ਨਵਜੋਤ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਨਾਲ ਵਿਰੋਧੀਆਂ ਨਾਲੋਂ ਕਾਂਗਰਸੀ ਜ਼ਿਆਦਾ ਬੇਚੈਨ!
ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਡਿਪਟੀ CM ਰਹੇ ਸੁਖਜਿੰਦਰ ਸਿੰਘ ਰੰਧਾਵਾ ਵੀ ਇਸ਼ਾਰਾ ਕਰ ਚੁੱਕੇ ਹਨ ਕਿ ਬਾਹਰੀ ਲੋਕਾਂ ਨੂੰ ਪਾਰਟੀ ’ਚ ਸ਼ਾਮਲ ਨਾ ਕੀਤਾ ਜਾਵੇ।
Navjot Singh Sidhu: ਨਵਜੋਤ ਸਿੱਧੂ ਦੀ ਰਿਹਾਈ ਦੀ ਖ਼ਬਰ ਤੋਂ ਬਾਅਦ ਵਿਰੋਧੀਆਂ ’ਚ ਘੱਟ ਅਤੇ ਕਾਂਗਰਸ ਦੀ ਪੰਜਾਬ ਇਕਾਈ ’ਚ ਜ਼ਿਆਦਾ ਬੇਚੈਨੀ ਹੈ। ਕਿਉਂਕਿ ਰਾਹੁਲ ਗਾਂਧੀ ਸਿੱਧੂ ਨੂੰ ਨਾ ਕੇਵਲ ਵੱਡੀ ਜ਼ਿੰਮੇਵਾਰੀ ਦੇਣ ਦਾ ਬਿਆਨ ਦੇ ਚੁੱਕੇ ਹਨ, ਬਲਕਿ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ ਵਲੋਂ ਉਨ੍ਹਾਂ ਨੂੰ ਸ਼੍ਰੀਨਗਰ ਰੈਲੀ ’ਚ ਸ਼ਾਮਲ ਹੋਣ ਦਾ ਪੈਗਾਮ ਵੀ ਭੇਜ ਚੁੱਕੇ ਹਨ।
ਨਵਜੋਤ ਸਿੰਘ ਸਿੱਧੂ ਦੀ ਰਿਹਾਈ 26 ਜਨਵਰੀ ਨੂੰ ਪਟਿਆਲਾ ਦੇ ਕੇਂਦਰੀ ਜੇਲ੍ਹ ਤੋਂ ਲਗਭਗ ਤੈਅ ਮੰਨੀ ਜਾ ਰਹੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Partap Singh Bajwa) ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਰਹੇ ਸੁਖਜਿੰਦਰ ਸਿੰਘ ਵੀ ਰਾਹੁਲ ਗਾਂਧੀ ਨੂੰ ਇਸ਼ਾਰਾ ਕਰ ਚੁੱਕੇ ਹਨ ਕਿ ਬਾਹਰੀ ਲੋਕਾਂ ਨੂੰ ਪਾਰਟੀ ’ਚ ਸ਼ਾਮਲ ਨਾ ਕੀਤਾ ਜਾਵੇ। ਇਨ੍ਹਾਂ ਲੀਡਰਾਂ ਦਾ ਕਹਿਣਾ ਹੈ ਕਿ ਜਿਹੜੇ ਬਾਹਰੀ ਲੀਡਰ ਕਾਂਗਰਸ ’ਚ ਸ਼ਾਮਲ ਹੁੰਦੇ ਹਨ, ਉਹ ਮੌਕਾ ਮਿਲਦੇ ਹੀ ਪਾਰਟੀ ਛੱਡ ਜਾਂਦੇ ਹਨ।
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਭਾਜਪਾ ਪਾਰਟੀ ਛੱਡ ਕਾਂਗਰਸ ’ਚ ਸ਼ਾਮਲ ਹੋਏ ਸਨ ਅਤੇ ਮਨਪ੍ਰੀਤ ਸਿੰਘ ਬਾਦਲ (Manpreet Singh Badal) ਅਤੇ ਸਾਬਕਾ ਹਾਕੀ ਕਪਤਾਨ ਪਰਗਟ ਸਿੰਘ ਸ਼੍ਰੋਮਣੀ ਅਕਾਲੀ ਦਲ (Shiromani Akali Dal) ’ਚੋਂ ਕਾਂਗਰਸ ’ਚ ਸ਼ਾਮਲ ਹੋਏ ਸਨ। ਇਹ ਤਿੰਨੋਂ ਆਗੂ ਕਾਂਗਰਸ ਦੀ ਸਰਕਾਰ ’ਚ ਮੰਤਰੀ ਰਹੇ ਹਨ, ਜਿਸ ਕਾਰਨ ਕਾਂਗਰਸ ਦੇ ਪੁਰਾਣੇ ਚਿਹਰੇ ਕੈਬਨਿਟ ਤੋਂ ਦੂਰ ਰਹੇ। ਪੰਜਾਬ ਦੇ ਟਕਸਾਲੀ ਕਾਂਗਰਸੀ ਲੀਡਰਾਂ ’ਚ ਅੱਜ ਵੀ ਬਾਹਰੀ ਲੋਕਾਂ ਨੂੰ ਵੱਡੀ ਜਿੰਮੇਵਾਰੀ ਦੇਣ ਦਾ ਰੋਸ ਹੈ।
ਅੱਜ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ ਅਤੇ AICC ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ (Priyanka Gandhi) ਅਤੇ ਕੇ. ਸੀ. ਵੇਣੂਗੋਪਾਲ ਨਾਲ ਵੀ ਮੁਲਾਕਾਤ ਕੀਤੀ ਹੈ।
ਹਾਈ ਕਮਾਨ ਨਾਲ ਨਵਜੋਤ ਕੌਰ ਸਿੱਧੂ ਦੀ ਮੁਲਾਕਾਤ ਤੋਂ ਬਾਅਦ ਸਭ ਕੁਝ ਸਾਫ਼ ਹੋ ਗਿਆ ਹੈ। ਜਿਵੇਂ ਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਸਾਲ ਭਰ ਦਾ ਸਮਾਂ ਰਹਿ ਗਿਆ, ਉਸ ਨੂੰ ਦੇਖਦਿਆਂ ਲਾਜਮੀ ਹੈ ਕਿ ਕਾਂਗਰਸ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਜਿੰਮੇਵਾਰੀ ਸੌਂਪੀ ਜਾ ਸਕਦੀ ਹੈ।
ਕੁਝ ਦਿਨ ਪਹਿਲਾਂ ਪ੍ਰਿਅੰਕਾ ਗਾਂਧੀ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ’ਚ ਚਿੱਠੀ ਵੀ ਭੇਜੀ ਗਈ ਸੀ।
ਇਹ ਵੀ ਪੜ੍ਹੋ: ਨਵਜੋਤ ਕੌਰ ਸਿੱਧੂ ਵਲੋਂ ਪ੍ਰਿਅੰਕਾ ਗਾਂਧੀ ਅਤੇ ਮਲਿਕਾਰੁਜਨ ਖੜਗੇ ਨਾਲ ਦਿੱਲੀ ’ਚ ਮੁਲਾਕਾਤ