ਔਰਤਾਂ ਦੇ ਹੱਕ ’ਚ MP ਪਰਨੀਤ ਕੌਰ: ਸਰਕਾਰ ਨੂੰ ਗਾਰੰਟੀ ਪੂਰੀ ਕਰਨ ਲਈ 1 ਮਹੀਨੇ ਦਾ Ultimatum
ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ (Parneet Kaur) ਨੇ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਔਰਤਾਂ ਦੇ ਹੱਕ ’ਚ ਮੋਰਚਾ ਖੋਲ੍ਹਿਆ।
ਚੰਡੀਗੜ੍ਹ: ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ (MP Parneet Kaur) ਨੇ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਔਰਤਾਂ ਦੇ ਹੱਕ ’ਚ ਮੋਰਚਾ ਖੋਲ੍ਹਿਆ।
1000 ਰੁਪਏ ਪ੍ਰਤੀ ਮਹੀਨਾ ਗਾਰੰਟੀ ਪੂਰੀ ਕਰਨ ਲਈ 1 ਮਹੀਨੇ ਦਾ ਅਲਟੀਮੇਟਮ
MP ਪਰਨੀਤ ਕੌਰ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਆਮ ਆਦਮੀ ਪਾਰਟੀ (AAP) ਨੇ ਵੋਟਾਂ ਦੌਰਾਨ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਦਿੱਤੀ ਸੀ, ਪਰ ਹੁਣ ਇਹ ਗਾਰੰਟੀ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ ਤੇ ਔਰਤਾਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀਆਂ ਹਨ।
ਇਸ ਮੁੱਦੇ ’ਤੇ ਘੇਰਦਿਆਂ ਪਰਨੀਤ ਕੌਰ ਨੇ ਪਟਿਆਲਾ ਸ਼ਹਿਰ ’ਚ ਮਾਰਚ ਕੱਢਿਆ ਤੇ ਡੀਸੀ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ (Punjab Government) ਨੂੰ ਐਲਟੀਮੈਟਮ ਦਿੰਦਿਆ ਕਿਹਾ ਜੇਕਰ ਮਹੀਨੇ ਅੰਦਰ ਦਿੱਤੀ ਗਾਰੰਟੀ ਪੂਰਾ ਨਾ ਹੋਈ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਵੀ ਉਠਾ ਚੁੱਕੇ ਹਨ ਇਹ ਮੁੱਦਾ
ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Partap Singh Bajwa) ਵੀ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਇਸ ਮੁੱਦੇ ’ਤੇ ਸਰਕਾਰ ਨੂੰ ਘੇਰ ਚੁੱਕੇ ਹਨ। ਉਨ੍ਹਾਂ ਬਜਟ ਸੈਸ਼ਨ ਦੇ ਸਿਫ਼ਰ ਕਾਲ ਦੌਰਾਨ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਲਈ 12 ਹਜ਼ਾਰ ਕਰੋੜ ਰੁਪਏ ਸਲਾਨਾ ਚਾਹੀਦੇ ਹੋਣਗੇ, ਇਹ ਪੈਸਾ ਕਿੱਥੋਂ ਆਏਗਾ?
ਦੱਸ ਦੇਈਏ ਕਿ ਮੈਂਬਰ ਪਾਰਲੀਮੈਂਟ ਪਰਨੀਤ ਕੌਰ (MP Parneet Kaur) ਦੇ ਪ੍ਰਦਰਸ਼ਨ ਤੋਂ ਕੁਝ ਸਮਾਂ ਪਹਿਲਾਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਬਿਆਨ ਸਾਹਮਣੇ ਆਇਆ ਸੀ ਜਿਸ ’ਚ ਉਨ੍ਹਾਂ ਕਿਹਾ ਕਿ ਖਜ਼ਾਨੇ ਦੀ ਆਰਥਿਕ ਸਥਿਤੀ ਸਹੀ ਹੋਣ ਤੋਂ ਬਾਅਦ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲਣੇ ਸ਼ੁਰੂ ਹੋ ਜਾਣਗੇ।
ਜ਼ਿਕਰਯੋਗ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਨੇ 22 ਨਵੰਬਰ, 2021 ਨੂੰ ਗਾਰੰਟੀ ਦਿੱਤੀ ਸੀ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ 18 ਸਾਲ ਤੋਂ ਉੱਪਰ ਦੀਆਂ ਲੜਕੀਆਂ ਤੇ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।