ਪੰਜਾਬ ਦੀ ਕਾਨੂੰਨ ਵਿਵਸਥਾ ਸਵਾਲਾਂ ਦੇ ਘੇਰੇ ‘ਚ, ਪੁਲਿਸ ਅਧਿਕਾਰੀ ਦੀ ਗੱਡੀ ‘ਚ ਅਣਪਛਾਤੇ ਵਿਅਕਤੀਆਂ ਨੇ ਰੱਖਿਆ ਬੰਬ
ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ‘ਚ 2 ਅਣਪਛਾਤੇ ਵਿਅਕਤੀਆਂ ਵੱਲੋਂ ਸੀ. ਆਈ. ਏ. ਵਿੱਚ ਤਾਇਨਾਤ ਥਾਣੇਦਾਰ ਦਿਲਬਾਗ ਸਿੰਘ ਦੀ ਕੋਠੀ ਦੇ ਬਾਹਰ ਖੜੀ ਗੱਡੀ ਵਿੱਚ ਬੰਬ ਫਿੱਟ ਕੀਤਾ ਜਾਂਦਾ ਹੈ। ਇਹ ਸਾਰੀ ਘਟਨਾ ਮੌਕੇ ‘ਤੇ ਲੱਗੇ ਸੀ. ਸੀ. ਟੀ. ਵੀ. ਵਿੱਚ ਕੈਦ ਹੋ ਜਾਂਦੀ ਹੈ।
ਚੰਡੀਗੜ੍ਹ- 15 ਅਗਸਤ ਆਜ਼ਾਦੀ ਦਿਵਸ ਨੂੰ ਲੈ ਕੇ ਪੰਜਾਬ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਸੂਬਾ ਹਾਈ ਅਲਰਟ ‘ਤੇ ਸੀ। ਪਰ ਇਸ ਵਿਚਾਲੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀ ਦੀ ਗੱਡੀ ਵਿਚ ਬੰਬ ਰੱਖਿਆ ਜਾਂਦਾ ਹੈ, ਜੋ ਕਿ ਸੂਬੇ ਦੀ ਕਾਨੂੰਨ ਤੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰਦਾ ਹੈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ ਵਿੱਚ ਕੈਦ ਹੋ ਜਾਂਦੀ ਹੈ। ਜਿਸ ਵਿੱਚ ਦੇਖਿਆ ਗਿਆ ਕਿ ਰਾਤ ਨੂੰ ਕਰੀਬ ਦੋ ਵਜੇ 2 ਵਿਅਕਤੀ ਮੋਟਰਸਾਈਕਲ ਉਤੇ ਆਉਂਦੇ ਹਨ ਅਤੇ ਸੀ. ਆਈ. ਏ. ਵਿੱਚ ਤਾਇਨਾਤ ਥਾਣੇਦਾਰ ਦਿਲਬਾਗ ਸਿੰਘ ਦੀ ਕੋਠੀ ਦੇ ਬਾਹਰ ਖੜੀ ਉਸਦੀ ਬਲੈਰੋ ਗੱਡੀ ਨਾਲ ਬੰਬ ਫਿੱਟ ਕਰਦੇ ਹਨ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਇਲਾਕੇ ਵਿਚ ਪੁਲਿਸ ਦੀ ਗੱਡੀ ਵਿਚ ਬੰਬ ਰੱਖਣਾ ਵੱਡੀ ਅੱਤਵਾਦੀ ਸਾਜ਼ਿਸ਼ ਹੋ ਸਕਦੀ ਹੈ।
ਸੀ. ਆਈ. ਏ. ਥਾਣੇਦਾਰ ਨੂੰ ਮਿਲ ਰਹੀਆਂ ਸੀ ਧਮਕੀਆਂ
ਪੁਲਿਸ ਵੱਲੋਂ ਇਸ ਘਟਨਾ ਨੂੰ ਨੂੰ ਅੱਤਵਾਦ ਨਾਲ ਜੋੜਿਆ ਜਾ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਅੱਤਵਾਦ ਵੇਲੇ ਸਬ-ਇੰਸਪੈਕਟਰ ਦਿਲਬਾਗ ਸਿੰਘ ਸਰਗਰਮ ਸਨ, ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਵੀ ਮਿਲ ਰਹੀਆਂ ਸਨ। ਸੁਰੱਖਿਆ ਏਜੰਸੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਪੁਲਿਸ ਅਧਿਕਾਰੀ ਦੀ ਗੱਡੀ ਵਿੱਚ ਬੰਬ ਫਿੱਟ ਕਰਨਾ ਕਿਸੇ ਵੱਡੀ ਘਟਨਾ ਵੱਲ ਇਸ਼ਾਰਾ ਕਰਦਾ ਹੈ। ਭਾਵੇ ਕਿ ਇਸਦਾ ਸਮੇਂ ਸਿਰ ਪਤਾ ਲੱਗਣ ਤੇ ਬਚਾਅ ਹੋ ਗਿਆ ਪਰ ਫਿਰ ਵੀ ਸੁਰੱਖਿਆਂ ਨੂੰ ਲੈ ਕੇ ਸਵਾਲ ਖੜ੍ਹੇ ਹੁੰਦੇ ਹਨ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ ਅਮਨ ਕਾਨੂੰਨ ਵਿਵਸਥਾ
ਕੁਝ ਮਹੀਨੇ ਪਹਿਲਾ ਹੀ ਪੰਜਾਬ ਵਿੱਚ ਨਾਮੀ ਸਿੰਗਰ ਸਿੱਧੂ ਮੂਸੇਵਾਲੇ ਦੀ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾਂ ਪੰਜਾਬ ‘ਚ ਆਏ ਦਿਨ ਕੋਈ ਨਾ ਕੋਈ ਘਟਨਾ ਜਾਂ ਵਾਰਦਾਤ ਸਾਹਮਣੇ ਆਉਂਦੀ ਰਹਿੰਦੀ ਹੈ। ਜਿਸਨੂੰ ਲੈ ਕੇ ਵਿਰੋਧੀਆਂ ਵੱਲੋਂ ਵੀ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕੇ ਜਾ ਰਹੇ ਸਨ। ਦੂਜੇ ਪਾਸੇ ਹੁਣ ਇੱਕ ਪੁਲਿਸ ਅਧਿਕਾਰੀ ਦੀ ਗੱਡੀ ‘ਤੇ ਹੀ ਸ਼ਰੇਆਮ 2 ਨੌਜਵਾਨਾਂ ਵੱਲੋਂ ਬੰਬ ਫਿੱਟ ਕਰਕੇ ਜਾਣਾ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ।
WATCH LIVE TV