Fatehgarh Sahib News (ਜਗਮੀਤ ਸਿੰਘ): ਪਿਛਲੇ ਦਿਨੀਂ ਪਿੰਡ ਤਰਖਾਣ ਮਾਜਰਾ ਦੀ ਖਾਲੀ ਪਲਾਟ 'ਚੋਂ ਸਰਹਿੰਦ ਪੁਲਿਸ ਨੂੰ ਗੁਰਚਰਨ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਛੱਤ, ਜ਼ਿਲ੍ਹਾ ਐਸਏਐਸ ਨਗਰ ਦੀ ਲਾਸ਼ ਮਿਲਣ ਦੇ ਮਾਮਲਾ ਸਾਹਮਣੇ ਆਇਆ ਸੀ। ਜਿਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਦਰਖ਼ਾਸਤ ਦੇ ਕੇ ਸਬੰਧਤ ਵਿਅਕਤੀਆਂ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗਈ।


COMMERCIAL BREAK
SCROLL TO CONTINUE READING

ਇਸ ਮੌਕੇ ਮ੍ਰਿਤਕ ਨੌਜਵਾਨ ਦੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਚਰਨ ਸਿੰਘ (26) ਕੁੱਝ ਸਮੇਂ ਤੋਂ ਨਸ਼ਾ ਕਰਨ ਲੱਗ ਪਿਆ ਸੀ, ਜਿਸ ਕਰਕੇ ਉਸ ਨੂੰ ਇਲਾਜ ਲਈ ਨਿਊ ਹਿਸਾਰ ਰੋਡ ਅੰਬਾਲਾ ਸ਼ਹਿਰ ਨਸ਼ਾ ਛਡਾਊ ਸੈਂਟਰ ਵਿੱਚ 16 ਸਤੰਬਰ ਨੂੰ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ 12 ਅਕਤੂਬਰ ਨੂੰ ਫੋਨ ਕਰਨ 'ਤੇ ਸੈਂਟਰ ਦੇ ਮਾਲਕ ਦੀ ਪਤਨੀ ਨੇ ਕਿਹਾ ਕਿ ਸੈਂਟਰ ਵਿਚੋਂ ਰਾਤ ਡੇਢ ਵਜੇ ਦੇ ਕਰੀਬ 6 ਨੌਜਵਾਨ ਜੋ ਕਿ ਇਲਾਜ ਅਧੀਨ ਸਨ, ਭੱਜ ਗਏ ਹਨ।


ਸੈਂਟਰ ਵਿਚ ਬਤੌਰ ਸੁਪਰਵਾਈਜ਼ਰ ਵਜੋਂ ਤਾਇਨਾਤ ਅਮਨਜੋਤ ਨੇ ਕਿਹਾ ਕਿ ਉਹ ਲੁਧਿਆਣੇ ਜਾ ਰਹੇ ਸੀ ਤਾਂ ਰਸਤੇ ਵਿਚ ਗੁਰਚਰਨ ਸਿੰਘ ਨੂੰ ਅਪਣੀ ਗੱਡੀ ਵਿਚੋਂ ਸਰਹਿੰਦ ਬਾਈਪਾਸ ਉਤਾਰ ਦਿੱਤਾ ਸੀ। ਜਦੋਂ ਉਸ ਨੂੰ ਪੱਛਿਆ ਕਿ ਅੰਬਾਲਾ ਤੋਂ ਲੁਧਿਆਣਾ ਜਾਣ ਲਈ ਤਾਂ ਪਿੰਡ ਛੱਤ ਨੇੜੇ ਦੀ ਲੰਘਣਾ ਪੈਂਦਾ ਹੈ ਤਾਂ ਉਨ੍ਹਾਂ ਦੇ ਲੜਕੇ ਗੁਰਚਰਨ ਸਿੰਘ ਨੂੰ ਪਿੰਡ ਦੇ ਨੇੜੇ ਕਿਉਂ ਨਹੀਂ ਉਤਾਰ ਕੇ ਗਏ ਤਾਂ ਉਸਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀ ਦਿੱਤਾ।


ਉਨ੍ਹਾਂ ਦੱਸਿਆ ਕਿ 13 ਅਕਤੂਬਰ ਨੂੰ ਜਦੋਂ ਉਹ ਆਪਣੇ ਬੇਟੇ ਦੀ ਭਾਲ ਵਿੱਚ ਗੁਰਦਆਰਾ ਸ੍ਰੀ ਫਤਹਿਗੜ੍ਹ ਸਾਹਿਬ ਆਇਆ ਹੋਇਆ ਸੀ, ਤਾਂ ਉਨ੍ਹਾਂ ਨੂੰ ਫੋਨ 'ਤੇ ਨਿਰਮੈਲ ਸਿੰਘ ਰਾਹੀਂ ਇਤਲਾਹ ਮਿਲੀ ਕਿ ਗੁਰਚਰਨ ਸਿੰਘ ਦੀ ਮੌਤ ਹੋ ਚੁੱਕੀ ਹੈ। ਉਸਦੀ ਲਾਸ਼ ਜ਼ਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ਵਿਚ ਪਈ ਹੈ।


ਸ਼ਿਕਾਇਤਕਰਤਾ ਨੇ ਪੁਲਿਸ ਕਾਰਵਾਈ 'ਤੇ ਵੀ ਕਈ ਸਵਾਲ ਖੜ੍ਹੇ ਕੀਤੇ ਕਿਉਂਕਿ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗੁਰਚਰਨ ਸਿੰਘ ਦੀ ਮੌਤ ਸਬੰਧੀ ਫਿਲਹਾਲ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੁਣ ਪੋਸਟਮਾਰਟਮ ਦੀ ਰਿਪੋਰਟ ਵੀ ਆ ਚੁੱਕੀ ਹੈ ਅਤੇ ਰਿਪੋਰਟ ਵਿੱਚ ਸੱਟਾਂ ਵੀ ਦਰਜ ਹਨ।


ਜਦੋਂਕਿ ਉਕਤ ਅਧਿਕਾਰੀ ਸਬੰਧਤ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਤੋਂ ਆਨਾਕਾਨੀ ਕਰ ਰਹੇ ਹਨ। ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਕਿ ਮੁਕੱਦਮਾ ਦਰਜ ਕਰਕੇ ਇਨਸਾਫ਼ ਦਿੱਤਾ ਜਾਵੇ।