Painful Story of Drugs: ਨਸ਼ਿਆਂ ਦਾ ਦੈਂਤ ਜਿਸ ਘਰ ਵਿੱਚ ਵੜ੍ਹ ਜਾਂਦਾ ਹੈ, ਉਸ ਘਰ ਦੇ ਜੀਆਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੰਦਾ ਹੈ। ਨਸ਼ਿਆਂ ਦੀ ਦਲਦਲ ਵਿੱਚ ਧਸੇ ਨੌਜਵਾਨ ਅਪਰਾਧ ਦੀਆਂ ਦੁਨੀਆਂ ਵਿੱਚ ਚਲੇ ਜਾਂਦੇ ਹਨ ਤੇ ਲੜਕੀਆਂ ਆਪਣਾ ਜਿਸਮ ਵੇਚ ਕੇ ਨਸ਼ਿਆਂ ਦੀ ਪੂਰਤੀ ਕਰਨ ਲਈ ਮਜਬੂਰ ਹੋ ਜਾਂਦੀਆਂ ਹਨ। ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਨਸ਼ਿਆਂ ਦੀ ਗ੍ਰਿਫਤ ਵਿੱਚ ਆਈਆਂ ਲੜਕੀਆਂ ਦੇ ਬੱਚਿਆਂ ਨੂੰ ਬਾਹਰ ਕੱਢਣ ਲਈ ਨਸ਼ਾ ਛੁਡਾਊ ਕੇਂਦਰਾਂ ਦੀ ਭਾਰੀ ਘਾਟ ਹੈ। ਇੱਕ ਮੁਟਿਆਰ ਦੀ ਅਜਿਹੀ ਹੀ ਦਰਦਭਰੀ ਦਾਸਤਾਨ ਹੈ, ਜਿਸ ਨੂੰ ਪੜ੍ਹ ਜਾਂ ਸੁਣ ਕੇ ਹਰ ਇੱਕ ਦੇ ਰੌਂਗਟੇ ਖੜ੍ਹੇ ਹੋ ਜਾਣਗੇ।


COMMERCIAL BREAK
SCROLL TO CONTINUE READING

ਨਸ਼ੇ ਦੀ ਲੱਤ ਨੇ ਪੰਜਾਬੀ ਮੁਟਿਆਰ ਨੂੰ ਜਿਸਮਫਰੋਸ਼ੀ ਦੀ ਦਲਦਲ 'ਚ ਸੁੱਟ ਦਿੱਤਾ। ਪੀੜਤਾ ਨੇ ਨਸ਼ੇ ਨੂੰ ਲੈ ਕੇ ਹੈਰਾਨੀਜਨਕ ਖੁਲਾਸੇ ਕੀਤੇ ਹਨ। ਉਸ ਨੇ ਕਿਹਾ ਕਿ "ਹਰ ਗਲੀ, ਨੁੱਕੜ ਅਤੇ ਚੌਕ ਉਪਰ ਚਿੱਟਾ ਮਿਲਦਾ ਹੈ। 12 ਤੋਂ 17 ਸਾਲ ਦੀ ਉਮਰ ਦੇ ਲੜਕੇ ਅਤੇ ਲੜਕੀਆਂ ਇਸ ਦੀ ਲਤ ਵਿੱਚ ਫਸੇ ਹੋਏ ਹਨ। ਇਹ ਗੱਲ ਹੁਣ ਕਿਸੇ ਤੋਂ ਲੁਕੀ ਹੋਈ ਨਹੀਂ ਕਿ ਨਸ਼ਿਆਂ ਨੇ ਨੌਜਵਾਨ ਹੀ ਨਹੀਂ ਸਗੋਂ ਔਰਤਾਂ ਅਤੇ ਬੱਚਿਆਂ ਨੂੰ ਵੀ ਆਪਣੀ ਗ੍ਰਿਫ਼ਤ 'ਚ ਲੈ ਲਿਆ ਹੈ।


ਨਸ਼ੇ ਦੇ ਅੰਕੜੇ ਭਿਆਨਕ ਅਤੇ ਹੈਰਾਨ ਕਰ ਦੇਣ ਵਾਲੇ ਹਨ ਤੇ ਵੱਡੀ ਗੱਲ ਇਹ ਹੈ ਕਿ ਨਸ਼ੇ ਦੇ ਚੁੰਗਲ 'ਚ ਫਸੇ ਛੋਟੇ ਬੱਚੇ ਅਤੇ ਲੜਕੀਆਂ ਲਈ ਪੰਜਾਬ ਵਿੱਚ ਅਜੇ ਤੱਕ ਕੋਈ ਨਸ਼ਾ ਛੁਡਾਊ ਕੇਂਦਰ ਨਹੀਂ ਹੈ ਤੇ ਨਾ ਹੀ ਇਸ ਦਾ ਹੁਣ ਤੱਕ ਕੋਈ ਇਲਾਜ ਤੈਅ ਕੀਤਾ ਗਿਆ ਹੈ।


ਨਸ਼ੇ ਦੀ ਲਤ 'ਚ ਫਸੀ ਮੁਟਿਆਰ ਨੇ ਕੀਤੇ ਸਨਸਨੀਖੇਜ ਖ਼ੁਲਾਸੇ


ਨਸ਼ੇ ਦੀ ਦਲਦਲ 'ਚ ਫਸੀ ਇੱਕ ਮੁਟਿਆਰ ਨੇ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ। ਪੀੜਤਾ ਨੇ ਦੱਸਿਆ ਕਿ ਉਸ ਦੀ ਉਮਰ 20 ਸਾਲ ਹੈ ਤੇ ਉਸ ਨੇ 18 ਸਾਲ ਦੀ ਉਮਰ ਵਿੱਚ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਸਨ। ਉਹ ਪਹਿਲਾ ਪੇਪਰ ਉਤੇ ਚਿੱਟਾ ਲਾਉਂਦੀ ਸੀ ਅਤੇ ਹੁਣ ਉਹ ਟੀਕੇ ਲਾਉਂਦੀ ਹੈ। ਉਸ ਦੀ ਛੋਟੀ ਉਮਰ ਵਿੱਚ ਹੀ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਇਕੱਲੀ ਰਹਿ ਗਈ।


ਉਨ੍ਹਾਂ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਉਸ ਨੇ ਜਿਸਮਫਰੋਸ਼ੀ ਸ਼ੁਰੂ ਕਰ ਦਿੱਤੀ, ਪਿਛਲੇ 2 ਸਾਲ ਤੋਂ ਉਹ ਨਸ਼ੇ ਕਰ ਰਹੀ ਹੈ, ਪੀੜਤਾ ਨੇ ਕਿਹਾ ਕਿ ਇੱਥੇ ਅਸਾਨੀ ਨਾਲ ਨਸ਼ਾ ਹਰ ਗਲੀ, ਚੌਂਕ ਵਿੱਚ ਮਿਲ ਜਾਂਦਾ ਹੈ। ਨਸ਼ੇ ਦੀ ਗਲਤਾਨ ਵਿੱਚ ਫਸੀਆਂ ਕੁੜੀਆਂ ਇਸ ਦੀ ਪੂਰਤੀ ਲਈ ਗਲਤ ਰਸਤੇ ਅਪਣਾਉਣ ਲਈ ਮਜਬੂਰ ਹੋ ਜਾਂਦੀਆਂ ਹਨ। ਉਹ ਇਸ ਦਲਦਲ ਵਿਚੋਂ ਨਿਕਲਣਾ ਚਾਹੁੰਦੀਆਂ ਹਨ ਪਰ ਉਨ੍ਹਾਂ ਨੂੰ ਕੋਈ ਰਾਹ ਨਹੀਂ ਦਿਸਦਾ। 


ਔਰਤਾਂ ਤੇ ਬੱਚਿਆਂ ਲਈ ਨਸ਼ਾ ਛੁਡਾਊ ਕੇਂਦਰਾਂ ਦੀ ਕਮੀ


ਨਸ਼ੇ ਛੱਡਣ ਲਈ ਪੰਜਾਬ 'ਚ ਬੱਚਿਆਂ ਲਈ ਅਤੇ ਲੜਕੀਆਂ ਲਈ ਕੋਈ ਨਸ਼ਾ ਛੁਡਾਊ ਕੇਂਦਰ ਨਹੀਂ ਹੈ।  ਹਾਲਾਤ ਇਹ ਨੇ ਕਿ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਤੋਂ ਜਿਹੜੀ ਗੋਲੀ ਮਿਲਦੀਂ ਹੈ ਉਸ ਨਾਲ ਉਲਟੀ ਆਉਂਦੀ ਹੈ। ਉਨ੍ਹਾਂ ਨੂੰ ਮਾਫ਼ਕ ਨਹੀ ਆਉਂਦੀ, ਨਸ਼ਾ ਛੱਡਣ ਲਈ ਉਨ੍ਹਾਂ ਕੋਲ ਕੋਈ ਵੀ ਰਾਹ ਨਹੀਂ ਹੈ। ਨਸ਼ਾ ਛਡਾਊ ਕੇਂਦਰ ਚਲਾ ਰਹੇ ਡਾਕਟਰ ਇੰਦਰਜੀਤ ਢੀਂਗਰਾ ਨੇ ਦੱਸਿਆ ਕਿ ਇਸ ਬੱਚੀ ਦਾ ਇਲਾਜ ਉਹ ਮੁਫ਼ਤ ਕਰਨਗੇ।


ਉਨ੍ਹਾਂ ਕਿਹਾ ਕਿ "ਤ੍ਰਾਸਦੀ ਅਜਿਹੀ ਹੈ ਕਿ ਸਾਡੇ ਕੋਲ ਲੜਕੀਆਂ ਅਤੇ ਬੱਚਿਆਂ ਦੇ ਲਈ ਕੋਈ ਵੀ ਨਸ਼ਾ ਛੁਡਾਊ ਕੇਂਦਰ ਨਹੀਂ ਹੈ। ਜੇਕਰ ਇਹ ਲੜਕੀਆਂ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਜਾਂਦੀਆਂ ਹਨ ਤਾਂ ਉਨ੍ਹਾ ਨੂੰ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ ਕਿਉਂਕਿ ਨਸ਼ੇ ਦੀ ਤੋੜ ਵਿੱਚ ਉਨ੍ਹਾਂ ਨਾਲ ਗ਼ਲਤ ਕੰਮ ਹੋ ਸਕਦਾ ਹੈ। ਨਸ਼ੇ ਦੀ ਦਲਦਲ ਵਿੱਚ ਫਸੀ ਪੀੜਤਾ ਨੇ ਕਿਹਾ ਕਿ ਉਹ ਨਸ਼ੇ ਛੱਡਣਾ ਚਾਹੁੰਦੀ ਹੈ। ਡਾਕਟਰ ਢੀਂਗਰਾ ਨੇ ਉਸ ਨੂੰ ਭਰੋਸਾ ਦਿੱਤਾ ਹੈ ਕਿ ਉਸ ਦਾ ਇਲਾਜ ਉਹ ਕਰਨਗੇ ਪਰ ਉਨ੍ਹਾਂ ਕਿਹਾ ਕਿ ਉਸ ਵਰਗੀਆਂ ਕਈ ਲੜਕੀਆਂ ਹਨ ਜਿਹੜੀਆਂ ਨਸ਼ਾ ਛੱਡਣਾ ਚਾਹੁੰਦੀਆਂ ਹਨ ਪਰ ਉਨ੍ਹਾਂ ਕੋਲ ਕੋਈ ਰਸਤਾ ਹੀ ਨਹੀਂ ਹੈ। ਜਾਣੇ ਅਣਜਾਣੇ ਵਿੱਚ ਉਹ ਨਸ਼ੇ ਦੀ ਦਲਦਲ ਦੇ ਵਿੱਚ ਹੋਰ ਫਸਦੀਆਂ ਜਾਂਦੀਆਂ ਹਨ।  


ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ