600 ਯੂਨਿਟ ਮੁਫ਼ਤ ਬਿਜਲੀ: ਜਿਨ੍ਹਾਂ ਨੇ ਆਪ ਕੁਝ ਨਹੀਂ ਕੀਤਾ, ਉਨ੍ਹਾਂ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ: ਈਟੀਓ
ਭਾਰਤ ਸਰਕਾਰ ਦੀ `ਉੱਜਵਲ ਭਾਰਤ, ਉੱਜਵਲ ਭਵਿੱਖ` ਮੁਹਿੰਮ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਕਿਹਾ ਇਸ ਮੁਹਿੰਮ ਤਹਿਤ ਪੂਰੇ ਭਾਰਤ ’ਚ ਸਮਾਗਮ ਕਰਵਾਏ ਜਾ ਰਹੇ ਹਨ। ਪੰਜਾਬ ਦੀਆਂ 46 ਥਾਵਾਂ ’ਤੇ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜੋ 25 ਤੋਂ 30 ਜੁਲਾਈ ਤੱਕ ਚਲਣਗੇ।
ਚੰਡੀਗੜ੍ਹ: ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅੱਜ ਅੰਮ੍ਰਿਤਸਰ ਪੁੱਜੇ, ਜਿੱਥੇ ਉਨ੍ਹਾਂ ਭਾਰਤ ਸਰਕਾਰ ਵਲੋਂ ਕਰਵਾਏ ਜਾ ਰਹੇ 'ਉੱਜਵਲ ਭਾਰਤ, ਉੱਜਵਲ ਭਵਿੱਖ' ਮੁਹਿੰਮ ਤਹਿਤ ਕਰਵਾਏ ਜਾ ਰਹੇ ਸਮਾਗਮ ’ਚ ਬਤੌਰ ਮਹਿਮਾਨ ਸ਼ਿਰਕਤ ਕੀਤੀ।
ਮੀਡੀਆ ਨਾਲ ਗੱਲਬਾਤ ਦੌਰਾਨ ਭਾਰਤ ਸਰਕਾਰ ਦੀ 'ਉੱਜਵਲ ਭਾਰਤ, ਉੱਜਵਲ ਭਵਿੱਖ' ਮੁਹਿੰਮ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਕਿਹਾ ਇਸ ਮੁਹਿੰਮ ਤਹਿਤ ਪੂਰੇ ਭਾਰਤ ’ਚ ਸਮਾਗਮ ਕਰਵਾਏ ਜਾ ਰਹੇ ਹਨ। ਪੰਜਾਬ ਦੀਆਂ 46 ਥਾਵਾਂ ’ਤੇ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜੋ 25 ਤੋਂ 30 ਜੁਲਾਈ ਤੱਕ ਚਲਣਗੇ। ਇਸ ਮੁਹਿੰਮ ਮੁਤਾਬਕ ਲੋਕਾਂ ਨੂੰ ਬਿਜਲੀ ਵਿਭਾਗ ਦੀਆਂ ਪ੍ਰਾਪਤੀਆਂ ਤੇ ਬਿਜਲੀ ਦੇ ਸਦਉਪਯੋਗ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ 30 ਜੁਲਾਈ ਨੂੰ 5 ਜ਼ਿਲ੍ਹਿਆਂ ’ਚ ਗ੍ਰੈਂਡ ਫ਼ਿਨਾਲੇ ਵੀ ਕਰਵਾਇਆ ਜਾਵੇਗਾ।
ਨੌਕਰੀ ਲੈਣ ਲਈ ਪੂਰੀਆਂ ਕਰਨੀਆਂ ਹੋਣਗੀਆਂ ਸ਼ਰਤਾਂ: ਬਿਜਲੀ ਮੰਤਰੀ
ਬਿਜਲੀ ਮੰਤਰੀ ਈਟੀਓ ਨੇ ਧਰਨਾ ਦੇ ਰਹੇ ਬੇਰੁਜ਼ਗਾਰਾਂ ਦੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਵਚਨਬੱਧ ਹੈ, ਪਰ ਨੌਕਰੀ ਪ੍ਰਾਪਤ ਕਰਨ ਲਈ ਯੋਗਤਾਵਾਂ ਵੀ ਪੂਰੀਆਂ ਕਰਨੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਪਹਿਲੀ ਕੈਬਨਿਟ ਮੀਟਿੰਗ ਦੌਰਾਨ ਹੀ 25 ਹਜ਼ਾਰ ਨੌਕਰੀਆਂ ਦਾ ਐਲਾਨ ਕੀਤਾ ਸੀ। ਅਸੀਂ ਧਰਨਾਕਾਰੀਆਂ ਨਾਲ ਪਹਿਲਾਂ ਵੀ ਗੱਲਬਾਤ ਕੀਤੀ ਸੀ ਤੇ ਹੁਣ ਵੀ ਕਰਨ ਲਈ ਤਿਆਰ ਹਾਂ। ਪਰ ਨੌਕਰੀ ਲੈਣ ਲਈ ਨਿਯਮ ਤੇ ਸ਼ਰਤਾਂ ਪੂਰੀਆਂ ਕਰਨੀਆਂ ਵੀ ਲਾਜ਼ਮੀ ਹਨ।
600 ਯੂਨਿਟ ਬਿਜਲੀ ਮੁਫ਼ਤ ਦੇਣ ਪ੍ਰਤੀ ਸਰਕਾਰ ਦਾ ਸਟੈਂਡ ਕਲੀਅਰ: ਈਟੀਓ
600 ਯੂਨਿਟਾਂ ਬਿਜਲੀ ਦੀਆਂ ਮੁਫ਼ਤ ਦੇਣ ਦੀ ਯੋਜਨਾ ਦੇ ਮੁੱਦੇ ’ਤੇ ਬੋਲਦਿਆਂ ਮੰਤਰੀ ਈਟੀਓ ਨੇ ਕਿਹਾ ਕਿ ਇਸ ਯੋਜਨਾ ਪ੍ਰਤੀ ਕਿਸੇ ਕਿਸਮ ਦੀ ਉਲਝਣ ਨਹੀਂ ਹੈ। ਅਸੀਂ ਖ਼ਪਤਕਾਰਾਂ ਨੂੰ 600 ਯੂਨਿਟ ਮੁਫ਼ਤ ਦੇਵਾਂਗੇ। ਪਰ ਵਿਰੋਧੀ ਜਿਨ੍ਹਾਂ ਨੇ ਆਪ ਕਦੇ ਕੁਝ ਨਹੀਂ ਕੀਤਾ, ਉਨ੍ਹਾਂ ਨੂੰ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ।