Samrala News(Varun Kaushal): ਸਮਰਾਲਾ ਤਹਿਸੀਲ ਦੇ ਪਿੰਡ ਮਾਨੂੰਪੁਰ ’ਚ ਅੱਜ ਚਾਰ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਣ ਵਾਲੀਆਂ ਔਰਤਾਂ ਨੂੰ ਜ਼ਲੀਲ ਕਰਨ ਤੋਂ ਬਾਅਦ ਡੰਡਿਆਂ ਨਾਲ ਉਨ੍ਹਾਂ ਦੀ ਕੁੱਟਮਾਰ ਕਰਨ ਘਟਨਾ ਸਾਹਮਣੇ ਆਈ ਹੈ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਦੇ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਅੱਗੇ ਧਰਨਾ ਲਗਾ ਦਿੱਤਾ ਗਿਆ। ਅਨੁਸੂਚਿਤ ਜਾਤੀ ਦੇ ਭਾਈਚਾਰੇ ਸਮੇਤ ਪਿੰਡ ਦੇ ਸਾਰੇ ਹੀ ਵਰਗਾਂ ਦੇ ਲੋਕ ਇਸ ਘਟਨਾ ਨੂੰ ਲੈ ਕੇ ਬੜੇ ਗੁੱਸੇ ਵਿਚ ਨਜ਼ਰ ਆ ਰਹੇ ਹਨ ਅਤੇ ਵੱਡੀ ਗਿਣਤੀ 'ਚ ਲੋਕਾਂ ਨੇ ਧਰਨੇ ਵਿੱਚ ਪਹੁੰਚ ਕੇ ਨਾਅਰੇਬਾਜੀ ਕੀਤੀ।


COMMERCIAL BREAK
SCROLL TO CONTINUE READING

ਇਸ ਘਟਨਾ ਤੋਂ ਵਾਪਰਨ ਤੋਂ ਕੁੱਝ ਦੇਰ ਬਾਅਦ ਹੀ ਵੱਡੀ ਗਿਣਤੀ ਵਿੱਚ ਪੁਲਿਸ ਵੀ ਮੌਕੇ ’ਤੇ ਪਹੁੰਚ ਚੁੱਕੀ ਹੈ। ਉੱਥੇ ਮੌਜੂਦ ਇਸ ਤਸ਼ਦੱਦ ਦਾ ਸ਼ਿਕਾਰ ਹੋਈਆਂ ਮਹਿਲਾਵਾਂ ਨੇ ਰੋ-ਰੋ ਕੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਦਿਆ ਕਿਹਾ ਕਿ, ਉਹ ਹਰ ਰੋਜ਼ ਦੀ ਤਰ੍ਹਾਂ ਖੇਤਾਂ ਵਿਚ ਆਪਣੇ ਪਸ਼ੂਆਂ ਲਈ ਚਾਰਾ ਲੈਣ ਲਈ ਗਈਆਂ ਸਨ। ਪਿੰਡ ਦੇ ਸੂਏ ਨੇੜੇ ਉਹ ਇੱਕ ਖੇਤ ਦੀ ਵੱਟ ਤੋਂ ਕੱਖ ਵੱਡ ਰਹੀਆਂ ਸਨ ਤਾਂ ਅਚਾਨਕ ਉੱਥੇ ਲਾਗਲੇ ਪਿੰਡ ਦਾ ਇੱਕ ਵਿਅਕਤੀ ਆਇਆ ਅਤੇ ਉਸ ਨੇ ਆਉਂਦੇ ਹੀ ਉਨ੍ਹਾਂ ਨੂੰ ਭੱਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆ।


ਇਸ ਤੋਂ ਬਾਅਦ ਉਹ ਵਿਅਕਤੀ ਉਨ੍ਹਾਂ ਨੂੰ ਜਾਤੀ ਸੂਚਕ ਗਾਲਾਂ ਕੱਢਦਾ ਹੋਇਆ ਉਨ੍ਹਾਂ ਨੂੰ ਜਲੀਲ ਕਰਨ ਲੱਗ ਪਿਆ ਅਤੇ ਕੁਝ ਔਰਤਾਂ ਦੇ ਕਥਿਤ ਤੌਰ ’ਤੇ ਕਪੱੜੇ ਤੱਕ ਫਾੜ ਦਿੱਤੇ। ਇਸ ਤੋਂ ਬਾਅਦ ਬੇਰਹਿਮੀ ਨਾਲ ਔਰਤਾਂ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾ ਕੇ ਪਿੰਡ ਪੁੱਜੀਆਂ ਔਰਤਾਂ ਦੀ ਹਾਲਤ ਵੇਖ ਕੇ ਸਾਰਾ ਪਿੰਡ ਇੱਕਠਾ ਹੋ ਚੁੱਕਾ ਹੈ ਅਤੇ ਗੁੱਸੇ ਨਾਲ ਭਰੇ ਪੀਤੇ ਲੋਕਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਅੱਗੇ ਧਰਨਾ ਦਿੰਦੇ ਹੋਏ ਇਸ ਘਟਨਾ ਵਿਰੁੱਧ ਪ੍ਰਦਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।


ਪਿੰਡ ਦੇ ਸਾਬਕਾ ਕੈ. ਹਰਜਿੰਦਰ ਸਿੰਘ ਅਤੇ ਦਲਿਤ ਸਮਾਜ ਦੇ ਆਗੂ ਅਵਤਾਰ ਸਿੰਘ ਮਾਨੂੰਪੁਰ ਨੇ ਪਿੰਡ ਵਿਚ ਵਾਪਰੀ ਇਸ ਘਟਨਾ ਨੂੰ ਬਹੁਤ ਹੀ ਸ਼ਰਮਸਾਰ ਦੱਸਦੇ ਹੋਏ ਇਸ ਘਟਨਾ ਦੀ ਨਿਖੇਧੀ ਕੀਤੀ ਹੈ।


ਪਿੰਡ ਦੇ ਲੋਕਾਂ ਵੱਲੋਂ ਘਟਨਾ ਲਈ ਜਿੰਮੇਵਾਰ ਦੋਸ਼ੀ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਲੋਕ ਧਰਨੇ ’ਤੇ ਬੈਠੇ ਗਏ ਹਨ। ਧਰਨਾਕਾਰੀ ਪਿੰਡ ਵਾਸੀਆਂ ਵੱਲੋਂ ਚਿਤਾਵਨੀ ਦਿੱਤੀ ਗਈ ਹੈ, ਕਿ ਪਿੰਡ ਵਿਚ ਪਹਿਲੀ ਵਾਰ ਵਾਪਰੀ ਇਸ ਘਟਨਾ ਦੇ ਦੋਸ਼ੀ ਖਿਲਾਫ਼ ਸਖ਼ਤ ਧਾਰਵਾਂ ਅਧੀਨ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਉਹ ਸਾਰੇ ਪਿੰਡ ਨੂੰ ਲੈ ਕੇ ਇਸ ਤੋਂ ਵੀ ਵੱਡਾ ਧਰਨਾ ਸਮਰਾਲਾ ਵਿਖੇ ਲਾਉਣ ਲਈ ਮਜਬੂਰ ਹੋਣਗੇ।


ਜਾਣਕਾਰੀ ਮਿਲਣ ’ਤੇ ਪੁਲਸ ਅਧਿਕਾਰੀ ਵੀ ਮੌਕੇ ’ਤੇ ਗਈ ਅਤੇ ਘਟਨਾ ਬਾਰੇ ਜਾਣਕਾਰੀ ਇੱਕਠੀ ਕਰ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅਤੇ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।