Yuvraj Singh News: ਸਾਬਕਾ ਕ੍ਰਿਕਟਰ ਯੁਵਰਾਜ ਹੁਣ ਨਵੇਂ ਕਾਨੂੰਨੀ ਦਾਅ ਪੇਚ ’ਚ ਉਲਝ ਗਏ ਹਨ। ਦਰਅਸਲ ਗੋਆ ਦੇ ਸੈਰ-ਸਪਾਟਾ ਵਿਭਾਗ ਨੇ ਯੁਵਰਾਜ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ। 


COMMERCIAL BREAK
SCROLL TO CONTINUE READING


ਮਾਮਲਾ ਇਹ ਹੈ ਕਿ ਯੁਵਰਾਜ ਸਿੰਘ ਨੇ ਗੋਆ ’ਚ ਆਪਣੇ ਇੱਕ ਵਿਲਾ (Villa) ਦੀ ਵਪਾਰਕ ਗਤੀਵਿਧੀਆਂ ਲਈ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਪਰ ਇਸ ਸਬੰਧੀ ਯੁਵਰਾਜ ਨੇ ਸੈਰ-ਸਪਾਟਾ ਵਿਭਾਗ ਤੋਂ ਮਨਜ਼ੂਰੀ ਨਹੀਂ ਲਈ, ਜਿਸ ਕਾਰਨ ਜਦੋਂ ਵਿਭਾਗ ਦੇ ਡਿਪਟੀ ਡਾਇਰੈਕਟਰ ਵਲੋਂ ਉਨ੍ਹਾਂ ਨੂੰ 'ਕਾਸਾ ਸਿੰਘ' ਨਾਮ ਦੇ ਇਕ ਵਿਲਾ ਦੇ ਪਤੇ ’ਤੇ ਨੋਟਿਸ ਭੇਜਿਆ ਗਿਆ ਹੈ। 



ਗੋਆ ਦੇ ਸੈਰ-ਸਪਾਟਾ ਵਿਭਾਗ ਨੇ ਯੁਵਰਾਜ ਸਿੰਘ ਨੂੰ ਉਨ੍ਹਾਂ ਦੀ ਜਾਇਦਾਦ ਦੀ ਵਪਾਰਕ ਕਾਨੂੰਨ ਤਹਿਤ ਰਜਿਸਟ੍ਰੇਸ਼ਨ ਨਾ ਕਰਵਾਉਣ ’ਤੇ ਨੋਟਿਸ ਜਾਰੀ ਕੀਤਾ ਹੈ। ਸੈਰ ਸਪਾਟਾ ਵਿਭਾਗ ਵਲੋਂ ਬਕਾਇਦਾ ਨੋਟਿਸ ’ਚ ਦਰਸਾਇਆ ਗਿਆ ਹੈ ਕਿ ਰਿਹਾਇਸ਼ੀ ਜਾਇਦਾਦ ਨੂੰ ਕਥਿਤ ਤੌਰ ’ਤੇ ਆਨ-ਲਾਈਨ ਪਲੇਟਫ਼ਾਰਮ ’ਤੇ ਵਪਾਰਕ ਮਕਸਦ ਨਾਲ ਦਿਖਾਇਆ ਜਾ ਰਿਹਾ ਹੈ। 
ਵਿਭਾਗ ਵਲੋਂ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਹੋਟਲ/ਗੈਸਟ ਹਾਊਸ ਚਲਾਉਣਾ ਚਾਹੁੰਦਾ ਹੈ ਤਾਂ ਇਸ ਤੋਂ ਪਹਿਲਾਂ ਸਬੰਧਤ ਵਿਭਾਗ (Authority) ਤੋਂ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ। 



ਇੱਥੇ ਦੱਸ ਦੇਈਏ ਕਿ ਵਿਭਾਗ ਦੁਆਰਾ ਯੁਵਰਾਜ ਸਿੰਘ ਦੀ ਜਾਇਦਾਦ ਦੀ ਅਚਨੇਚਤ ਚੈਕਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਗੋਆ ਰਜਿਸਟ੍ਰੇਸ਼ਨ ਆਫ਼ ਟੂਰਿਸਟ ਟਰੇਡ ਐਕਟ, 1982 ਤਹਿਤ ਪੰਜੀਕਰਣ (Registration) ਕਰਵਾਉਣ ਲਈ ਕਿਹਾ ਗਿਆ ਹੈ। 
ਇਸ ਸਬੰਧ ’ਚ ਯੁਵਰਾਜ ਸਿੰਘ ਨੂੰ 8 ਦਸੰਬਰ ਨੂੰ ਸਵੇਰੇ ਵਿਭਾਗ ਦੇ ਡਿਪਟੀ ਡਾਇਰੈਕਟਰ ਸਾਹਮਣੇ ਪੇਸ਼ ਹੋ ਕੇ ਸਪੱਸ਼ਟੀਕਰਣ ਦੇਣ ਲਈ ਕਿਹਾ ਗਿਆ ਹੈ। 



ਜੇਕਰ ਸਾਬਕਾ ਕ੍ਰਿਕਟਰ ਵਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਐਕਟ ਦੀ ਧਾਰਾ 22 ਦੀ ਉਲੰਘਣਾ ਮੰਨੀ ਜਾਵੇਗੀ, ਜਿਸ ਤਹਿਤ ਉਨ੍ਹਾਂ ਨੂੰ 1 ਲੱਖ ਰੁਪਏ ਤੱਕ ਜ਼ੁਰਮਾਨਾ ਵੀ ਕੀਤਾ ਜਾ ਸਕਦਾ ਹੈ।