ਸਰਕਾਰੀ ਬੱਸਾਂ ’ਚੋਂ ਹੁਣ ਨਹੀਂ ਹੋਵੇਗਾ ਡੀਜ਼ਲ ਚੋਰੀ, ਟਰਾਂਸਪੋਰਟ ਮੰਤਰੀ ਨੇ ਕੀਤਾ ਹੱਲ
ਪੰਜਾਬ ਸਰਕਾਰ ਦਾ ਟਰਾਂਸਪੋਰਟ ਵਿਭਾਗ (Tranport Department) ਤੇਲ ਚੋਰੀ ਦੀ ਵੱਡੀ ਸਮੱਸਿਆ ਨਾਲ ਜੂਝ ਰਿਹਾ ਸੀ।
ਚੰਡੀਗੜ੍ਹ: ਪੰਜਾਬ ਸਰਕਾਰ ਦਾ ਟਰਾਂਸਪੋਰਟ ਵਿਭਾਗ (Tranport Department) ਤੇਲ ਚੋਰੀ ਦੀ ਵੱਡੀ ਸਮੱਸਿਆ ਨਾਲ ਜੂਝ ਰਿਹਾ ਸੀ। ਪਰ ਹੁਣ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljeet singh bhullar) ਨੇ ਇਸ ਸਮੱਸਿਆ ਦਾ ਹੱਲ ਲਈ ਅਹਿਮ ਫ਼ੈਸਲਾ ਲਿਆ ਹੈ।
ਇਸ ਨਵੇਂ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ 3 ਸੂਬਾ ਪੱਧਰੀ ਟੀਮਾਂ ਸਮੇਤ ਡਿੱਪੂ ਪੱਧਰੀ ਛਾਪੇਮਾਰੀ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਹ ਸੂਬਾ ਪੱਧਰੀ ਟੀਮਾਂ ਸਿੱਧੇ ਤੌਰ ’ਤੇ ਟਰਾਂਸਪੋਰਟ ਮੰਤਰੀ (Transport Minister) ਨੂੰ ਰਿਪੋਰਟ ਕਰਨਗੀਆਂ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਮੀਟਿੰਗਾਂ ਰਾਹੀਂ ਤੇਲ ਚੋਰੀ ਦੀ ਘਟਨਾਵਾਂ ਨੂੰ ਠੱਲ ਪਾਉਣ ਲਈ ਮਹਿਕਮੇ ਦੇ ਅਧਿਕਾਰੀਆਂ, ਡਰਾਈਵਰਾਂ ਤੇ ਕੰਡਕਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਸੀ। ਪਰ ਇਸ ਸਭ ਦੇ ਬਾਵਜੂਦ ਤੇਲ ਚੋਰੀ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਸਨ।
ਡਿਪੂ ਪੱਧਰ ’ਤੇ ਬਣਾਈਆਂ ਟੀਮਾਂ 15ਵੇਂ ਦਿਨ ਮੁੱਖ ਦਫ਼ਤਰ ਭੇਜਣਗੀਆਂ ਰਿਪੋਰਟ
ਟਰਾਂਸਪੋਰਟ ਮੰਤਰੀ ਭੁੱਲਰ ਨੇ ਦੱਸਿਆ ਕਿ ਸੂਬਾ ਪੱਧਰੀ ਛਾਪਾਮਾਰ ਟੀਮਾਂ (Flying Squad) ਕਿਸੇ ਵੀ ਸਮੇਂ ਛਾਪਾ ਮਾਰ ਸਕਦੀਆਂ ਹਨ। ਇਸੇ ਤਰ੍ਹਾਂ ਡਿੱਪੂ ਪੱਧਰੀ ਟੀਮਾਂ ਸਬੰਧਤ ਬੱਸ ਸਟੈਂਡ ਅਤੇ ਵਰਕਸ਼ਾਪ ’ਚ ਆਉਣ ਜਾਣ ਵਾਲੀਆਂ ਅਤੇ ਰਾਤ ਨੂੰ ਰੁਕਣ ਵਾਲੀਆਂ ਬੱਸਾਂ ’ਚੋਂ ਡੀਜ਼ਲ ਦੀ ਚੋਰੀ (Incidents of Oil theft) ਨੂੰ ਰੋਕਣ ਲਈ ਨਜ਼ਰ ਰੱਖਣਗੀਆਂ ਅਤੇ ਸੰਬਧਤ ਜਨਰਲ ਮੈਨੇਜਰ/ ਡਿੱਪੂ ਮੈਨੇਜਰ ਨੂੰ ਰਿਪੋਰਟ ਕਰਨਗੀਆਂ। ਮੰਤਰੀ ਨੇ ਦੱਸਿਆ ਕਿ ਜਨਰਲ ਮੈਨੇਜਰਾਂ/ਡਿਪੂ ਮੈਨੇਜਰਾਂ ਨੂੰ ਡਿਪੂ ਪੱਧਰ ’ਤੇ ਇੰਸਪੈਕਟਰਾਂ ਅਤੇ ਸਬ-ਇੰਸਪੈਕਟਰਾਂ ਦੀਆਂ 3-3 ਟੀਮਾਂ ਗਠਿਤ ਕਰਨ ਲਈ ਪਹਿਲਾਂ ਹੀ ਲਿਖਤੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ।
ਡਿਪੂ ਪੱਧਰੀ ਟੀਮਾਂ ਦੀ ਰਿਪੋਰਟ ਜਨਰਲ ਮੈਨੇਜਰ/ਡਿਪੂ ਮੈਨੇਜਰ ਹਰ 15ਵੇਂ ਦਿਨ ਮੁੱਖ ਦਫ਼ਤਰ (Head Office) ਨੂੰ ਭੇਜਣੀ ਯਕੀਨੀ ਬਣਾਉਣਗੇ। ਕੈਬਨਿਟ ਮੰਤਰੀ ਨੇ ਸਮੂਹ ਜਨਰਲ ਮੈਨੇਜਰਾਂ/ਡਿਪੂ ਮੈਨੇਜਰਾਂ ਨੂੰ ਹਦਾਇਤ ਕੀਤੀ ਕਿ ਉਹ ਹਫ਼ਤੇ ਵਿੱਚ 3 ਦਿਨ (ਮੰਗਵਾਰ, ਵੀਰਵਾਰ ਅਤੇ ਸ਼ਨੀਵਾਰ) ਖ਼ੁਦ ਚੈਕਿੰਗ ਕਰਨਗੇ ਅਤੇ ਫੜੇ ਹੋਏ ਕੇਸਾਂ ਸਬੰਧੀ ਰਿਪੋਰਟ ਮੈਨੇਜਿੰਗ ਡਾਇਰੈਕਟਰ ਨੂੰ ਪੇਸ਼ ਕਰਨਗੇ।
ਕੋਈ ਵੀ ਕਰਮਚਾਰੀ ਦੇ ਸਕਦਾ ਹੈ ਤੇਲ ਚੋਰੀ ਸੰਬਧੀ ਗੁਪਤ ਸੂਚਨਾ
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਦਫ਼ਤਰ ਵੱਲੋਂ ਸਮੇਂ-ਸਮੇਂ ਸਿਰ ਚੈਕਿੰਗ ਟੀਮਾਂ (Raiding Teams) ਦੀ ਕਾਰਜਗੁਜ਼ਾਰੀ ਵੇਖੀ ਜਾਵੇਗੀ। ਉਨ੍ਹਾਂ ਬੜੇ ਸਖ਼ਤ ਲਹਿਜੇ 'ਚ ਕਿਹਾ ਕਿ ਮੁੱਖ ਦਫ਼ਤਰ ਦੀ ਚੈਕਿੰਗ ਟੀਮ ਵੱਲੋਂ ਕਿਸੇ ਬੱਸ ਸਟੈਂਡ ਉੱਤੇ ਡੀਜ਼ਲ ਚੋਰੀ ਫੜੇ ਜਾਣ 'ਤੇ ਸਾਰੀ ਜ਼ਿੰਮੇਵਾਰੀ ਸਬੰਧਤ ਬੱਸ ਸਟੈਂਡ 'ਤੇ ਤੈਨਾਤ ਚੈਕਿੰਗ ਟੀਮਾਂ ਅਤੇ ਸਬੰਧਤ ਜਨਰਲ ਮੈਨੇਜਰ/ਡਿਪੂ ਮੈਨੇਜਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਡਿਪੂਆਂ ਵਿੱਚ ਸਥਿਤ ਕੋਈ ਅਧਿਕਾਰੀ/ਕਰਮਚਾਰੀ ਤੇਲ ਚੋਰੀ ਸਬੰਧੀ ਸੂਚਨਾ ਗੁਪਤ ਤੌਰ 'ਤੇ ਦੇਣਾ ਚਾਹੁੰਦਾ ਹੋਵੇ ਤਾਂ ਉਹ ਟੈਲੀਫ਼ੋਨ ਨੰਬਰ 0172-2704790 ਅਤੇ ਈਮੇਲ ਪਤੇ dir.tpt@punbus.gov.in 'ਤੇ ਦੱਸ ਸਕਦਾ ਹੈ