Eng Vs Pak 1st Test Match: ਇੰਗਲੈਂਡ ਨੇ ਮੁਲਤਾਨ 'ਚ ਖੇਡੇ ਗਏ ਪਹਿਲੇ ਟੈਸਟ 'ਚ ਪਾਕਿਸਤਾਨ ਨੂੰ ਪਾਰੀ ਅਤੇ 47 ਦੌੜਾਂ ਨਾਲ ਹਰਾ ਦਿੱਤਾ ਹੈ। ਮੇਜ਼ਬਾਨ ਟੀਮ ਦੀ ਦੂਜੀ ਪਾਰੀ 220 ਦੌੜਾਂ 'ਤੇ ਸਿਮਟ ਗਈ। ਪਾਕਿਸਤਾਨ ਨੇ ਪਹਿਲੀ ਪਾਰੀ ਵਿੱਚ 556 ਦੌੜਾਂ ਬਣਾਈਆਂ ਸਨ। ਜਵਾਬ 'ਚ ਇੰਗਲੈਂਡ ਨੇ ਸੱਤ ਵਿਕਟਾਂ 'ਤੇ 823 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਸ਼ਾਨ ਮਸੂਦ ਦੀ ਕਪਤਾਨੀ ਵਾਲੀ ਪਾਕਿਸਤਾਨੀ ਟੀਮ ਦੂਜੀ ਪਾਰੀ ਵਿੱਚ ਇੰਗਲੈਂਡ ਦੇ ਅੱਗੇ ਢਹਿ ਢੇਰੀ ਹੋ ਗਈ ਅਤੇ ਪੌਣੇ ਚਾਰ ਦਿਨਾਂ ਵਿੱਚ ਹੀ ਹਾਰ ਗਈ। ਸਲਮਾਨ ਆਗਾ (63) ਅਤੇ ਆਮਿਰ ਜਮਾਲ (55) ਨੇ ਅਰਧ-ਸੈਂਕੜੇ ਬਣਾਏ ਪਰ ਹੋਰ ਕੋਈ ਬੱਲੇਬਾਜ਼ ਟਿਕ ਨਹੀਂ ਸਕਿਆ। ਇੰਗਲੈਂਡ ਲਈ ਜੈਕ ਲੀਚ ਦੂਜੀ ਪਾਰੀ ਵਿੱਚ ਚਾਰ ਵਿਕਟਾਂ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਗੁਸ ਐਟਕਿੰਸਨ ਅਤੇ ਬ੍ਰੇਡਨ ਕਾਰਸ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।


COMMERCIAL BREAK
SCROLL TO CONTINUE READING

ਇਹ ਪਾਕਿਸਤਾਨ ਦੀ ਟੈਸਟ ਵਿੱਚ ਲਗਾਤਾਰ ਛੇਵੀਂ ਹਾਰ ਸੀ। ਇਸ ਨੂੰ ਪਿਛਲੇ ਮਹੀਨੇ ਹੀ ਬੰਗਲਾਦੇਸ਼ ਖਿਲਾਫ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪਹਿਲਾਂ 2023 ਦੇ ਅਖੀਰ 'ਚ ਆਸਟ੍ਰੇਲੀਆ ਦੌਰੇ 'ਤੇ ਇਸ ਨੂੰ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼ਾਨ ਮਸੂਦ ਦੀ ਕਪਤਾਨੀ 'ਚ ਪਾਕਿਸਤਾਨ ਨੇ 6 ਟੈਸਟ ਖੇਡੇ ਹਨ ਅਤੇ ਸਾਰੇ ਹੀ ਹਾਰੇ ਹਨ। ਪਾਕਿਸਤਾਨ 500 ਤੋਂ ਵੱਧ ਦੌੜਾਂ ਬਣਾਉਣ ਦੇ ਬਾਵਜੂਦ ਪਾਰੀ ਨਾਲ ਹਾਰ ਦਾ ਸਾਹਮਣਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਪਾਕਿਸਤਾਨ ਦਾ ਘਰੇਲੂ ਮੈਦਾਨ 'ਤੇ ਬਿਨਾਂ ਜਿੱਤ ਦੇ ਇਹ ਲਗਾਤਾਰ 11ਵਾਂ ਟੈਸਟ ਹੈ।


ਪਾਕਿਸਤਾਨ ਨੇ ਮੈਚ ਦੇ ਆਖਰੀ ਦਿਨ ਛੇ ਵਿਕਟਾਂ 'ਤੇ 152 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਸਲਮਾਨ ਤੇ ਆਮਿਰ ਨੇ ਪਾਰੀ ਨੂੰ ਅੱਗੇ ਤੋਰਿਆ। ਸਲਮਾਨ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖੀ ਅਤੇ ਦੂਜੀ ਪਾਰੀ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ ਪਹਿਲੀ ਪਾਰੀ ਵਿੱਚ ਸੈਂਕੜਾ ਜੜਿਆ ਸੀ। ਲੀਚ ਨੇ ਉਸ ਨੂੰ ਐੱਲ.ਬੀ.ਡਬਲਿਊ. ਕਰ ਵਾਪਸ ਪਵੇਲਿਅਨ ਭੇਜ ਦਿੱਤਾ। ਇਸ ਤੋਂ ਬਾਅਦ ਆਮਿਰ ਨੇ ਵੀ ਆਪਣੀ ਫਿਫਟੀ ਪੂਰੀ ਕਰ ਲਈ। ਪਰ ਦੂਜੇ ਸਿਰੇ ਤੋਂ ਲੀਚ ਨੇ ਸ਼ਾਹੀਨ ਅਫਰੀਦੀ (10) ਅਤੇ ਨਸੀਮ ਸ਼ਾਹ (6) ਦੀਆਂ ਵਿਕਟਾਂ ਲੈ ਕੇ ਪਾਕਿਸਤਾਨੀ ਪਾਰੀ ਨੂੰ ਸਮੇਟ ਦਿੱਤਾ। ਅਬਰਾਰ ਅਹਿਮਦ ਬੱਲੇਬਾਜ਼ੀ ਲਈ ਮੈਦਾਨ 'ਤੇ ਨਹੀਂ ਆਇਆ। ਉਹ ਹਸਪਤਾਲ ਵਿੱਚ ਦਾਖਲ ਹੈ।


ਇਸ ਤੋਂ ਪਹਿਲਾਂ ਪਾਕਿਸਤਾਨ ਨੇ ਚੌਥੇ ਦਿਨ ਦੇ ਆਖਰੀ ਸੈਸ਼ਨ ਵਿੱਚ ਛੇ ਵਿਕਟਾਂ ਗੁਆ ਦਿੱਤੀਆਂ ਸਨ, ਜਿਸ ਕਾਰਨ ਇੰਗਲੈਂਡ ਜੇਤੂ ਸਥਿਤੀ ਵਿੱਚ ਆ ਗਿਆ ਸੀ। ਪਾਕਿਸਤਾਨ ਦਾ ਬੱਲੇਬਾਜ਼ੀ ਕ੍ਰਮ ਕਾਰਸੇ ਅਤੇ ਐਟਕਿੰਸਨ ਦੀ ਜ਼ਬਰਦਸਤ ਗੇਂਦਬਾਜ਼ੀ ਅੱਗੇ ਝੁਕ ਗਿਆ। ਅਬਦੁੱਲਾ ਸ਼ਫੀਕ (0) ਪਾਰੀ ਦੀ ਪਹਿਲੀ ਹੀ ਗੇਂਦ 'ਤੇ ਬੋਲਡ ਹੋ ਗਏ। ਸਾਈਮ ਅਯੂਬ (25) ਅਤੇ ਮਸੂਦ (11) ਵੀ ਜ਼ਿਆਦਾ ਦੇਰ ਟਿਕ ਨਹੀਂ ਸਕੇ। ਬਾਬਰ ਆਜ਼ਮ ਦਾ ਖਰਾਬ ਪ੍ਰਦਰਸ਼ਨ ਜਾਰੀ ਰਿਹਾ। ਉਹ ਪੰਜ ਦੌੜਾਂ ਬਣਾ ਕੇ ਵਿਕਟ ਦੇ ਪਿੱਛੇ ਕੈਚ ਹੋ ਗਿਆ। ਮੁਹੰਮਦ ਰਿਜ਼ਵਾਨ (10) ਅਤੇ ਸੌਦ ਸ਼ਕੀਲ (29) ਨੇ ਵੀ ਪਾਕਿਸਾਤਨੀ ਟੀਮ ਅਤੇ ਫੈਨਜ ਨੂੰ ਨਿਰਾਸ਼ ਕੀਤਾ।


ਇਸ ਤੋਂ ਪਹਿਲਾਂ ਇੰਗਲੈਂਡ ਨੇ ਹੈਰੀ ਬਰੂਕ (317) ਦੇ ਤੀਹਰੇ ਸੈਂਕੜੇ ਅਤੇ ਜੋ ਰੂਟ (262) ਦੇ ਦੋਹਰੇ ਸੈਂਕੜੇ ਦੇ ਆਧਾਰ 'ਤੇ 823 ਦੌੜਾਂ ਬਣਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਤਰ੍ਹਾਂ ਦੀ ਬੱਲੇਬਾਜ਼ੀ ਕਾਰਨ ਕਈ ਰਿਕਾਰਡ ਬਣੇ ਅਤੇ ਪਾਕਿਸਤਾਨੀ ਟੀਮ ਬੈਕ ਫੁੱਟ 'ਤੇ ਚਲੀ ਗਈ। ਹਾਲਾਂਕਿ ਪਾਕਿਸਤਾਨ ਕੋਲ ਮੈਚ ਬਚਾਉਣ ਦਾ ਮੌਕਾ ਸੀ ਪਰ ਬੱਲੇਬਾਜ਼ੀ 'ਚ ਉਨ੍ਹਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੇ ਫਿਰ ਤੋਂ ਨਈਆ ਨੂੰ ਡੁਬੋ ਦਿੱਤਾ।