`ਆਪ੍ਰੇਸ਼ਨ ਲੋਟਸ` ਤਹਿਤ ਹੁਣ `AAP` ਵਿਧਾਇਕ ਨੂੰ ਹੋਇਆ ਕਰੋੜ ਦਾ ਆਫ਼ਰ!
ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਭਾਜਪਾ ’ਤੇ ਆਪ੍ਰੇਸ਼ਨ ਲੋਟਸ ਤਹਿਤ ਉਨ੍ਹਾਂ ਨੂੰ 100 ਕਰੋੜ ’ਚ ਖ਼ਰੀਦਣ ਦੇ ਇਲਜ਼ਾਮ ਲਗਾਏ ਹਨ।
ਚੰਡੀਗੜ੍ਹ: ਪੰਜਾਬ ’ਚ ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਦੇ ਵਿਧਾਇਕਾਂ ਨੂੰ 25 ਕਰੋੜ ’ਚ ਖਰੀਦਣ ਦੇ ਭਾਜਪਾ ’ਤੇ ਦੋਸ਼ ਲਗਾਏ ਜਾ ਰਹੇ ਸਨ।
ਭਾਜਪਾ ਦੇ ਏਜੰਟ ਦਾ ਫ਼ੋਨ ’ਤੇ 100 ਕਰੋੜ ਦਾ ਆਇਆ ਆਫ਼ਰ: ਪਠਾਣਮਾਜਰਾ
ਪਰ ਹੁਣ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਭਾਜਪਾ ’ਤੇ ਆਪ੍ਰੇਸ਼ਨ ਲੋਟਸ ਤਹਿਤ ਉਨ੍ਹਾਂ ਨੂੰ 100 ਕਰੋੜ ’ਚ ਖ਼ਰੀਦਣ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਤੋਂ ਭਾਜਪਾ ਦੇ ਇੱਕ ਏਜੰਟ ਨੇ ਫ਼ੋਨ ’ਤੇ 100 ਕਰੋੜ ਦਾ ਆਫ਼ਰ ਦਿੱਤਾ ਸੀ। ਫ਼ੋਨ ਕਰਨ ਵਾਲੇ ਨੂੰ ਉਨਾਂ ਜਵਾਬ ਦਿੱਤਾ ਕਿ ਉਹ ਅਜਿਹਾ ਕੁਝ ਨਹੀਂ ਕਰਨਗੇ।
10 ਵਿਧਾਇਕਾਂ ਨੇ DGP ਕੋਲ ਦਰਜ ਕਰਵਾਈ ਸ਼ਿਕਾਇਤ
ਇਸ ਤੋਂ ਪਹਿਲਾਂ AAP ਦੇ ਤਕਰੀਬਨ 35 ਵਿਧਾਇਕਾਂ ਨੇ ਉਨ੍ਹਾਂ ਨੂੰ ਭਾਜਪਾ ਵਲੋਂ 25 ਕਰੋੜ ’ਚ ਖ਼ਰੀਦਣ ਦੇ ਆਰੋਪ ਲਗਾਏ ਸਨ। ਇਸ ਸਬੰਧ ’ਚ ਤਕਰੀਬਨ 10 ਵਿਧਾਇਕਾਂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਵੀ ਦਿੱਤੀ ਹੈ, ਪਰ ਹਾਲ ਦੀ ਘੜੀ ਪੁਲਿਸ ਕਾਰਵਾਈ ਦੇ ਨਾਮ ’ਤੇ ਕੁਝ ਨਹੀਂ ਕੀਤਾ ਗਿਆ ਹੈ।
ਅੱਜ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਤੋਂ ਬਾਅਦ ਵਿਧਾਇਕ ਪਠਾਣਮਾਜਰਾ ਨੇ ਮੀਡੀਆ ਸਾਹਮਣੇ ਇਹ ਦਾਅਵਾ ਕੀਤਾ ਕਿ ਭਾਜਪਾ ਵਲੋਂ ਆਪ੍ਰੇਸ਼ਨ ਲੋਟਸ ਤਹਿਤ ਉਨ੍ਹਾਂ ਨੂੰ ਵੀ 100 ਕਰੋੜ ’ਚ ਖ਼ਰੀਦਣ ਦਾ ਯਤਨ ਕੀਤਾ ਗਿਆ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਆਪਣੀ ਦੂਜੀ ਪਤਨੀ ਦੇ ਮਾਮਲੇ ਕਾਰਨ ਵਿਵਾਦਾਂ ’ਚ ਹਨ। ਪਠਾਣਮਾਜਰਾ ਦੀ ਦੂਜੀ ਪਤਨੀ ਨੇ ਉਨ੍ਹਾਂ ਤੇ ਐੱਫ਼. ਆਈ. ਆਰ (FIR) ਦਰਜ ਕਰਵਾਈ ਹੋਈ ਹੈ। ਇਨ੍ਹਾਂ ਦਾ ਮਾਮਲਾ ਹਾਈ ਕੋਰਟ ’ਚ ਵਿਚਾਰ ਅਧੀਨ ਹੈ।