ਜਾਣੋ, ਕਿਉਂ ਪ੍ਰਚਲਿਤ ਹੋਈ ਕਹਾਵਤ `ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ`
ਗੁਰੂ ਹਰਗੋਬਿੰਦ ਜੀ ਨੇ ਕਿਲ੍ਹੇ ਦੇ ਸ਼ੈਤਾਨੀ ਵਾਤਾਵਰਨ ਨੇ ਮਾਨੋ ਮੋੜਾ ਖਾਧਾ ਤੇ ਬੰਦਗੀ ਦੀਆਂ ਲਹਿਰਾਂ ਨੇ ਕਣ ਕਣ ਨੂੰ ਮਹਿਕਣ ਲਾ ਦਿੱਤਾ, ਗੁਰੂ ਸਾਹਿਬ ਦੇ ਕਿਲ੍ਹੇ ‘ਚ ਆਉਣ ਦੇ ਨਾਲ ਕਿਲ੍ਹੇ ਦੀ ਨੁਹਾਰ ਬਦਲ ਗਈ।
ਚੰਡੀਗੜ੍ਹ: ਦੀਵਾਲੀ ਦਾ ਤਿਉਹਾਰ ਪੂਰੇ ਦੇਸ਼ ’ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕੁਝ ਲੋਕਾਂ ਦਾ ਮਾਨਤਾ ਹੈ ਕਿ ਦੀਵਾਲੀ ਨੂੰ ਮਾਤਾ ਲਕਸ਼ਮੀ ਦੇ ਵਿਆਹ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਬੰਗਾਲ ’ਚ ਇਹ ਤਿਉਹਾਰ ਮਾਤਾ ਕਾਲੀ ਦੀ ਪੂਜਾ ਲਈ ਸਮਰਪਿਤ ਹੈ, ਜੋ ਤਾਕਤ ਅਤੇ ਹਨੇਰੇ ਦੀ ਦੇਵੀ ਹੈ।
ਸਿੱਖਾਂ ਲਈ ਦੀਵਾਲੀ ਦੀ ਮਹਤੱਤਾ
ਸਿੱਖ ਧਰਮ ’ਚ ਵੀ ਦੀਵਾਲੀ ਦੀ ਆਪਣੀ ਮਹਤੱਤਾ ਹੈ, ਇਤਿਹਾਸਕਾਰਾਂ ਦੇ ਅਨੁਸਾਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਜੀ ਦਾ ਗਵਾਲੀਅਰ ਦੇ ਕਿਲ੍ਹੇ ’ਚ ਕੈਦ ਹੋਣਾ ਮਹਾਨ ਘਟਨਾ ਸੀ। ਉਸ ਵੇਲੇ ਦਾ ਮੁਗ਼ਲ ਸ਼ਾਸ਼ਕ ਜਹਾਂਗੀਰ ਛੇਵੇਂ ਪਾਤਸ਼ਾਹ ਦੀ ਸ਼ਾਹੀ ਠਾਠ-ਬਾਠ ਅਤੇ ਵੱਧਦੀ ਫ਼ੌਜ ਨੂੰ ਵੇਖਕੇ ਘਬਰਾ ਗਿਆ, ਉਸਨੇ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਗਵਾਲੀਅਰ ਦੇ ਕਿਲ੍ਹੇ ’ਚ ਨਜ਼ਰਬੰਦ ਕਰ ਦਿੱਤਾ।
ਗੁਰੂ ਸਾਹਿਬ ਦੀ ਆਮਦ ਨੇ ਗਵਾਲੀਅਰ ਕਿਲ੍ਹੇ ਨੂੰ ਮਹਿਕਣ ਲਾ ਦਿੱਤਾ
ਗਵਾਲੀਅਰ ਦੇ ਕਿਲ੍ਹੇ ਬਾਰੇ ਮੰਨਿਆ ਜਾਂਦਾ ਸੀ ਕਿ ਜੋ ਵੀ ਇਸ ਕਿਲ੍ਹੇ ’ਚ ਕੈਦ ਹੁੰਦਾ ਉਹ ਜਿਊਂਦਾ ਵਾਪਸ ਨਹੀਂ ਪਰਤਦਾ ਸੀ। ਪਰ ਜਦੋਂ ਗੁਰੂ ਹਰਗੋਬਿੰਦ ਜੀ ਨੇ ਕਿਲ੍ਹੇ ਦੇ ਸ਼ੈਤਾਨੀ ਵਾਤਾਵਰਨ ਨੇ ਮਾਨੋ ਮੋੜਾ ਖਾਧਾ ਤੇ ਬੰਦਗੀ ਦੀਆਂ ਲਹਿਰਾਂ ਨੇ ਕਣ ਕਣ ਨੂੰ ਮਹਿਕਣ ਲਾ ਦਿੱਤਾ।
ਗੁਰੂ ਸਾਹਿਬ ਦੇ ਕਿਲ੍ਹੇ ‘ਚ ਆਉਣ ਦੇ ਨਾਲ ਕਿਲ੍ਹੇ ਦੀ ਨੁਹਾਰ ਬਦਲ ਗਈ। ਮੁਰਝਾਏ ਹੋਏ ਚੇਹਰਿਆਂ ਤੇ ਆਸ ਦੀ ਕਿਰਨ ਨੇ ਮੁਸਕੁਰਾਹਟ ਲੈ ਆਂਦੀ।
ਉੱਧਰ ਦੁਸਰੇ ਪਾਸੇ ਬਾਦਸ਼ਾਹ ਜਹਾਂਗੀਰ ਬਿਮਾਰ ਪੈ ਗਿਆ। ਜਦੋਂ ਹਕੀਮਾਂ ਤੋਂ ਕੋਈ ਫਰਕ ਨਾ ਪਿਆ ਤਾਂ ਨੂਰਜਹਾਂ ਜਹਾਂਗੀਰ ਬਾਦਸ਼ਾਹ ਨੂੰ ਨਿਜ਼ਾਮੂਦੀਨ ਓਲੀਆ ਪਾਸ ਲੈ ਕੇ ਗਈ ਜਿੱਥੇ ਸਾਂਈ ਮੀਆ ਮੀਰ ਵੀ ਮੌਜੂਦ ਸੀ। ਗੱਲਬਾਤ ਦੌਰਾਨ ਜਹਾਂਗੀਰ ਨੇ ਪੁੱਛਿਆ ਕਿ ਕੋਈ ਐਸਾ ਆਦਮੀਂ ਵੀ ਹੈ ਜਿਸ ਨੂੰ ਪੂਰਾ ਬ੍ਰਹਮ ਗਿਆਨ ਪ੍ਰਾਪਤ ਹੋਵੇ ਤਾਂ ਸਾਈਂ ਮੀਆਂ ਮੀਰ ਨੇ ਜਵਾਬ ਦਿੱਤਾ, ਹਾਂ…. ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਗਵਾਲੀਅਰ ਦੇ ਕਿਲ੍ਹੇ ‘ਚ ਕੈਦ ਕੀਤਾ ਹੋਇਆ ਹੈ।
ਬਾਦਸ਼ਾਹ ਨੇ ਗੁਰੂ ਸਾਹਿਬ ਦੀ ਰਿਹਾਈ ਦਾ ਦਿੱਤਾ ਹੁਕਮ
ਜਹਾਂਗੀਰ ਨੇ ਪਛਤਾਵਾ ਕਰਦਿਆਂ ਗੁਰੂ ਸਾਹਿਬ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ। ਪਰ ਗੁਰੂ ਸਾਹਿਬ ਨੇ ਸ਼ਰਤ ਰੱਖ ਦਿੱਤੀ ਕਿ ਉਹ ਹੁਣ ਇੱਕਲੇ ਬਾਹਰ ਨਹੀਂ ਆਉਣਗੇ। ਬਲਕਿ ਜਿੰਨੇ ਹੋਰ ਵੀ ਰਾਜਸੀ ਕੈਦੀ ਨਜ਼ਰਬੰਦ ਹਨ ਜਦੋਂ ਤੱਕ ਉਹ ਰਿਹਾਅ ਨਹੀਂ ਹੁੰਦੇ ਗੁਰੂ ਸਾਹਿਬ ਵੀ ਬਾਹਰ ਨਹੀਂ ਆਉਣਗੇ।
52 ਕਲੀਆਂ ਵਾਲੇ ਚੋਲ਼ੇ ਦਾ ਇਤਿਹਾਸ
ਬਾਦਸ਼ਾਹ ਜਹਾਂਗੀਰ ਨੇ ਵੀ ਚਾਲ ਚੱਲਦਿਆਂ ਗੁਰੂ ਸਾਹਿਬ ਨੂੰ ਕਹਿ ਦਿੱਤਾ ਕਿ ਜਿੰਨੇ ਕੈਦੀ ਚੋਲ਼ੇ ਦਾ ਪੱਲਾ ਫੜ੍ਹ ਲੈਣਗੇ ਉਨ੍ਹਾਂ ਨੂੰ ਅਜ਼ਾਦ ਕਰ ਦਿੱਤਾ ਜਾਵੇਗਾ। ਬਾਦਸ਼ਾਹ ਨੂੰ ਪਤਾ ਸੀ ਕਿ ਰਾਜਪੂਤ ਰਾਜੇ ਕਦੇ ਕਿਸੇ ਹੋਰ ਦਾ ਪੱਲਾ ਨਹੀਂ ਫੜਦੇ, ਪਰ 52 ਕੈਦੀ ਰਾਜੇ ਗੁਰੂ ਸਾਹਿਬ ਨੂੰ ਸ਼ਾਸ਼ਕ ਨਹੀਂ ਬਲਕਿ ਅਧਿਆਤਮਕ ਰਹਿਬਰ ਮੰਨਦੇ ਸਨ। ਸੋ, ਛੇਵੇਂ ਪਾਤਸ਼ਾਹ ਨੇ 52 ਕਲੀਆਂ ਵਾਲਾ ਚੋਲ਼ਾ ਬਣਾਵਾਇਆ ਤੇ ਕੈਦੀ ਰਾਜਪੂਤ ਰਾਜੇ ਗੁਰੂ ਸਾਹਿਬ ਸਣੇ ਅਜ਼ਾਦ ਹੋ ਗਏ। ਕਿਲ੍ਹੇ ਤੋਂ ਬਾਹਰ ਆਉਂਦਿਆਂ ਹੀ 52 ਰਾਜਿਆਂ ਨੇ ਦਾਤਾ ਬੰਦੀ ਛੋੜ ਦੇ ਜੈਕਾਰੇ ਲਾਏ, ਉਸ ਦਿਨ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੂੰ ਬੰਦੀ ਛੋੜ ਦੇ ਨਾਮ ਨਾਲ ਵੀ ਜਾਣਿਆ ਜਾਣ ਲੱਗਾ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਤੋਂ ਅੰਮ੍ਰਿਤਸਰ ਸਾਹਿਬ ਪਹੁੰਚੇ ਇਤਫ਼ਾਕ ਨਾਲ ਉਸ ਦਿਨ ਵੀ ਦੀਵਾਲੀ ਸੀ, ਜਿਸ ਤੋਂ ਬਾਅਦ ਸਿੱਖ ਵੀ ਗੁਰੂ ਸਾਹਿਬ ਦੇ ਰਿਹਾਅ ਹੋਕੇ ਅੰਮ੍ਰਿਤਸਰ ਪਰਤਣ ਦੀ ਖੁਸ਼ੀ ’ਚ ਦੀਵਾਲੀ ਧੂਮਧਾਮ ਨਾਲ ਮਨਾਉਣ ਲੱਗੇ। ਤਾਂ ਹੀ ਤਾਂ ਕਹਾਵਤ ਵੀ ਪ੍ਰਚਲਿਤ ਹੈ "ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ।"