ਸ਼ੁਰੂ ਹੋਵੇਗਾ ਭਾਰਤ ਪਾਕਿਸਤਾਨ ਵਿਚਾਲੇ ਦੁਬਾਰਾ ਵਪਾਰ ? ਪੰਜਾਬ ਸਰਕਾਰ ਨੇ ਰੱਖੀ ਇਹ ਮੰਗ
ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁੜ ਤੋਂ ਵਪਾਰ ਸ਼ੁਰੂ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਇਹ ਵਪਾਰ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਤੋਂ ਬਾਅਦ ਬੰਦ ਕੀਤਾ ਗਿਆ ਸੀ।
ਚੰਡੀਗੜ: ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰਕ ਸਬੰਧਾਂ 'ਤੇ ਕਾਫ਼ੀ ਸਮੇਂ ਤੋਂ ਵਿਰਾਮ ਲੱਗਿਆ ਹੋਇਆ ਹੈ। ਪਰ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਮੁੜ ਤੋਂ ਪਾਕਿਸਤਾਨ ਨਾਲ ਵਪਾਰ ਕਰਨ ਦੇ ਮਾਮਲੇ ਵਿਚ ਤਤਪਰ ਹੋ ਰਹੀ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਸ ਸਾਲ ਬੈਂਗਲੌਰ ਵਿਚ ਹੋਏ ਖੇਤੀਬਾੜੀ ਮੰਤਰੀਆਂ ਦੇ ਸੰਮੇਲਨ ਦੌਰਾਨ ਇਹ ਮੰਗ ਰੱਖੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰ ਮੁੜ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਇਹ ਬੈਠਕ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਅਗਵਾਈ ਵਿਚ ਹੋਈ ਸੀ। ਇਸ ਮੀਟਿੰਗ ਵਿਚ ਸਾਰੇ ਸੂਬਿਆਂ ਦੇ ਖੇਤੀਬਾੜੀ ਮੰਤਰੀ, ਖੇਤੀਬਾੜੀ ਸਕੱਤਰ ਅਤੇ ਖੇਤੀਬਾੜੀ ਨਿਰਦੇਸ਼ਕ ਵੀ ਪਹੁੰਚੇ ਸਨ।
ਪੰਜਾਬ ਤੋਂ ਇਲਾਵਾ ਹੋਰ ਕਿਸੇ ਨੇ ਨਹੀਂ ਚੁੱਕਿਆ ਇਹ ਮੁੱਦਾ
ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਇਸ ਮੀਟਿੰਗ ਦੌਰਾਨ ਦਿਲਚਸਪੀ ਵਿਖਾਈ ਕਿ ਪੰਜਾਬ ਰਾਹੀਂ ਮੁੜ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਹਲਾਂਕਿ ਪੂਰੀ ਮੀਟਿੰਗ ਵਿਚ ਹੋਰ ਕਿਸੇ ਵੀ ਖੇਤੀਬਾੜੀ ਮੰਤਰੀ ਅਤੇ ਖੇਤੀਬਾੜੀ ਅਧਿਕਾਰੀ ਨੇ ਇਸ ਤਰ੍ਹਾਂ ਦੀ ਮੰਗ ਨਹੀਂ ਰੱਖੀ। ਇਸਦੇ ਨਾਲ ਹੀ ਪੰਜਾਬ ਵੱਲੋਂ ਕੀਤੀ ਇਸ ਮੰਗ ਨੂੰ ਰਿਕਾਰਡ ਵਿਚ ਵੀ ਦਰਜ ਕੀਤਾ ਗਿਆ ਹੈ।
3 ਸਾਲ ਤੋਂ ਬੰਦ ਹੈ ਭਾਰਤ ਹੈ ਪਾਕਿਸਤਾਨ ਵਿਚਾਲੇ ਵਪਾਰ
ਦੱਸ ਦਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਪਿਛਲੇ 3 ਸਾਲਾਂ ਤੋਂ ਬੰਦ ਹੈ। ਜਦੋਂ ਤੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਈ ਗਈ। ਉਸ ਸਮੇਂ ਤੋਂ ਹੀ ਦੋਵਾਂ ਦੇਸ਼ਾਂ ਵਿਚ ਵਪਾਰ ਬੰਦ ਹੈ। 5 ਅਗਸਤ 2019 ਨੂੰ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਈ ਗਈ ਅਤੇ 7 ਅਗਸਤ 2019 ਤੋਂ ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸਿਆਂ ਤੋਂ ਵਪਾਰ ਉੱਤੇ ਰੋਕ ਲਗਾ ਦਿੱਤੀ ਗਈ। ਹਲਾਂਕਿ ਕੁਝ ਸਮੇਂ ਬਾਅਦ ਨਰਮ ਰਵੱਈਆ ਅਪਣਾਇਆ ਗਿਆ ਅਤੇ ਵਪਾਰ ਦੀ ਇਜਾਜ਼ਤ ਦਿੱਤੀ ਗਈ ਪਰ ਵਪਾਰ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋ ਸਕਿਆ। ਪਰ ਹੁਣ ਪੰਜਾਬ ਸਰਕਾਰ ਵੱਲੋਂ ਵਪਾਰ ਸ਼ੁਰੂ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ।
WATCH LIVE TV