Lehragaga News:  ਲਹਿਰਾਗਾਗਾ ਸ਼ਹਿਰ ਅੰਦਰ ਬੀਬੀ ਭੱਠਲ ਦੇ ਪੁਰਾਣੇ ਨਿਵਾਸ ਸਥਾਨ ਦੇ ਨਜ਼ਦੀਕ ਸੂਏ ਦੇ ਪੁਲ ਨੇੜੇ ਪਿਛਲੇ ਲੰਬੇ ਸਮੇਂ ਤੋਂ ਖੋਖਾ ਬਣਾ ਕੇ ਆਪਣਾ ਕਾਰੋਬਾਰ ਕਰ ਰਹੇ ਇੱਕ ਵਿਅਕਤੀ ਦੇ ਖੋਖੇ ਉੱਪਰ ਜਲ ਸਰੋਤ ਵਿਭਾਗ ਨੇ ਪੀਲਾ ਪੰਜਾ ਫੇਰ ਦਿੱਤਾ। ਜਾਣਕਾਰੀ ਅਨੁਸਾਰ ਪਿਛਲੇ ਲੰਬੇ ਅਰਸੇ ਤੋਂ ਹੈਪੀ ਕੁਮਾਰ ਪੁੱਤਰ ਹੇਮਰਾਜ ਵਾਸੀ ਲਹਿਰਾਗਾਗਾ ਨੇ ਜਲ ਸਰੋਤ ਵਿਭਾਗ ਦੀ ਜਗਾ ਉੱਪਰ ਖੋਖਾ ਬਣਾਇਆ ਹੋਇਆ ਸੀ।


COMMERCIAL BREAK
SCROLL TO CONTINUE READING

ਵਿਭਾਗ ਦੇ ਐਸਡੀਓ ਆਰੀਅਨ ਜੁਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇੱਕ ਮਹੀਨਾ ਪਹਿਲਾਂ ਉਕਤ ਵਿਅਕਤੀ ਨੂੰ ਖੋਖਾ ਹਟਾਉਣ ਲਈ ਨੋਟਿਸ ਭੇਜਿਆ ਸੀ ਪਰੰਤੂ ਉਸ ਨੇ ਨੋਟਿਸ ਦੀ ਪ੍ਰਵਾਹ ਨਾ ਕਰਦੇ ਹੋਏ ਖੋਖੇ ਅੰਦਰ ਪੱਕੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਜਿਸ ਦੇ ਚੱਲਦੇ ਅੱਜ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਪੁਲਿਸ ਦੀ ਸਹਾਇਤਾ ਨਾਲ ਨਾਜਾਇਜ਼ ਕਬਜ਼ਾ ਖਾਲੀ ਕਰਵਾਇਆ ਗਿਆ ਹੈ। ਖਾਲੀ ਕਰਵਾਈ ਗਈ ਜਗ੍ਹਾ ਉੱਪਰ ਬਕਾਇਦਾ ਜਲ ਸਰੋਤ ਵਿਭਾਗ ਨੇ ਕੰਡਿਆਲੀ ਤਾਰ ਫੇਰ ਕੇ ਉੱਥੇ ਜਲ ਸਰੋਤ ਵਿਭਾਗ ਦੀ ਜਗ੍ਹਾ ਹੋਣ ਦਾ ਬੋਰਡ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿਸੇ ਨੂੰ ਵੀ ਜਲ ਸਰੋਤ ਵਿਭਾਗ ਦੀ ਥਾਂ ਉਤੇ ਨਾਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।


ਜਦੋਂ ਵਿਭਾਗ ਦਾ ਖੋਖੇ ਉੱਪਰ ਪੀਲਾ ਪੰਜਾ ਫਿਰ ਰਿਹਾ ਸੀ ਤਾਂ ਉਸੇ ਸਮੇਂ ਖੋਖੇ ਉਤੇ ਕਾਬਜ਼ ਹੈਪੀ ਕੁਮਾਰ ਨੇ ਪੈਟਰੋਲ ਪੀ ਲਿਆ ਅਤੇ ਆਪਣੇ ਉੱਪਰ ਛਿੜਕ ਲਿਆ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਹਿਰਾਗਾਗਾ ਵਿਖੇ ਦਾਖਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ ਗਿਆ ਹੈ।