗਾ ਨਾਮ ਹੈ, ਸਾਰੇ ਜਾਣਦੇ ਸਨ ਪਰ ਬਦਲ ਦਿੱਤਾ ਗਿਆ ਹੈ। ਰਾਜਪੱਥ ਬੋਲਣ ਅਤੇ ਕਹਿਣ ’ਚ ਬਹੁਤ ਸਹੀ ਹੈ। ਉਨ੍ਹਾਂ ਕਿਹਾ ਕਿ ਰਾਜਪੱਥ ਦਾ ਨਾਮ ਬਦਲਣਾ ਮੋਦੀ ਜੀ ਦੀ ਨਜ਼ਰ ’ਚ ਸਹੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ (Bharatiya Janata Party) ’ਚ ਵੀ ਕਈ ਅਜਿਹੇ ਲੋਕ ਹਨ, ਜਿਨ੍ਹਾਂ ’ਤੇ ਈਡੀ (Enforcement Department) ਸੀਬੀਆਈ (CBI) ਦੇ ਛਾਪੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਭਾਜਪਾ ਵਾਲਿਆਂ ’ਤੇ ਵੀ ਛਾਪੇ ਪਵਾ ਦੇਣੇ ਚਾਹੀਦੇ ਹਨ। ਮਲਿਕ ਨੇ ਕਿਹਾ ਕਿ ਉਹ ਰਾਜਪਾਲ ਦਾ ਕਾਰਜਕਾਲ ਖ਼ਤਮ ਹੋ ਜਾਣ ਤੋਂ ਬਾਅਦ ਕਿਸਾਨਾਂ ’ਚ ਜਾਣਗੇ।