ਪੁਲਿਸ ਵਾਲਾ ਕਰਦਾ ਸੀ ਥਾਣੇ ’ਚ ਜਮ੍ਹਾ ਕਰਵਾਏ ਹਥਿਆਰਾਂ ਦਾ ਸੌਦਾ, ਕਾਬੂ ਆਏ ਨਸ਼ਾ ਤਸਕਰਾਂ ਨੇ ਕੀਤਾ ਖ਼ੁਲਾਸਾ!
ਥਾਣੇ ’ਚ ਜਮ੍ਹਾ ਕੀਤੇ ਹਥਿਆਰ ਵੇਚਣ ਤਹਿਤ ਮੁਲਜ਼ਮ ਮੁਨਸ਼ੀ ਸੰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਤੱਕ ਉਸਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।
Weapons missing from Police station: ਬਠਿੰਡਾ ਦੇ ਥਾਣਾ ਦਿਆਲਪੁਰਾ ’ਚੋਂ ਗਾਇਬ ਹੋਏ ਹਥਿਆਰਾਂ ਦੇ ਮਾਮਲੇ ’ਚ ਪੁਲਿਸ ਵਾਲੇ ਦਾ ਹੱਥ ਸਾਹਮਣੇ ਆ ਰਿਹਾ ਹੈ। ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਬਰਖ਼ਾਸਤ ਕੀਤੇ ਗਏ ਮੁਨਸ਼ੀ ਸੰਦੀਪ ਨੇ ਆਪਣੇ 2 ਸਾਥੀਆਂ ਨਾਲ ਮਿਲਕੇ ਥਾਣੇ ਦੇ ਮਾਲਖਾਨੇ ’ਚ 12 ਹਥਿਆਰ ਅਤੇ 7 ਲੱਖ ਰੁਪਏ ਦੀ ਡਰੱਗ ਮਨੀ (Drug money) ਵੀ ਗਾਇਬ ਕਰ ਦਿੱਤੀ ਸੀ।
ਹਥਿਆਰ ਗਾਇਬ ਹੋਣ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਸੀ. ਆਈ. ਏ. ਸਟਾਫ਼ (ਵਨ) ਦੀ ਟੀਮ ਨੇ 2 ਨਸ਼ਾ ਤਸਕਰਾਂ ਨੂੰ ਨਜਾਇਜ਼ ਹਥਿਆਰਾਂ ਸਣੇ ਕਾਬੂ ਕੀਤਾ। ਪੁਲਿਸ ਦੀ ਗ੍ਰਿਫ਼ਤ ’ਚ ਆਏ ਸਤਨਾਮ ਸਿੰਘ ਅਤੇ ਕੁਲਵਿੰਦਰ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਨੇ ਮੰਨਿਆ ਕਿ ਮੁਨਸ਼ੀ ਸੰਦੀਪ ਨੇ ਉਨ੍ਹਾਂ ਨੂੰ 3 ਹਥਿਆਰ 38 ਬੋਰ, 32 ਬੋਰ ਰਿਵਾਲਵਰ ਅਤੇ 315 ਬੋਰ ਵੇਚਣ ਲਈ ਦਿੱਤੇ ਸਨ। ਇਨ੍ਹਾਂ ਦੋਵੇਂ ਦੋਸ਼ੀਆਂ ਦਾ ਮੁੱਦਕੀ ਪੁਲਿਸ ਨੇ ਰਿਮਾਂਡ ਹਾਸਲ ਕੀਤਾ ਹੈ, ਜਿਸ ਕਾਰਨ ਬਠਿੰਡਾ ਪੁਲਿਸ ਹਾਲੇ ਇਨ੍ਹਾਂ ਮੁਲਜ਼ਮਾਂ ਦਾ ਰਿਮਾਂਡ ਖ਼ਤਮ ਹੋਣ ਦੀ ਉਡੀਕ ਕਰ ਰਹੀ ਹੈ।
ਬਠਿੰਡਾ ਪੁਲਿਸ ਦੋਵਾਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਵੇਗੀ, ਜਿਸ ਤੋਂ ਬਾਅਦ ਮਾਮਲੇ ’ਚ ਹੋਰ ਵੀ ਵੱਡੀ ਖੁਲਾਸੇ ਹੋ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ. ਐੱਸ. ਪੀ. ਜੇ ਇਲਾਨਚੇਜੀਅਨ ਨੇ ਦੱਸਿਆ ਕਿ ਮੁਲਜ਼ਮ ਸੰਦੀਪ ਸਿੰਘ ਨੂੰ ਫੜਨ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ, ਰਿਪੋਰਟ ਦੇ ਆਧਾਰ 'ਤੇ ਐੱਸਐੱਸਪੀ ਨੇ ਮੁਲਜ਼ਮ ਮੁਨਸ਼ੀ ਖ਼ਿਲਾਫ਼ ਧਾਰਾ 409 ਤਹਿਤ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਇਸ ਮਾਮਲੇ ਵਿਚ ਭਾਵੇਂ ਮੁਲਜ਼ਮ ਮੁਨਸ਼ੀ ਸੰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜ਼ਿਲ੍ਹਾ ਬਠਿੰਡਾ ਦੇ ਥਾਣਾ ਦਿਆਲਪੁਰਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਸੀ, ਜਿਸ ’ਚ ਖੁਲਾਸਾ ਹੋਇਆ ਸੀ ਕਿ ਥਾਣੇ ’ਚ ਜਮ੍ਹਾ ਕਰਵਾਏ ਗਏ ਲਾਇਸੰਸੀ ਹਥਿਆਰ ਗਾਇਬ ਹੋ ਗਏ ਹਨ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਹਥਿਆਰਾਂ ਦੀ ਗਿਣਤੀ 12 ਤੋਂ ਵੱਧ ਸੀ ਤੇ ਸਾਰੇ ਲਾਇਸੰਸੀ ਹਥਿਆਰ ਸਨ।
ਇਹ ਵੀ ਪੜ੍ਹੋ: ਕੱਚੇ ਤੌਰ 'ਤੇ ਕੰਮ ਕਰ ਰਹੀ ਮਹਿਲਾ ਟੀਚਰ ਨੇ ਦਿੱਤਾ ਅਸਤੀਫ਼ਾ, CM ਮਾਨ ਨੂੰ ਕਿਹਾ, 'ਮੇਰੀ ਤਨਖ਼ਾਹ ਗੁਜਰਾਤ 'ਤੇ ਖ਼ਰਚ ਕਰ ਲਓ'