Viral Video (ਮਨੋਜ ਜੋਸ਼ੀ) : ਡੇਰਾਬੱਸੀ ਦੇ ਖੇੜੀ ਗੁੱਜਰਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪੜ੍ਹਾਉਣ ਦੀ ਬਜਾਏ ਸੌਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ। ਨਜ਼ਦੀਕੀ ਪਿੰਡ ਖੇੜੀ ਗੁੱਜਰਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ, ਉਨ੍ਹਾਂ ਦੇ ਮਾਪੇ, ਸਟਾਫ ਤੇ ਪਿੰਡ ਵਾਲੇ ਸਕੂਲ ਦੇ ਇੱਕ ਪ੍ਰਾਇਮਰੀ ਟੀਚਰ ਦੀ ਡਿਊਟੀ ਦੌਰਾਨ ਸੌਣ ਦੀ ਆਦਤ ਤੋਂ ਬੇਹੱਦ ਪਰੇਸ਼ਾਨ ਹਨ।


COMMERCIAL BREAK
SCROLL TO CONTINUE READING

ਇਸ ਅਧਿਆਪਕ ਨੂੰ ਸਕੂਲ ਪ੍ਰਬੰਧਕਾਂ ਸਮੇਤ ਪਿੰਡ ਵਾਲਿਆਂ ਨੇ ਕਈ ਵਾਰ ਸੁੱਤੇ ਪਏ ਫੜ੍ਹਿਆ ਹੈ ਤੇ ਅੱਗੇ ਦੀਆਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਕਈ ਫ਼ਰਕ ਨਹੀਂ ਪੈਂਦਾ। ਪਿੰਡ ਵਾਸੀਆਂ ਨੇ ਸੁੱਤੇ ਹੋਏ ਅਧਿਆਪਕ ਦੀ ਬਕਾਇਦਾ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ਉਪਰ ਵਾਇਰਲ ਕਰ ਦਿੱਤਾ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ ਅਧਿਆਪਕ ਨੇ ਖਉਦ ਨੂੰ ਸੌਣ ਦੀ ਬਿਮਾਰੀ ਤੋਂ ਪੀੜਤ ਦੱਸਦੇ ਹੋਏ ਇਲਾਜ ਚੱਲਣ ਦੀ ਗੱਲ ਕਹੀ ਹੈ।


ਦੱਸ ਦੇਈਏ ਕਿ 52 ਸਾਲਾ ਬਲਜੀਤ ਸਿੰਘ ਐਲੀਮੈਂਟਰੀ ਸਕੂਲ ਵਿੱਚ 2009 ਤੋਂ ਪ੍ਰਾਇਮਰੀ ਅਧਿਆਪਕ ਹੈ। ਉਹ ਚੌਥੀ ਜਮਾਤ ਨੂੰ ਪੜ੍ਹਾਉਂਦਾ ਹੈ ਜਿਸ ਦੇ 19 ਬੱਚੇ ਹਨ। ਸਕੂਲੀ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਸ਼ਿਕਾਇਤ ਕੀਤੀ ਹੈ ਕਿ ਅਧਿਆਪਕ ਡਿਊਟੀ 'ਤੇ ਹੁੰਦੇ ਹੋਏ ਕਲਾਸ ਵਿੱਚ ਸੌਂ ਜਾਂਦੇ ਹਨ।


ਮਾਪਿਆਂ ਨੇ ਇਸ ਸਬੰਧੀ ਕਈ ਵਾਰ ਸਕੂਲ ਮੁੱਖ ਅਧਿਆਪਕ ਨੂੰ ਸ਼ਿਕਾਇਤ ਕੀਤੀ। ਮੁੱਖ ਅਧਿਆਪਕ ਨੇ ਇਸ ਬਾਰੇ ਬੀਪੀਈਓ ਤੇ ਡੀਈਓ ਨੂੰ ਵੀ ਜਾਣੂ ਕਰਵਾਇਆ। ਬੀਪੀਈਓ ਨੇ ਵੀ ਉਸ ਨੂੰ ਸੁੱਤੇ ਹੋਏ ਫੜਿਆ ਅਤੇ ਨੋਟਿਸ ਜਾਰੀ ਕਰ ਦਿੱਤਾ। ਇਨ੍ਹਾਂ ਨੂੰ ਸੁਧਾਰਨ ਲਈ ਕਈ ਯਤਨ ਕੀਤੇ ਗਏ ਤਾਂ ਜੋ ਬੱਚਿਆਂ ਦੀ ਪੜ੍ਹਾਈ ਅਤੇ ਸਕੂਲ ਦਾ ਅਕਸ ਖਰਾਬ ਨਾ ਹੋਵੇ ਪਰ ਮਸਲਾ ਹੱਲ ਨਹੀਂ ਹੋਇਆ। ਆਖਰਕਾਰ ਪਿੰਡ ਵਾਸੀਆਂ ਨੇ ਵੀਰਵਾਰ ਨੂੰ ਸਕੂਲ ਕੈਂਪ ਦੌਰਾਨ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।


ਗੱਲਬਾਤ ਦੌਰਾਨ ਵੀ ਸੌਂ ਜਾਂਦੇ: ਹੈੱਡ ਟੀਚਰ
ਸਕੂਲ ਦੇ ਮੁੱਖ ਅਧਿਆਪਕ ਜਸਵਿੰਦਰ ਸਿੰਘ ਅਨੁਸਾਰ ਪਿੰਡ ਵਾਸੀ ਪਹਿਲਾਂ ਵੀ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ। ਕਈ ਵਾਰ ਉਹ ਗੱਲਾਂ ਕਰਦੇ ਹੋਏ ਵੀ ਸੌਂ ਜਾਂਦੇ ਹਨ। ਬਲਜੀਤ ਸਿੰਘ ਨੂੰ ਮੈਡੀਕਲ ਫਿਟਨੈੱਸ ਲਿਆਉਣ ਲਈ ਕਿਹਾ ਗਿਆ ਪਰ ਉਹ ਨਹੀਂ ਆਇਆ। ਅਧਿਆਪਕ ਨੂੰ ਸ਼ਾਇਦ ਡਰ ਹੈ ਕਿ ਜੇਕਰ ਉਹ ਅਯੋਗ ਰਿਹਾ ਤਾਂ ਉਸ ਨੂੰ VRS ਦੇ ਕੇ ਨੌਕਰੀ ਤੋਂ ਬਰਖਾਸਤ ਕੀਤਾ ਜਾ ਸਕਦਾ ਹੈ। ਪਿੰਡ ਵਾਸੀਆਂ ਨੇ ਉੱਚ ਅਧਿਕਾਰੀਆਂ ਤੋਂ ਉਨ੍ਹਾਂ ਦੀ ਬਦਲੀ ਦੀ ਮੰਗ ਵੀ ਕੀਤੀ ਹੈ ਪਰ ਮਸਲਾ ਹੱਲ ਨਹੀਂ ਹੋ ਰਿਹਾ।


ਕਾਰ ਚਲਾਉਂਦੇ ਸਮੇਂ ਸੌਣ ਕਾਰਨ ਹੋ ਚੁੱਕੇ ਇੱਕ ਵਾਰ ਜ਼ਖ਼ਮੀ : ਬੀ.ਪੀ.ਈ.ਓ
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਜਸਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਬਲਜੀਤ ਸਿੰਘ ਨੂੰ ਡੈਪੂਟੇਸ਼ਨ ’ਤੇ ਸੁੱਤੇ ਪਏ ਫੜਿਆ ਸੀ। ਬਲਜੀਤ ਨੂੰ ਇੱਕ ਵਾਰ ਕਾਰ ਚਲਾਉਂਦੇ ਸਮੇਂ ਨੀਂਦ ਆ ਗਈ, ਜਿਸ ਕਾਰਨ ਕਾਰ ਮੈਕਡੀ ਚੌਕ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਪਲਟ ਗਈ। ਉਨ੍ਹਾਂ ਨੂੰ ਬੱਸ, ਆਟੋ ਜਾਂ ਕਿਸੇ ਨਾਲ ਸਫ਼ਰ ਕਰਨ ਦੀ ਸਲਾਹ ਦਿੱਤੀ ਗਈ।


ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ ਉਸ ਨੂੰ ਅਜਿਹੇ ਤਰੀਕੇ ਨਾਲ ਪੜ੍ਹਾਉਣ ਲਈ ਕਿਹਾ ਗਿਆ ਸੀ ਜਿਸ ਵਿੱਚ ਨੀਂਦ ਨਾ ਆਵੇ। ਉਸ ਦਾ ਕਮਰਾ ਵੀ ਵਾਸ਼ਰੂਮ ਦੇ ਨਾਲ ਹੀ ਰੱਖਿਆ ਗਿਆ ਸੀ ਜਿੱਥੇ ਬੱਚਿਆਂ ਦੀ ਜ਼ਿਆਦਾ ਹਲਚਲ ਤੇ ਰੌਲਾ ਪੈਂਦਾ ਹੈ ਪਰ ਇਸ ਨਾਲ ਕੋਈ ਫਰਕ ਨਹੀਂ ਪੈ ਰਿਹਾ ਹੈ।


ਅਧਿਆਪਕ ਬਲਜੀਤ ਨੇ ਖ਼ੁਦ ਨੂੰ ਸਲੀਪਿੰਗ ਐਪਨੀਆ ਤੋਂ ਪੀੜਤ ਦੱਸਿਆ
ਬਲਜੀਤ ਸਿੰਘ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਅਜਿਹਾ ਨਹੀਂ ਸੀ। ਤਿੰਨ ਸਾਲਾਂ ਤੋਂ ਸਲੀਪਿੰਗ ਐਪਨੀਆ ਤੋਂ ਪੀੜਤ ਹੈ। ਪਹਿਲਾਂ ਹੋਮਿਓਪੈਥਿਕ ਇਲਾਜ ਚੱਲ ਰਿਹਾ ਸੀ, ਹੁਣ ਤਿੰਨ ਮਹੀਨਿਆਂ ਤੋਂ ਪ੍ਰਾਈਵੇਟ ਡਾਕਟਰ ਤੋਂ ਐਲੋਪੈਥਿਕ ਇਲਾਜ ਚੱਲ ਰਿਹਾ ਹੈ। ਵੀਰਵਾਰ ਨੂੰ ਬੱਚਿਆਂ ਨੂੰ ਬਲੈਕ ਬੋਰਡ 'ਤੇ ਆਪਣਾ ਕੰਮ ਲਿਖਣ ਲਈ ਕਿਹਾ ਸੀ।


ਕੁਰਸੀ 'ਤੇ ਬੈਠ ਕੇ ਸੌਂ ਗਿਆ। ਉਹ ਖੜ੍ਹੇ ਹੋ ਕੇ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਜਦੋਂ ਉਹ ਬੈਠਦੇ ਹਨ ਤਾਂ ਇਸ ਬਿਮਾਰੀ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ। ਗੱਲਬਾਤ ਦੌਰਾਨ ਉਸ ਨੇ ਸੌਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਸਪੱਸ਼ਟ ਕੀਤਾ ਕਿ ਰੁਝੇਵਿਆਂ ਦੌਰਾਨ ਬਿਮਾਰੀ ਦਾ ਕੋਈ ਅਸਰ ਨਹੀਂ ਹੁੰਦਾ ਹੈ।