Faridkot News: ਫਰੀਦਕੋਟ ਦੇ ਪਿੰਡ ਟਿੱਬੀ ਭਰਾਈਆਂ ਵਿੱਚ ਪ੍ਰੇਮ ਸਬੰਧਾਂ ਕਾਰਨ ਨੌਜਵਾਨ ਦਾ ਕਤਲ ਤੇ ਸਦਮੇ ਵਿੱਚ ਬਜ਼ੁਰਗ ਔਰਤ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਮ੍ਰਿਤਕ ਨੌਜਵਾਨ ਦਾ ਇੱਕ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।


COMMERCIAL BREAK
SCROLL TO CONTINUE READING

ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (30) ਵਾਸੀ ਡੋਗਰ ਬਸਤੀ, ਫਰੀਦਕੋਟ ਵਜੋਂ ਹੋਈ ਹੈ ਤੇ ਇਸ ਮਾਮਲੇ ਵਿੱਚ ਥਾਣਾ ਸਿਟੀ ਦੀ ਪੁਲਿਸ ਨੇ ਉਕਤ ਪਿੰਡ ਦੇ ਰਹਿਣ ਵਾਲੇ ਇੱਕ ਵਿਆਹੁਤਾ ਜੋੜੇ ਨੂੰ ਹਿਰਾਸਤ ਵਿੱਚ ਲੈ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਡੋਗਰ ਬਸਤੀ ਦੇ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਦਾ ਪਿੰਡ ਟਿੱਬੀ ਭਰਾਈਆਂ ਵਾਸੀ ਜਸਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਦੇ ਘਰ ਆਉਣਾ-ਜਾਣਾ ਸੀ।  ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਦੇ ਮਨਪ੍ਰੀਤ ਕੌਰ ਨਾਲ ਪ੍ਰੇਮ ਸਬੰਧ ਸਨ ਅਤੇ ਉਹ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਉਸ ਦੇ ਘਰ ਆਉਂਦਾ ਜਾਂਦਾ ਸੀ।


ਬੀਤੀ ਰਾਤ ਵੀ ਗੁਰਪ੍ਰੀਤ ਸਿੰਘ ਆਪਣੇ ਇੱਕ ਸਾਥੀ ਨਾਲ ਮਨਪ੍ਰੀਤ ਕੌਰ ਦੇ ਘਰ ਆਇਆ ਸੀ ਅਤੇ ਘਰ ਵਿੱਚ ਹੰਗਾਮਾ ਮਚ ਗਿਆ ਤਾਂ ਗੁਰਪ੍ਰੀਤ ਸਿੰਘ ਅਤੇ ਉਸ ਦਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਇਸ ਦੌਰਾਨ ਉਕਤ ਪਰਿਵਾਰ ਦੀ ਇੱਕ ਬਜ਼ੁਰਗ ਔਰਤ ਦੀ ਸਦਮੇ ਕਾਰਨ ਮੌਤ ਹੋ ਗਈ।


ਔਰਤ ਦੀ ਮੌਤ ਤੋਂ ਬਾਅਦ ਪਿੰਡ ਦੇ ਲੋਕ ਜਸਪ੍ਰੀਤ ਸਿੰਘ ਦੇ ਘਰ ਇਕੱਠੇ ਹੋ ਗਏ ਅਤੇ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਦੇ ਦੁਬਾਰਾ ਪਿੰਡ ਵਿੱਚ ਦਾਖਲ ਹੋਣ ਦੀ ਸੂਚਨਾ ਮਿਲੀ। ਸੂਚਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਲੱਗਣ ਕਾਰਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਜ਼ਖਮੀ ਹੋ ਗਿਆ।


ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਕਤ ਨੌਜਵਾਨ ਜਸਪ੍ਰੀਤ ਸਿੰਘ ਦੇ ਘਰ ਆਇਆ ਅਤੇ ਉਸ ਨਾਲ ਬਦਸਲੂਕੀ ਕੀਤੀ, ਜਿਸ ਕਾਰਨ ਪਰਿਵਾਰ ਦੀ ਬਜ਼ੁਰਗ ਔਰਤ ਦੀ ਸਦਮੇ ਕਰਨ ਮੌਤ ਹੋ ਗਈ।  ਇਸ ਤੋਂ ਬਾਅਦ ਵੀ ਉਹ ਤੇਜ਼ਧਾਰ ਹਥਿਆਰ ਲੈ ਕੇ ਪਿੰਡ ਵਿੱਚ ਘੁੰਮਦਾ ਰਿਹਾ ਅਤੇ ਗਾਲ੍ਹਾਂ ਕੱਢਦਾ ਰਿਹਾ, ਜਿਸ ਤੋਂ ਬਾਅਦ ਸਾਰਾ ਪਿੰਡ ਮੌਕੇ 'ਤੇ ਇਕੱਠਾ ਹੋ ਗਿਆ ਅਤੇ ਇਹ ਘਟਨਾ ਵਾਪਰ ਗਈ। ਸਰਪੰਚ ਅਨੁਸਾਰ ਉਕਤ ਨੌਜਵਾਨ ਪਿਛਲੇ ਕਾਫੀ ਸਮੇਂ ਤੋਂ ਜਸਪ੍ਰੀਤ ਸਿੰਘ ਦੇ ਪਰਿਵਾਰ ਨੂੰ ਬਲੈਕਮੇਲ ਕਰ ਰਿਹਾ ਸੀ।


ਇਸ ਮਾਮਲੇ ਵਿਚ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਪਿਛਲੇ ਕੁਝ ਸਮੇਂ ਤੋਂ ਜਸਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ ਕੋਲ ਆਉਂਦਾ ਜਾਂਦਾ ਸੀ।  ਪੁਲਿਸ ਨੇ ਉਕਤ ਜੋੜੇ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤੇ ਜ਼ਖਮੀ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।