ਅਮਰੀਕੀ ਮਰੀਨ ’ਚ ਸਿੱਖ ਫ਼ੌਜੀਆਂ ਨੂੰ ਦਾੜ੍ਹੀ ਰੱਖਣ ਅਤੇ ਪੱਗ ਬੰਨ੍ਹਣ ਦੀ ਇਜਾਜ਼ਤ
ਮੈਰੀਨ ਕਾਰਪਸ ਦੁਆਰਾ ਕੋਈ ਤਰਕ ਪੇਸ਼ ਨਹੀਂ ਕੀਤਾ ਗਿਆ ਹੈ, ਜਿਸ ਤੋਂ ਸਿੱਧ ਹੁੰਦਾ ਹੋਵੇ ਕਿ ਦਾੜ੍ਹੀ ਅਤੇ ਪੱਗ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਾਂ ਸ਼ਰੀਰਕ ਤੌਰ ’ਤੇ ਸਿਖਲਾਈ ’ਚ ਰੁਕਾਵਟ ਬਣ ਸਕਦੀ ਹੈ।
Sikhs allow with beards and turbans in US Marine: ਅਮਰੀਕਾ ਦੀ ਇੱਕ ਅਦਾਲਤ ਨੇ ਦੇਸ਼ ਦੀ ਸਮੁੰਦਰੀ ਫ਼ੌਜ ’ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਦਾੜ੍ਹੀ ਰੱਖਣ ਅਤੇ ਪੱਗ ਬੰਨ੍ਹਣ ਦੀ ਮਨਜ਼ੂਰੀ ਦਿੱਤੀ ਹੈ। ਅਦਾਲਤ ਨੇ ਹੁਕਮ ਸੁਣਾਇਆ ਕਿ ਅਮਰੀਕਾ ’ਚ ਫ਼ੌਜ ਸਿੱਖ ਧਰਮ ਦੇ ਧਾਰਮਿਕ ਰੀਤੀ ਰਿਵਾਜਾਂ ਨੂੰ ਮਾਨਤਾ ਦਿੰਦੀ ਹੈ, ਜਿਸ ਦੇ ਚੱਲਦਿਆਂ ਸਿੱਖ ਫ਼ੌਜੀਆਂ ਨੂੰ ਕੇਸ ਅਤੇ ਦਾੜ੍ਹੀ ਨਾ ਕੱਟਣ ਅਤੇ ਸਿਰ ’ਤੇ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਇੱਥੇ ਦੱਸਣਾ ਦਿਲਚਸਪ ਹੋਵੇਗਾ ਕਿ ਅਮਰੀਕਾ ਦੀ ਮੈਰੀਨ ਕਾਰਪਸ (Marine Corps) ਨੇ 13 ਹਫ਼ਤਿਆਂ ਦੀ ਮੁੱਢਲੀ ਸਿਖਲਾਈ ਦੇ ਸਮੇਂ ਦੌਰਾਨ ਤਿੰਨ ਸਿੱਖ ਨੌਜਵਾਨਾਂ ਨੂੰ ਕੇਸ ਰੱਖਣ ਅਤੇ ਪੱਗ ਬੰਨ੍ਹਣ ਦੇ ਨਿਯਮਾਂ ’ਚ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਿੱਖ ਫ਼ੌਜੀਆਂ ਨੇ ਅਦਾਲਤ ’ਚ ਪਹੁੰਚ ਕੀਤੀ।
ਵਾਸ਼ਿੰਗਟਨ ’ਚ ਯੂ. ਐੱਸ. ਕੋਰਟ ਆਫ਼ ਅਪੀਲਜ਼ (US Court of Appeals) ਦੇ ਤਿੰਨ ਜੱਜਾਂ ਦੇ ਬੈਂਚ ਨੇ ਅਸਹਿਮਤੀ ਪ੍ਰਗਟਾਉਂਦੇ ਕਿਹਾ ਕਿ ਮੈਰੀਨ ਕਾਰਪਸ ਦੁਆਰਾ ਕੋਈ ਤਰਕ ਪੇਸ਼ ਨਹੀਂ ਕੀਤਾ ਗਿਆ ਹੈ, ਜਿਸ ਤੋਂ ਸਿੱਧ ਹੁੰਦਾ ਹੋਵੇ ਕਿ ਦਾੜ੍ਹੀ ਅਤੇ ਪੱਗ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਾਂ ਸ਼ਰੀਰਕ ਤੌਰ ’ਤੇ ਸਿਖਲਾਈ (Physical Training) ’ਚ ਰੁਕਾਵਟ ਬਣ ਸਕਦੀ ਹੈ।
ਐਰਿਕ ਬਾਕਸਟਰ (Eric Baxter) ਨਾਮ ਦੇ ਸਖਸ਼ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਕਿ ਮੈਰੀਨ ਕਾਰਪਸ ਦੁਆਰਾ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ, ਜੋਕਿ ਧਾਰਮਿਕ ਅਜ਼ਾਦੀ ਪੁਨਰ ਸਥਾਪਿਤ ਐਕਟ Religious Freedom Restoration Act (RFRA) ਦੀ ਉਲੰਘਣਾ ਸੀ।