Paris Olympics 2024: ਭਾਰਤ ਦੇ ਸਵਪਨਿਲ ਕੁਸਲੇ ਨੇ ਸ਼ੂਟਿੰਗ ਵਿੱਚ ਜਿੱਤਿਆ ਕਾਂਸੀ ਦਾ ਮੈਡਲ
Paris Olympics 2024: ਸਵਪਨਿਲ ਕੁਸਲੇ ਨੇ ਪੈਰਿਸ ਓਲੰਪਿਕ ਵਿੱਚ 50 ਮੀਟਰ ਰਾਈਫਲ ਨਿਸ਼ਾਨੇਬਾਜ਼ੀ ਵਿੱਚ ਆਲਮੀ ਪੱਧਰ ਉਤੇ ਭਾਰਤ ਦਾ ਝੰਡਾ ਲਹਿਰਾਇਆ।
Paris Olympics 2024: ਪੈਰਿਸ ਓਲ਼ੰਪਿਕ ਵਿੱਚ ਪੁਰਸ਼ਾਂ ਦੀ 50 ਮੀਟਰ ਰਾਈਫਲ ਸ਼ੂਟਿੰਗ ਮੁਕਾਬਲੇ ਵਿੱਚ ਭਾਰਤ ਦੇ ਸਵਪਨਿਲ ਕੁਸਲੇ ਨੇ ਸ਼ੂਟਿੰਗ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਆਲਮੀ ਪੱਧਰ ਉਤੇ ਭਾਰਤ ਦਾ ਝੰਡਾ ਲਹਿਰਾਇਆ।
ਸਵਪਨਿਲ ਕੁਸਲੇ ਨੇ ਇਹ ਤਮਗਾ 50 ਮੀਟਰ ਰਾਈਫਲ 3 ਪੁਜ਼ੀਸ਼ਨ ਵਿੱਚ ਜਿੱਤਿਆ, ਜਿਸ ਨੂੰ ਨਿਸ਼ਾਨੇਬਾਜ਼ੀ ਦੀ ਮੈਰਾਥਨ ਵੀ ਕਿਹਾ ਜਾਂਦਾ ਹੈ। ਪੈਰਿਸ ਓਲੰਪਿਕ ਵਿੱਚ ਭਾਰਤ ਦਾ ਇਹ ਤੀਜਾ ਮੈਡਲ ਹੈ। ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਤਿੰਨੋਂ ਤਗਮੇ ਜਿੱਤੇ ਹਨ। ਸਵਪਨਿਲ ਕੁਸਲੇ, ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਪੈਰਿਸ ਖੇਡਾਂ ਵਿੱਚ ਮੈਡਲ ਜਿੱਤੇ ਹਨ। ਕੁਸਲੇ 451.4 ਸਕੋਰ ਕਰਕੇ ਤੀਜੇ ਸਥਾਨ 'ਤੇ ਰਹੇ ਅਤੇ ਕਾਂਸੀ ਦਾ ਤਮਗਾ ਹਾਸਲ ਕੀਤਾ।
ਜਦਕਿ ਚੀਨ ਦਾ ਲਿਊ ਯੂਕੁਨ 463.6 ਦੇ ਸਕੋਰ ਨਾਲ ਪਹਿਲੇ ਸਥਾਨ 'ਤੇ ਰਿਹਾ ਅਤੇ ਉਸ ਨੇ ਗੋਲਡ ਉਪਰ ਕਬਜ਼ਾ ਕੀਤਾ। ਇਸ ਦੇ ਨਾਲ ਹੀ ਯੂਕਰੇਨ ਦੇ ਸਿਰਹੀ ਕੁਲਿਸ਼ ਨੇ 461.3 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ। ਓਲੰਪਿਕ ਇਤਿਹਾਸ ਦੀ ਗੱਲ ਕਰੀਏ ਤਾਂ ਸਵਪਨਿਲ ਤਮਗਾ ਜਿੱਤਣ ਵਾਲਾ 7ਵਾਂ ਭਾਰਤੀ ਨਿਸ਼ਾਨੇਬਾਜ਼ ਹੈ।
ਮਨੂ ਭਾਕਰ ਨੇ ਪੈਰਿਸ ਓਲੰਪਿਕ ਵਿੱਚ ਭਾਰਤ ਲਈ ਪਹਿਲਾ ਮੈਡਲ ਜਿੱਤਿਆ ਹੈ। ਉਸ ਨੇ ਐਤਵਾਰ ਨੂੰ 10 ਮੀਟਰ ਏਅਰ ਪਿਸਟਲ 'ਚ ਕਾਂਸੀ ਦਾ ਤਗਮਾ ਜਿੱਤ ਕੇ ਤਗਮਾ ਸੂਚੀ 'ਚ ਭਾਰਤ ਦਾ ਖਾਤਾ ਖੋਲ੍ਹਿਆ ਸੀ। ਇਸ ਤੋਂ ਬਾਅਦ ਮਿਕਸਡ ਟੀਮ ਈਵੈਂਟ ਵਿੱਚ ਵੀ ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਹੁਣ ਸਵਪਨਿਲ ਕੁਸਲੇ ਦਾ ਨਾਂ ਪੈਰਿਸ ਓਲੰਪਿਕ ਦੇ ਤਮਗਾ ਜੇਤੂਆਂ 'ਚ ਵੀ ਜੁੜ ਗਿਆ ਹੈ।
ਰਾਜਵਰਧਨ ਰਾਠੌਰ ਨੇ 2004 ਵਿੱਚ ਓਲੰਪਿਕ ਵਿੱਚ ਭਾਰਤ ਲਈ ਪਹਿਲਾ ਤਮਗਾ ਜਿੱਤਿਆ ਸੀ। ਉਸ ਨੇ ਏਥਨਜ਼ ਓਲੰਪਿਕ ਵਿੱਚ ਇਹ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ ਅਭਿਨਵ ਬਿੰਦਰਾ ਨੇ ਬੀਜਿੰਗ ਓਲੰਪਿਕ 'ਚ ਗੋਲਡ ਨੂੰ ਨਿਸ਼ਾਨਾ ਬਣਾਇਆ। 2012 ਵਿੱਚ ਬੀਜਿੰਗ ਓਲੰਪਿਕ ਵਿੱਚ ਦੋ ਭਾਰਤੀ ਨਿਸ਼ਾਨੇਬਾਜ਼ਾਂ ਨੇ ਤਗਮੇ ਲਿਆਂਦੇ ਸਨ। ਵਿਜੇ ਕੁਮਾਰ ਨੇ ਚਾਂਦੀ ਦਾ ਤਗਮਾ ਅਤੇ ਗਗਨ ਨਾਰੰਗ ਨੇ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਬਾਅਦ ਨਿਸ਼ਾਨੇਬਾਜ਼ਾਂ ਨੂੰ ਓਲੰਪਿਕ ਤਮਗਾ ਜਿੱਤਣ ਲਈ 12 ਸਾਲ ਤੱਕ ਇੰਤਜ਼ਾਰ ਕਰਨਾ ਪਿਆ।
ਇਹ ਵੀ ਪੜ੍ਹੋ : Anshuman Gaekwad: ਸਾਬਕਾ ਭਾਰਤੀ ਖਿਡਾਰੀ ਅੰਸ਼ੁਮਨ ਗਾਇਕਵਾੜ ਦੀ ਕੈਂਸਰ ਨਾਲ ਹੋਈ ਮੌਤ, 71 ਸਾਲ ਦੀ ਉਮਰ 'ਚ ਲਏ ਆਖਰੀ ਸਾਹ