ਬੈਂਕ ਡਕੈਤੀ ’ਚ ਸਾਬਕਾ CM ਦੇ ਨਜ਼ਦੀਕੀ ਸਰਪੰਚ ਦਾ ਨਾਮ ਆਇਆ, ਪੁਲਿਸ ਦੀ ਜਾਂਚ ’ਚ ਹੋਇਆ ਖ਼ੁਲਾਸਾ!
ਕਸਬਾ ਸੰਘੋਲ ’ਚ ਕੁਝ ਦਿਨ ਪਹਿਲਾਂ ਵਾਪਰੀ ਬੈਂਕ ਡਕੈਤੀ ਮਾਮਲੇ ਨੂੰ ਸੁਲਝਾਉਂਦਿਆ ਪੰਜਾਬ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਇਸ ਮਾਮਲੇ ’ਤੇ ਪ੍ਰੈਸ-ਕਾਨਫ਼ਰੰਸ ਦੌਰਾਨ ਐੱਸ. ਐੱਸ. ਪੀ. ਡਾ.
Sanghol Bank Robbery: ਕਸਬਾ ਸੰਘੋਲ ’ਚ ਕੁਝ ਦਿਨ ਪਹਿਲਾਂ ਵਾਪਰੀ ਬੈਂਕ ਡਕੈਤੀ ਮਾਮਲੇ ਨੂੰ ਸੁਲਝਾਉਂਦਿਆ ਪੰਜਾਬ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਇਸ ਮਾਮਲੇ ’ਤੇ ਪ੍ਰੈਸ-ਕਾਨਫ਼ਰੰਸ ਦੌਰਾਨ ਐੱਸ. ਐੱਸ. ਪੀ. ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਇਸ ਡਕੈਤੀ ਦਾ ਮਾਸਟਰ ਮਾਈਂਡ ਕਥਿਤ ਸਰਪੰਚ ਅਮਨਦੀਪ ਸਿੰਘ ਹਫਿਜ਼ਾਬਾਦ ਹੈ, ਜੋ ਕਿ ਸਾਬਕਾ CM ਚਰਨਜੀਤ ਸਿੰਘ ਚੰਨੀ ਦਾ ਨਜ਼ਦੀਕੀ ਹੈ।
ਐੱਸ. ਐੱਸ. ਪੀ. ਡਾ. ਰਵਜੋਤ ਗਰੇਵਾਲ ਇਸ ਬੈਂਕ ਡਕੈਤੀ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ 10 ਨਵੰਬਰ ਨੂੰ 2 ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਆਪਣੇ ਮੂੰਹ ’ਤੇ ਮਾਸਕ ਪਾਏ ਹੋਏ ਸਨ, ਨੇ ਸਟੇਟ ਬੈਂਕ ਆਫ਼ ਇੰਡੀਆ ਦੀ ਸੰਘੋਲ ਵਿਖੇ ਸਥਿਤ ਬ੍ਰਾਂਚ ਅੰਦਰ ਦਾਖ਼ਲ ਹੋਣ ਉਪਰੰਤ ਪਹਿਲਾਂ ਤਾਂ ਸਕਿਓਰਟੀ ਗਾਰਡ ਹਰਜੀਤ ਸਿੰਘ ਨਾਲ ਹੱਥੋਪਾਈ ਕੀਤੀ। ਇਸ ਤੋਂ ਬਾਅਦ ਸਕਿਓਰਟੀ ਗਾਰਡ ਦੀ ਖੋਹੀ ਹੋਈ ਰਾਇਫ਼ਲ ਦੀ ਨੋਕ ’ਤੇ ਬੈਂਕ ’ਚੋਂ 4 ਲੱਖ 50 ਹਜ਼ਾਰ ਰੁਪਏ ਅਤੇ ਗਾਰਡ ਦਾ ਮੋਬਾਈਲ ਫ਼ੋਨ ਲੁੱਟ ਕੇ ਫ਼ਰਾਰ ਹੋ ਗਏ।
ਰਵਜੋਤ ਗਰੇਵਾਲ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਤੋਂ ਬਾਅਦ ਮੌਜੂਦਾ ਸਰਪੰਚ ਅਮਨਦੀਪ ਸਿੰਘ ਵਾਸੀ ਪਿੰਡ ਹਫਿਜ਼ਾਬਾਦ ਅਤੇ ਜਸਪ੍ਰੀਤ ਸਿੰਘ ਵਾਸੀ ਪਿੰਡ ਕਤਲੌਰ ਦੋਵੇਂ ਅਧੀਨ ਥਾਣਾ ਚਮਕੌਰ ਸਾਹਿਬ (ਰੂਪਨਗਰ) ਦੋਹਾਂ ਨੂੰ ਮਾਮਲੇ ’ਚ ਬਤੌਰ ਕਥਿਤ ਦੋਸ਼ੀ ਨਾਮਜ਼ਦ ਕੀਤਾ ਗਿਆ।
ਦੋਹਾਂ ਮੁਲਜ਼ਮਾਂ ਦੀ ਨਾਮਜ਼ਦਗੀ ਤੋਂ ਬਾਅਦ ਜਸਪ੍ਰੀਤ ਸਿੰਘ ਜੱਸੂ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਵਾਰਦਾਤ ’ਚ ਵਰਤੇ ਗਏ ਦੋ ਨਕਲੀ ਪਿਸਤੌਲ, ਬੈਂਕ ’ਚੋਂ ਲੁੱਟੀ ਗਈ ਰਕਮ ਦੇ 60 ਹਜ਼ਾਰ ਰੁਪਏ ਤੋਂ ਇਲਾਵਾ ਰਾਈਫ਼ਲ 12 ਬੋਰ ਦੇ 2 ਜ਼ਿੰਦਾ ਰੌਂਦ ਵੀ ਬਰਾਮਦ ਕੀਤੇ।
ਇਸ ਮਾਮਲੇ ’ਚ ਨਾਮਜ਼ਦ ਕਥਿਤ ਮੁਲਜ਼ਮ ਸਰਪੰਚ ਅਮਨਦੀਪ ਸਿੰਘ ਦੀ ਗ੍ਰਿਫ਼ਤਾਰੀ ਲਈ ਜਦੋਂ ਉਸਦੇ ਘਰ ਛਾਪੇਮਾਰੀ ਕੀਤੀ ਗਈ ਤਾਂ ਉਹ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਫ਼ਰਾਰ ਹੋ ਗਿਆ। ਪਰੰਤੂ ਘਰ ਦੀ ਤਲਾਸ਼ੀ ਦੌਰਾਨ ਮੌਕਾ-ਏ-ਵਾਰਦਾਤ ਦੌਰਾਨ ਉਸ ਵਲੋਂ ਪਹਿਨੀ ਲੋਅਰ ਦੀ ਜੇਬ ’ਚੋਂ 65 ਹਜ਼ਾਰ ਦੀ ਨਗਦੀ ਬਰਾਮਦ ਹੋਈ।
ਇਸ ਮੌਕੇ ਐੱਸ. ਐੱਸ. ਪੀ. ਗਰੇਵਾਲ ਨੇ ਦੱਸਿਆ ਕਿ ਆਰੋਪੀ ਸਰੰਪਚ ਅਮਨਦੀਪ ਸਿੰਘ ਖ਼ਿਲਾਫ਼ ਪਹਿਲਾਂ ਵੀ ਥਾਣਾ ਚਮਕੌਰ ਸਾਹਿਬ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਹਨ।
ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ’ਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਸਰਪੰਚ ਅਮਨਦੀਪ ਸਿੰਘ ’ਤੇ ਦਰਜ ਹੋਏ ਕਈ ਮਾਮਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਥਿਤ ਦਖ਼ਲ ਅੰਦਾਜ਼ੀ ਤੋਂ ਬਾਅਦ ਰੱਦ ਕਰ ਦਿੱਤੇ ਗਏ ਸਨ।