Sri Anandpur Sahib (ਬਿਮਲ ਸ਼ਰਮਾ): 29 ਸਤੰਬਰ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਸ਼ਾਂਤਮਈ ਰੋਸ ਧਰਨਾ ਦੇ ਰਹੇ ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੇ ਦੋ ਸਾਥੀ ਸਿੱਖਿਆ ਮੰਤਰੀ ਦੇ ਨਜ਼ਦੀਕੀ ਪਿੰਡ ਢੇਰ ਵਿਖੇ ਦੇਰ ਸ਼ਾਮ ਪਾਣੀ ਦੀ ਟੈਂਕੀ ਉਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ। ਇਸਦੇ ਨਾਲ ਹੀ ਸ਼ਾਮ 4 ਵਜੇ ਯੂਨੀਅਨ ਵੱਲੋਂ ਚੰਡੀਗੜ੍ਹ-ਊਨਾ ਹਾਈਵੇਅ ਜਾਮ ਕਰ ਦਿੱਤਾ ਗਿਆ। ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਤੇ ਰਾਹਗੀਰਾਂ ਨੂੰ ਖੱਜਲ ਖੁਆਰ ਹੋਣਾ ਪਿਆ।


COMMERCIAL BREAK
SCROLL TO CONTINUE READING

ਇਨ੍ਹਾਂ ਦੀ ਮੰਗ ਹੈ ਕਿ ਪਹਿਲੀ ਲਿਸਟ ਵਿਚ ਚੁਣੇ ਗਏ 2468 ਉਮੀਦਵਾਰਾਂ ਨੂੰ ਜੁਆਇਨ ਕਰਵਾਇਆ ਜਾਵੇ, ਸਪੋਰਟਸ ਤੇ ਈਡਬਲਯੂਐਸ ਕੈਟੇਗਰੀ ਦੀ ਲਿਸਟ ਜਾਰੀ ਜਾਵੇ ਅਤੇ ਬੈਕਲਾਗ ਵਾਲੇ ਸਾਥੀਆਂ ਦਾ ਪ੍ਰੋਸੈਸ ਆਰੰਭ ਕੀਤਾ ਜਾਵੇ। ਹਾਲੇ ਤੱਕ ਵੀ ਦੋ ਉਮੀਦਵਾਰ ਟੈਂਕੀ ਉਤੇ ਚੜ੍ਹੇ ਹੋਏ ਹਨ। ਇਨ੍ਹਾਂ ਦੀ ਮੰਗ ਹੈ ਕਿ ਜਦੋਂ ਤੱਕ ਇਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਇਹ ਟੈਂਕੀ ਉਤੇ ਹੀ ਰਹਿਣਗੇ।


ਦੋ ਉਮੀਦਵਾਰਾਂ ਵੱਲੋਂ ਟੈਂਕੀ ਉਤੇ ਚੜ੍ਹਨ ਦੀ ਭਿਣਕ ਜਿਵੇਂ ਹੀ ਪ੍ਰਸ਼ਾਸ਼ਨ ਨੂੰ ਲੱਗੀ ਤਾਂ ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਸਮੇਤ ਡੀਐਸਪੀ ਅਤੇ ਐਸਐਚਓ ਮੌਕੇ ਉਤੇ ਪੁੱਜ ਗਏ। ਜਿਨ੍ਹਾਂ ਨੇ ਦੋਨੋਂ ਉਮੀਦਵਾਰਾਂ ਨੂੰ ਟੈਂਕੀ ਤੋਂ ਥੱਲੇ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਜੁਝਾਰੂ ਉਮੀਦਵਾਰਾਂ ਦੀ ਮੰਗ ਹੈ ਕਿ ਜਦੋਂ ਤੱਕ ਸਰਕਾਰ ਨਿਯੁਕਤੀ ਪੱਤਰ ਦੇ ਕੇ ਸਕੂਲਾਂ ਵਿੱਚ ਜੁਆਇਨ ਨਹੀਂ ਕਰਵਾ ਦਿੰਦੀ ਉਦੋਂ ਤੱਕ ਉਹ ਟੈਂਕੀ ਉਪਰ ਹੀ ਡਟੇ ਰਹਿਣਗੇ, ਨਾਲ ਹੀ ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇ ਪੁਲਿਸ ਪ੍ਰਸ਼ਾਸਨ ਨੇ ਜ਼ਬਰਦਸਤੀ ਉਨ੍ਹਾਂ ਨੂੰ ਥੱਲੇ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਤਮਦਾਹ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ।


ਟੈਂਕੀ ਉਤੇ ਬੈਠੇ ਅਧਿਆਪਕਾਂ ਨੇ ਕਿਹਾ ਕਿ ਉਕਤ ਭਰਤੀ ਪਿਛਲੇ ਦੋ ਸਾਲਾਂ ਤੋਂ ਰੁਲ ਰਹੀ ਹੈ ਪਰ ਸਰਕਾਰ ਇਸ ਨੂੰ ਪੂਰਾ ਕਰਨ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਸ ਕਾਰਨ ਉਮੀਦਵਾਰ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ।


ਈਟੀਟੀ 5994 ਯੂਨੀਅਨ ਦੇ ਦੋ ਉਮੀਦਵਾਰਾਂ ਵੱਲੋਂ ਟੈਂਕੀ ਉਤੇ ਚੜ੍ਹਨ ਮਗਰੋਂ ਐਸਡੀਐਮ ਮੌਕੇ ਉਤੇ ਪੁਲਿਸ ਪ੍ਰਸ਼ਾਸਨ ਸਮੇਤ ਪੁੱਜੇ। ਜਿਨ੍ਹਾਂ ਨੇ ਯੂਨੀਅਨ ਦੀਆਂ ਵੱਖ-ਵੱਖ ਮੰਗਾਂ ਵਿੱਚੋਂ ਇੱਕ ਮੰਗ ਸਪੋਰਟਸ ਤੇ ਈਡਬਲਯੂਐਸ ਕੈਟੇਗਰੀ ਦੀ ਲਿਸਟ ਸ਼ਾਮ 4 ਵਜੇ ਤੱਕ ਜਾਰੀ ਕਰਨ ਦਾ ਵਿਸ਼ਵਾਸ ਦਿਵਾਇਆ ਸੀ ਪਰ ਲਿਸਟ ਜਾਰੀ ਨਾ ਹੋਣ ਦੇ ਰੋਸ ਵਜੋਂ ਯੂਨੀਅਨ ਨੇ ਸ਼ਾਮ 4 ਵਜੇ ਨੰਗਲ ਹਾਈਵੇਅ ਜਾਮ ਕਰ ਦਿੱਤਾ। ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


ਇਹ ਵੀ ਪੜ੍ਹੋ : Haryana Elections 2024 Voting Live Updates: ਹਰਿਆਣਾ ਵਿਧਾਨ ਸਭਾ ਚੋਣਾਂ 'ਚ 5 ਵਜੇ ਤੱਕ 61 ਫ਼ੀਸਦੀ ਵੋਟਿੰਗ