ਸੇਬ ਦੇ ਵਪਾਰੀ ਦੀ ਮਦਦ ਲਈ ਆਏ ਅੱਗੇ ਦੋ ਪੰਜਾਬੀ ਵਪਾਰੀ, ਦਿੱਤਾ 9 ਲੱਖ ਤੋਂ ਵੱਧ ਦਾ ਚੈੱਕ
ਸੇਬਾਂ ਦਾ ਟਰੱਕ ਪਲਟਣ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਸੀ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਇਸ ਵੀਡੀਓ ਵਿਚ ਮਦਦ ਕਰਨ ਦੀ ਬਜਾਏ ਰਾਹਗੀਰ 1200 ਤੋਂ ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਕੇ ਲੈ ਉਥੋਂ ਚਲੇ ਗਏ। ਹੁਣ ਪੰਜਾਬ ਦੇ ਹੀ ਨੌਜਵਾਨ ਉਸ ਵਾਪਰੀ ਦੀ ਮਦਦ ਲਈ ਅੱਗੇ ਆਏ ਹਨ।
ਫ਼ਤਹਿਗੜ੍ਹ ਸਾਹਿਬ: ਬੀਤੇ ਦਿਨੀਂ ਜੀ.ਟੀ. ਰੋਡ 'ਤੇ ਪੈਂਦੇ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ ਨੇੜੇ ਉੜੀਸਾ ਨੂੰ ਜਾ ਰਿਹਾ ਸੇਬਾਂ ਦਾ ਭਰਿਆ ਟਰੱਕ ਪਲਟਣ ਉਪਰੰਤ ਸੇਬਾਂ ਦੀਆਂ ਪੇਟੀਆਂ ਚੁੱਕ ਕੇ ਲੈ ਜਾਣ ਦੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਇਹ ਮੋੜ ਉਦੋਂ ਆਇਆ ਜਦ ਦੋ ਪੰਜਾਬੀ ਵਪਾਰੀਆਂ ਪਟਿਆਲਾ ਦੇ ਰਾਜਵਿੰਦਰ ਸਿੰਘ ਤੇ ਮੋਹਾਲੀ ਦੇ ਗੁਰਪ੍ਰੀਤ ਸਿੰਘ ਨੇ ਕਸ਼ਮੀਰ ਦੇ ਵਪਾਰੀ ਮੁਹੰਮਦ ਸ਼ਾਹਿਦ ਦੇ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਉਸ ਨੂੰ 9 ਲੱਖ 12 ਹਜ਼ਾਰ ਦਾ ਚੈੱਕ ਦਿੱਤਾ। ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਦੇ ਯਤਨਾਂ ਸਦਕਾ ਹੋਏ ਇਸ ਘਟਨਾਕ੍ਰਮ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਖ ਹੋਰ ਨਿਖਰ ਕੇ ਦੁਨੀਆਂ ਦੇ ਸਾਹਮਣੇ ਆਈ ਹੈ। ਜਿਸ 'ਤੇ ਕਸ਼ਮੀਰ ਦੇ ਬਾਰਮੁੱਲਾ ਦੇ ਸੇਬਾਂ ਦੇ ਵਪਾਰੀ ਨੂੰ ਇਹ ਕਹਿਣਾ ਪਿਆ ਹੈ ਕਿ ਪੰਜਾਬੀ ਹਮੇਸ਼ਾਂ ਲੋਕਾਂ ਦੀ ਮਦਦ ਲਈ ਹੀ ਜਾਣੇ ਜਾਂਦੇ ਹਨ।
ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੇ ਆਪਣੇ ਦਫ਼ਤਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸ਼੍ਰੀਨਗਰ ਤੋਂ ਸੇਬਾਂ ਦੀਆਂ 1265 ਪੇਟੀਆਂ ਲੈ ਕੇ ਉੜੀਸਾ ਜਾ ਰਹੇ ਸੇਬਾਂ ਦੇ ਭਰੇ ਟਰੱਕ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਪਲਟਣ ਅਤੇ ਲੋਕਾਂ ਵੱਲੋਂ ਸੇਬਾਂ ਦੀਆਂ ਪੇਟੀਆਂ ਲੁੱਟ ਕੇ ਲੈ ਜਾਣ ਦੀ ਸ਼ੋਸਲ ਮੀਡੀਆ 'ਤੇ ਵੀ.ਡੀ.ਓ. ਵਾਇਰਲ ਹੋਣ ਉਪਰੰਤ ਪੁਲਿਸ ਨੇ ਫੌਰੀ ਕਾਰਵਾਈ ਕਰਦੇ ਹੋਏ ਥਾਣਾ ਬਡਾਲੀ ਆਲਾ ਸਿੰਘ ਵਿਖੇ ਮਾਮਲਾ ਦਰਜ ਕੀਤਾ ਸੀ ਅਤੇ ਤਕਨੀਕੀ ਟੀਮ ਦੀ ਸਹਾਇਤਾ ਨਾਲ 10 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ 2 ਹੋਰ ਕਥਿਤ ਦੋਸ਼ੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਪੰਜਾਬ ਦੇ ਲੋਕਾਂ ਦੀ ਇੱਕ ਗਲਤ ਤਸਵੀਰ ਲੋਕਾਂ ਸਾਹਮਣੇ ਲਿਆਂਦੀ ਸੀ ਜੋ ਕਿ ਕਾਫੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਸ਼ਹੀਦਾਂ ਤੇ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਅਤੇ ਇਸ ਧਰਤੀ 'ਤੇ ਅਜਿਹੀ ਘਟਨਾ ਬਹੁਤ ਅਫਸੋਸਜਨਕ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾਂ ਮੁਸ਼ਕਲ ਵਿੱਚ ਫਸੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਸਾਡੇ ਗੁਰੂਆਂ ਨੇ ਵੀ ਸਾਨੂੰ ਇਹੋ ਸੁਨੇਹਾ ਦਿੱਤਾ ਹੈ। ਪ੍ਰੰਤੂ ਕੁਝ ਮਾੜੇ ਅਨਸਰਾਂ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਹਾਦਸੇ ਆਮ ਤੌਰ ਤੇ ਵੇਖਣ ਨੂੰ ਮਿਲ ਜਾਂਦੇ ਹਨ ਪ੍ਰੰਤੂ ਸਾਨੂੰ ਮੁਸ਼ਕਲ ਵਿੱਚ ਫਸੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਮਦਦ ਲਈ ਅੱਗੇ ਆਏ ਪੰਜਾਬ ਦੇ ਵਪਾਰੀਆਂ ਰਾਜਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਨੇ ਅੱਗੇ ਆ ਕੇ ਜੋ ਕੰਮ ਕੀਤਾ ਹੈ ਉਸ ਤੋਂ ਹੋਰਨਾ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ।
ਇਸ ਮੌਕੇ ਪੰਜਾਬੀ ਰਾਜਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਵੇਖੀ ਤਾਂ ਕਾਫੀ ਅਫਸੋਸ ਹੋਇਆ ਸੀ ਕਿਉਂਕਿ ਪੰਜਾਬੀ ਅਜਿਹੀਆਂ ਹਰਕਤਾਂ ਨਹੀਂ ਕਰਦੇ ਸਗੋਂ ਪੰਜਾਬੀਆਂ ਨੇ ਤਾਂ ਹਮੇਸ਼ਾਂ ਹੀ ਹੋਰਨਾਂ ਦੀ ਅੱਗੇ ਆ ਕੇ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਵੀਡੀਓ ਤੋਂ ਬਾਅਦ ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਨਾਲ ਸੰਪਰਕ ਕੀਤਾ ਅਤੇ ਸੇਬਾਂ ਦੇ ਵਪਾਰੀ ਦੀ ਮਦਦ ਕਰਨ ਦੀ ਗੱਲ ਆਖੀ ਜਿਸ ਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਸੇਬਾਂ ਦੇ ਵਪਾਰੀ ਨੂੰ ਬੁਲਾਇਆ ਹੈ।
ਇਹ ਵੀ ਪੜ੍ਹੋ: ਹਾਲਾਤਾਂ ਤੋਂ ਗਰੀਬ, ਦਿਲ ਤੋਂ ਅਮੀਰੀ, ਮੁਸੇਵਾਲਾ ਦੇ ਇਸ ਫੈਨ ਨੇ ਸਿੱਧੂ ਦੇ ਮਾਪਿਆਂ ਨੂੰ ਕੀਤਾ ਭਾਵੁਕ
ਸੇਬਾਂ ਦੇ ਵਪਾਰੀ ਮੁਹੰਮਦ ਸ਼ਾਹਿਦ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਡਰਾਇਵਰ ਵੱਲੋਂ ਬਣਾਈ ਵੀਡੀਓ ਉਸ ਨੈ ਵੇਖੀ ਤਾਂ ਬਹੁਤ ਬੁਰਾ ਲੱਗਿਆ ਕਿਉਂਕਿ ਉਹ ਪੰਜਾਬ ਦੇ ਲੋਕਾਂ ਦੀ ਜੋ ਤਸਵੀਰ ਲੈ ਕੇ ਇਥੋਂ ਪੜ੍ਹ ਕੇ ਗਿਆ ਸੀ ਇਹ ਵੀਡੀਓ ਉਸ ਤੋਂ ਬਿਲਕੁੱਲ ਉਲਟ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਉਸ ਨੁੰ ਵਿਸ਼ਵਾਸ਼ ਨਹੀਂ ਹੋਇਆ ਕਿ ਪੰਜਾਬ ਦੀ ਧਰਤੀ ਤੇ ਅਜਿਹਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਘਟਨਾ ਕਿਸੇ ਹੋਰ ਸੂਬੇ ਵਿੱਚ ਹੋਈ ਹੁੰਦੀ ਤਾਂ ਏਨਾ ਅਫਸੋਸ ਨਹੀਂ ਸੀ ਹੋਣਾ । ਉਨ੍ਹਾਂ ਮਦਦ ਲਈ ਅੱਗੇ ਆਏ ਪੰਜਾਬ ਦੇ ਵਪਾਰੀਆਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
(ਜਗਮੀਤ ਸਿੰਘ ਦੀ ਰਿਪੋਰਟ )