2023 ਦੀ ਪਹਿਲੀ ਸਵੇਰ ਨਾ ਦੇਖ ਸਕੇ 2 ਚਾਚੇ ਤਾਏ ਦੇ ਪੁੱਤ, ਮੌਤ ਨੇ ਲਿਆ ਕਲਾਵੇ ’ਚ
ਬਲਕਾਰ ਸਿੰਘ ਪੁੱਤਰ ਚੰਨਣ ਸਿੰਘ ਨੇ ਦੱਸਿਆ ਕਿ ਉਸਦਾ ਪੁੱਤ ਰਾਜੂ ਸਿੰਘ (24) ਅਤੇ ਭਤੀਜਾ ਰਿੰਕੂ ਪੁੱਤਰ ਮੱਖਣ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਚਿੱਟੇ ਦੇ ਆਦੀ ਸਨ, ਜਿਨ੍ਹਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।
Death Due to Drug overdose: ਮੋਗਾ ਜ਼ਿਲ੍ਹੇ ਦੇ ਧਰਮਕੋਟ ਅਧੀਨ ਪੈਂਦੇ ਪਿੰਡ ਨੂਰਪੁਰ ਹਕੀਮਾਂ ’ਚ ਨਸ਼ੇ ਦੀ ਓਵਰਡੋਜ਼ ਕਾਰਨ ਦੋ ਚਚੇਰੇ ਭਰਾਵਾਂ ਦੀ ਨਵੇਂ ਸਾਲ ਦੀ ਸਵੇਰ ਮੌਤ ਹੋ ਗਈ।
ਪੁਲਿਸ ਨੂੰ ਦਿੱਤੇ ਬਿਆਨਾਂ ’ਚ ਬਲਕਾਰ ਸਿੰਘ ਪੁੱਤਰ ਚੰਨਣ ਸਿੰਘ ਨੇ ਦੱਸਿਆ ਕਿ ਉਸਦਾ ਪੁੱਤ ਰਾਜੂ ਸਿੰਘ (24) ਅਤੇ ਭਤੀਜਾ ਰਿੰਕੂ ਪੁੱਤਰ ਮੱਖਣ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਚਿੱਟੇ ਦੇ ਆਦੀ ਸਨ। ਦੋਵੇ ਨੌਜਵਾਨ ਪਿੰਡ ਦੇ ਹੀ ਰਹਿਣ ਵਾਲੇ ਨੌਜਵਾਨ ਕਰਮਜੀਤ ਸਿੰਘ ਨਾਲ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਾਲਾ ’ਚ ਮਜ਼ਦੂਰੀ ਕਰਦੇ ਸਨ।
ਉਸਦਾ ਪੁੱਤ ਅਤੇ ਭਤੀਜਾ ਪਿੰਡ ਦੇ ਮੰਗਾ ਸਿੰਘ ਅਤੇ ਅਮਰਜੀਤ ਸਿੰਘ ਤੋਂ ਨਸ਼ਾ ਖ਼ਰੀਦਦੇ ਸਨ। ਉਸਨੇ ਕਈ ਵਾਰ ਦੋਹਾਂ ਨੂੰ ਨਸ਼ੇ ਦੀ ਸਪਲਾਈ ਨਾ ਕਰਨ ਕਿਹਾ ਸੀ ਪਰ ਫ਼ੇਰ ਵੀ ਉਹ ਨਸ਼ਾ ਵੇਚਦੇ ਰਹੇ। ਲੰਘੀ ਰਾਤ ਰਾਜੂ ਅਤੇ ਰਿੰਕੂ ਦੋਹਾਂ ਨੇ ਨਸ਼ੇ ਦੇ ਟੀਕੇ ਲਗਾ ਲਏ ਅਤੇ ਆਪਣੇ ਦੋਸਤ ਕਰਮਜੀਤ ਦੇ ਘਰ ਸੌਂ ਗਏ।
ਸਵੇਰੇ ਤੜਕਸਾਰ ਜਦੋਂ ਦੇਖਿਆ ਤਾਂ ਦੋਹਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਸੀ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆ ਧਰਮਕੋਟ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਦੇ ਬਿਆਨਾਂ ਮੁਤਾਬਕ ਮੰਗਾ ਸਿੰਘ, ਅਮਰਜੀਤ ਸਿੰਘ ਅਤੇ ਦੋ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰਨ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਬੱਚੀ ਨੂੰ ਅਗਵਾ ਕਰਨ ਆਏ ਸ਼ਖਸ ਨੂੰ ਲੋਕਾਂ ਨੂੰ ਕੁੱਟ-ਕੁੱਟ ਮੌਤ ਦੇ ਘਾਟ ਉਤਾਰਿਆ