ਸੁਖਜਿੰਦਰ ਰੰਧਾਵਾ ਨੂੰ ਕਿਉਂ ਕਹਿਣਾ ਪਿਆ `ਸਿਰਫ਼ ਪੱਗਾਂ ਹੀ ਬਦਲੀਆਂ ਨੇ`
ਸਾਬਕਾ ਡਿਪਟੀ ਮੁੱਖ ਮੰਤਰੀ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ CM ਭਗਵੰਤ ਮਾਨ ’ਤੇ ਤਿੱਖਾ ਹਮਲਾ ਬੋਲਿਆ ਹੈ।
ਚੰਡੀਗੜ੍ਹ: ਸਾਬਕਾ ਡਿਪਟੀ ਮੁੱਖ ਮੰਤਰੀ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ CM ਭਗਵੰਤ ਮਾਨ ’ਤੇ ਤਿੱਖਾ ਹਮਲਾ ਬੋਲਿਆ ਹੈ। ਸੂਬੇ ’ਚ ਖੁੱਲ੍ਹੇ ਮੁਹੱਲਾ ਕਲੀਨਿਕਾਂ ਦੇ ਦਾਖ਼ਲੇ ਗੇਟਾਂ ’ਤੇ CM ਭਗਵੰਤ ਮਾਨ ਦੀ ਤਸਵੀਰ ਲਗਾਈ ਗਈ ਹੈ, ਜਿਸ ਕਾਰਨ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ ਹੈ।
ਮਾਨ ਨੇ ਸਰਕਾਰੀ ਯੋਜਨਾਵਾਂ ’ਤੇ ਲੀਡਰਾਂ ਦੀ ਫ਼ੋਟੋਆਂ ਦਾ ਕੀਤਾ ਸੀ ਵਿਰੋਧ
ਦਰਅਸਲ ਭਗਵੰਤ ਮਾਨ ਨੇ ਚੋਣਾਂ ਮੌਕੇ ਬਿਆਨ ਦਿੱਤਾ ਸੀ ਕਿ ਸਰਕਾਰੀ ਯੋਜਨਾਵਾਂ ’ਤੇ ਮੁੱਖ ਮੰਤਰੀ ਦੀ ਫ਼ੋਟੋ ਨਹੀਂ ਹੋਣੀ ਚਾਹੀਦੀ। ਹੋਰ ਤਾਂ ਹੋਰ ਮੁਆਵਜ਼ੇ ਦਾ ਚੈੱਕ ਵੰਡਣ ਮੌਕੇ ਦੀ ਫ਼ੋਟੋ ਵੀ ਮੀਡੀਆ ’ਚ ਨਹੀਂ ਆਉਣੀ ਚਾਹੀਦੀ, ਕਿਉਂਕਿ ਲੋਕਾਂ ਦਾ ਪੈਸਾ ਲੋਕਾਂ ਕੋਲ ਗਿਆ।
ਵੋਟਾਂ ਤੋਂ ਪਹਿਲਾਂ ਦਿੱਤੇ ਇਸ ਬਿਆਨ ’ਤੇ ਵਿਰੋਧੀ ਧਿਰਾਂ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਟਵੀਟ ਕਰਦਿਆਂ ਲਿਖਿਆ," ਆਖ਼ਰ ਤੁਹਾਡੇ ’ਚ (ਮੁੱਖ ਮੰਤਰੀ ਭਗਵੰਤ ਮਾਨ) ਤੇ ਅਕਾਲੀ ਦਲ ’ਚ ਕੀ ਫ਼ਰਕ ਹੈ? ਇਹ ਤੁਹਾਡੀ ਨਿੱਜੀ ਜਾਗੀਰ ਨਹੀਂ ਹੈ।
ਕੀ ਇਸ਼ਤਿਹਾਰਾਂ ਲਈ ਜਨਤਾ ਦਾ ਪੈਸਾ ਘੱਟ ਹੈ ਕਿ ਹੁਣ ਤੁਸੀਂ ਇਸ ਦਾ ਸਹਾਰਾ ਲਿਆ ਹੈ? ਤੁਹਾਡੇ ਆਪਣੇ ਸ਼ਬਦਾਂ ਵਿੱਚ- "ਸਿਰਫ਼ ਪੱਗਾਂ ਹੀ ਬਦਲੀਆਂ ਨੇ"