Mohali News: ਸਰਟੀਫਿਕੇਟ ਵੈਰੀਫਿਕੇਸ਼ਨ `ਚ ਖਾਮੀਆਂ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿੰਨ ਕਰਮਚਾਰੀ ਮੁਅੱਤਲ
ਪੰਜਾਬ ਫਾਰਮੇਸੀ ਕੌਂਸਲ ਵੱਲੋਂ ਮਿਤੀ 04.04.2024 ਦੇ ਪੱਤਰ ਰਾਹੀਂ ਬੋਰਡ ਦਫ਼ਤਰ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਉਨ੍ਹਾਂ ਵੱਲੋਂ ਦੋ ਉਮੀਦਵਾਰਾਂ ਦੇ ਸਰਟੀਫਿਕੇਟ ਵੈਰੀਫਾਈ ਕਰਨ ਲਈ ਬੋਰਡ ਨੂੰ ਸਾਲ 2023 ਵਿੱਚ ਭੇਜੇ ਗਏ ਸਨ। ਬੋਰਡ ਵੱਲੋਂ ਇਨ੍ਹਾਂ ਉਮੀਦਵਾਰਾਂ ਦੇ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਦੀਆਂ ਵੱਖ-ਵੱਖ ਸਮੇਂ ਤੇ ਦੋ ਰਿਪੋਰਟਾਂ ਭੇਜੀਆਂ ਗਈਆਂ, ਜ
Mohali News: ਪੰਜਾਬ ਫਾਰਮੇਸੀ ਕੌਂਸਲ ਵੱਲੋਂ ਮਿਤੀ 04.04.2024 ਦੇ ਪੱਤਰ ਰਾਹੀਂ ਬੋਰਡ ਦਫ਼ਤਰ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਉਨ੍ਹਾਂ ਵੱਲੋਂ ਦੋ ਉਮੀਦਵਾਰਾਂ ਦੇ ਸਰਟੀਫਿਕੇਟ ਵੈਰੀਫਾਈ ਕਰਨ ਲਈ ਬੋਰਡ ਨੂੰ ਸਾਲ 2023 ਵਿੱਚ ਭੇਜੇ ਗਏ ਸਨ। ਬੋਰਡ ਵੱਲੋਂ ਇਨ੍ਹਾਂ ਉਮੀਦਵਾਰਾਂ ਦੇ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਦੀਆਂ ਵੱਖ-ਵੱਖ ਸਮੇਂ ਤੇ ਦੋ ਰਿਪੋਰਟਾਂ ਭੇਜੀਆਂ ਗਈਆਂ, ਜਿਸ ਅਨੁਸਾਰ ਪਹਿਲੀ ਵਾਰ ਸਰਟੀਫਿਕੇਟਾਂ ਨੂੰ ਸਹੀ ਦੱਸਿਆ ਗਿਆ ਅਤੇ ਦੂਜੀ ਰਿਪੋਰਟ ਵਿੱਚ ਸਰਟੀਫਿਕੇਟ ਜਾਅਲੀ ਹੋਣ ਬਾਰੇ ਕਿਹਾ ਗਿਆ।
ਪੰਜਾਬ ਫਾਰਮੇਸੀ ਕੈਂਸਲ ਵੱਲੋਂ ਭੇਜੇ ਪੱਤਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਮਲੇ ਦੀ ਮੁੱਢਲੀ ਪੜਤਾਲ ਸੰਯੁਕਤ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਕੋਲੋਂ ਕਰਵਾਈ ਗਈ। ਪੜਤਾਲ ਅਫ਼ਸਰ ਵੱਲੋਂ ਮਾਮਲੇ ਨਾਲ ਸਬੰਧਤ ਰਿਕਾਰਡ ਅਤੇ ਕੇਸ ਨਾਲ ਸਬੰਧਤ ਬੋਰਡ ਦਫ਼ਤਰ ਦੇ ਕਰਮਚਾਰੀਆਂ ਦੇ ਬਿਆਨਾਂ ਦੇ ਆਧਾਰ ਤੇ ਪੇਸ਼ ਕੀਤੀ ਗਈ ਪੜਤਾਲ ਰਿਪੋਰਟ ਅਨੁਸਾਰ ਹਵਾਲੇ ਅਧੀਨ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਵਿਚ ਵੱਡੇ ਪੱਧਰ ਤੇ ਖਾਮੀਆਂ ਪਾਈਆਂ ਗਈਆਂ ਹਨ ਅਤੇ ਕੇਸ ਨਾਲ ਸਬੰਧਤ ਰਿਕਾਰਡ ਨਾਲ ਛੇੜਛਾੜ ਕੀਤੀ ਹੋਈ ਪਾਈ ਗਈ ਹੈ।
ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੜਤਾਲ ਰਿਪੋਰਟ ਵਿਚ ਨਾਮਜ਼ਦ ਹੋਏ ਬੋਰਡ ਦੇ ਕਰਮਚਾਰੀਆਂ ਪਰਵਿੰਦਰ ਸਿੰਘ, ਸੀਨੀਅਰ ਸਹਾਇਕ, ਰਣਜੀਤ ਸਿੰਘ ਅਤੇ ਰਾਜਿੰਦਰ ਸਿੰਘ, ਹੈਲਪਰਜ਼, ਸਰਟੀਫਿਕੇਟ ਸ਼ਾਖਾ ਨੂੰ ਤੁਰੰਤ ਪ੍ਰਭਾਵ ਨਾਲ ਬੋਰਡ ਦੀ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਕੇਸ ਵਿੱਚ ਸ਼ਾਮਲ ਜਗਤਾਰ ਸਿੰਘ, ਦਿਹਾੜੀਦਾਰ, ਸਰਟੀਫਿਕੇਟ ਸ਼ਾਖਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਾਲ-ਨਾਲ ਉਸਦਾ ਹੈੱਡ-ਕੁਆਟਰ ਖੇਤਰੀ ਦਫ਼ਤਰ, ਰੂਪਨਗਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਭ੍ਰਿਸ਼ਟਾਚਾਰ ਪ੍ਰਤੀ ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਤਹਿਤ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਬੋਰਡ ਵੱਲੋਂ ਮੁਹਾਲੀ ਪੁਲਿਸ ਨੂੰ ਐਫ.ਆਈ.ਆਰ. ਦਰਜ ਕਰਨ ਲਈ ਲਿਖਿਆ ਜਾ ਰਿਹਾ ਹੈ, ਤਾਂ ਜੋ ਇਸ ਫਰਜ਼ੀਵਾੜੇ ਦਾ ਪਰਦਾਫਾਸ਼ ਹੋ ਸਕੇ।
ਬੋਰਡ ਦੀ ਆਮ ਪਬਲਿਕ ਨੂੰ ਅਪੀਲ ਹੈ ਕਿ ਬੋਰਡ ਦਫ਼ਤਰ ਤੋਂ ਸਰਟੀਫਿਕੇਟ, ਸੈਕਿੰਡ ਕਾਪੀ ਆਫ਼ ਸਰਟੀਫਿਕੇਟ ਦੀ ਪ੍ਰਾਪਤੀ ਜਾਂ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਨਿਰਧਾਰਤ ਵਿਧੀ ਅਨੁਸਾਰ ਹੀ ਕਰਵਾਈ ਜਾਵੇ ਅਤੇ ਅਣਅਧਿਕਾਰਤ ਜਾਂ ਗਲਤ ਅਨਸਰਾਂ ਦੇ ਜਾਲ ਵਿਚ ਨਾ ਫਸਿਆ ਜਾਵੇ। ਇਸ ਤੋਂ ਬਾਅਦ ਮੁਅੱਤਲ ਮੁਲਾਜ਼ਮਾਂ ਨੇ ਇਸ ਕਾਰਵਾਈ ਨੂੰ ਗਲਤ ਦੱਸਿਆ ਹੈ ਅਤੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਹੈ।
ਸਿੱਖਿਆ ਬੋਰਡ ਕਰਮਚਾਰੀ ਸੰਘ ਦੇ ਪ੍ਰਧਾਨ ਖੰਗੂੜਾ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਤੱਥਾਂ ਦੇ ਆਧਾਰ 'ਤੇ ਆਪਣੇ ਆਪ ਨੂੰ ਸਹੀ ਸਾਬਤ ਕਰੇਗਾ। ਇਹ ਫੈਸਲਾ ਜਲਦਬਾਜ਼ੀ ਵਿੱਚ ਲਿਆ ਗਿਆ ਹੈ। ਉਹ ਸਮੇਂ-ਸਮੇਂ 'ਤੇ ਐਸੋਸੀਏਸ਼ਨ ਦੇ ਬੋਰਡ ਦੇ ਪ੍ਰਧਾਨ ਅਤੇ ਸਕੱਤਰ ਦੀਆਂ ਬੇਨਿਯਮੀਆਂ ਦਾ ਪਰਦਾਫਾਸ਼ ਕਰਦੇ ਰਹੇ ਹਨ। ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ।
ਉਸ 'ਤੇ ਲੱਗੇ ਦੋਸ਼ ਸਾਬਤ ਨਹੀਂ ਹੋਏ
ਪਰਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸ ’ਤੇ ਲੱਗੇ ਦੋਸ਼ ਕਿਸੇ ਵੀ ਤਰ੍ਹਾਂ ਸਾਬਤ ਨਹੀਂ ਹੋਏ ਅਤੇ ਨਾ ਹੀ ਉਸ ਦੇ ਕਿਤੇ ਵੀ ਦਸਤਖਤ ਹਨ। ਪਰ ਫਿਰ ਵੀ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਬੋਰਡ ਦੇ ਸਕੱਤਰ ਵੱਲੋਂ ਕੀਤੀਆਂ ਗਈਆਂ ਬੇਨਿਯਮੀਆਂ ਦਾ ਖੁਲਾਸਾ ਹੋਵੇਗਾ।